Close

PUNJAB GOVERNMENT LAUNCHES FREE TREATMENT SCHEME OF Rs. 5 LAKH FOR FARMERS AND FAMILY MEMBERS

Publish Date : 15/07/2020
DC

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੰਜਾਬ ਸਰਕਾਰ ਵਲੋਂ ਜੇ ਫਾਰਮ ਅਤੇ ਗੰਨਾ ਤੋਲ ਪਰਚੀ ਧਾਰਕ ਕਿਸਾਨਾਂ ਅਤੇ ਪਰਿਵਾਰਕ ਮੈਂਬਰਾਂ ਲਈ 5 ਲੱਖ ਦੀ ਮੁਫ਼ਤ ਇਲਾਜ ਸਕੀਮ ਦੀ ਸ਼ੁਰੂਆਤ-ਡਿਪਟੀ ਕਮਿਸ਼ਨਰ
ਸਕੀਮ ਦਾ ਲਾਭ ਲੈਣ ਲਈ 24 ਜੁਲਾਈ, 2020 ਤੱਕ ਦਿੱਤੇ ਜਾ ਸਕਦੇ ਬਿਨੈ-ਪੱਤਰ
ਵਧੇਰੇ ਜਾਣਕਾਰੀ ਲਈ ਟੋਲ ਫਰੀ ਨੰਬਰ 104 ਜਾਂ ਵੈਬਸਾਈਟ www.mandiboard.nic.in ‘ਤੇ ਕੀਤਾ ਜਾ ਸਕਦਾ ਸੰਪਰਕ
ਯੋਗ ਕਿਸਾਨਾਂ ਨੂੰ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਕੀਤੀ ਅਪੀਲ
ਤਰਨ ਤਾਰਨ, 14 ਜੁਲਾਈ  :
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਕਿਸਾਨਾਂ ਦੀ ਭਲਾਈ ਵੱਲ ਇਕ ਹੋਰ ਕਦਮ ਪੁੱਟਦਿਆਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ‘ਜੇ ਫਾਰਮ ਅਤੇ ਗੰਨਾ ਤੋਲ ਪਰਚੀ ਧਾਰਕ ਕਿਸਾਨਾਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਲਈ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦੇਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।  
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਸਕੀਮ ਅਧੀਨ ਜੋ ਕਿਸਾਨ 1 ਜਨਵਰੀ 2020 ਤੋਂ ਬਾਅਦ ਵੇਚੀ ਫਸਲ ਤੋਂ ਪ੍ਰਾਪਤ ‘ਜੇ ਫਾਰਮ‘ ਧਾਰਕ ਜਾਂ 1 ਨਵੰਬਰ 2019 ਤੋਂ 31 ਮਾਰਚ 2020 ਤੱਕ ਖੰਡ ਮਿੱਲਾਂ ਨੂੰ ਵੇਚੇ ਕਮਾਦ ਦੀ ਗੰਨਾ ਤੋਲ ਪਰਚੀ ਧਾਰਕ ਹਨ ਉਹ ਲਾਭ ਉਠਾ ਸਕਦੇ ਹਨ।  
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨ ਵਲੋਂ ਸਵੈ ਘੋਸ਼ਣਾ ਪੱਤਰ ਸਬੰਧਿਤ ਮਾਰਕਿਟ ਕਮੇਟੀ ਦਫ਼ਤਰ/ਆੜ੍ਹਤੀਆ ਫਰਮ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਜਾਂ ਪੰਜਾਬ ਮੰਡੀ ਬੋਰਡ ਦੀ ਵੈਬਸਾਈਟ www.mandiboard.nic.in ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਕਿਸਾਨਾਂ ਸਵੈ ਘੋਸ਼ਣਾ ਅਤੇ ਲੋੜੀਂਦੇ ਦਸਤਾਵੇਜ ਸਬੰਧਿਤ ਮਾਰਕਿਟ ਕਮੇਟੀ ਦਫ਼ਤਰ/ਆੜਤੀਆ ਫਰਮ ਵਿਖੇ ਜਮਾ ਕਰਵਾ ਸਕਦੇ ਹਨ।  
ਉਨਾਂ ਦੱਸਿਆ ਕਿ ਇਸ ਸਕੀਮ ਅਧੀਨ ਇਕ ਪਰਿਵਾਰ ਵਿੱਚ ਘਰ ਦਾ ਮੁੱਖੀ, ਪਤੀ/ਪਤਨੀ,ਮਾਤਾ/ਪਿਤਾ, ਅਣਵਿਆਹੇ ਬੱਚੇ, ਤਲਾਕਸ਼ਦਾ ਧੀ ਅਤੇ ਉਸ ਦੇ ਨਾਬਾਲਿਗ ਬੱਚੇ, ਵਿਧਵਾ ਨੂੰਹ ਅਤੇ ਉਸ ਦੇ ਨਾਬਾਲਿਗ ਬੱਚੇ ਲਾਭ ਪ੍ਰਾਪਤ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਸ ਸਕੀਮ ਅਧੀਨ ਦਰਖਾਸਤ ਦੇਣ ਦੀ ਆਖਰੀ ਮਿਤੀ 24 ਜੁਲਾਈ 2020 ਨਿਸ਼ਚਿਤ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਸ ਸਕੀਮ ਸਬੰਧੀ ਵਧੇਰੇ ਜਾਣਕਾਰੀ ਟੋਲ ਫਰੀ ਨੰਬਰ 104 ਤੋਂ ਲਈ ਜਾ ਸਕਦੀ ਹੈ ਜਾਂ ਪੰਜਾਬ ਮੰਡੀ ਬੋਰਡ ਦੀ ਵੈਬਸਾਈਟ www.mandiboard.nic.in ਤੋਂ ਦੇਖੀ ਜਾ ਸਕਦੀ ਹੈ।    
——————