Close

Punjab State Commission for Scheduled Castes Member Mr. Raj Kumar Hans listened to the grievances of Scheduled Caste community at District Administrative Complex Tarn Taran

Publish Date : 10/11/2021
PSSCC

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰੀ ਰਾਜ ਕੁਮਾਰ ਹੰਸ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਅਨੁਸੂਚਿਤ ਜਾਤੀ ਭਾਈਚਾਰੇ ਦੀਆਂ ਸ਼ਿਕਾਇਤਾਂ ਨੂੰ ਸੁਣਿਆ
ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੰੁ ਦਿੱਤੇ ਆਦੇਸ਼
ਪਿੰਡ ਪਲਾਸੌਰ ਤਹਿਸੀਲ ਅਤੇ ਜਿ਼ਲ੍ਹਾ ਤਰਨਤਾਰਨ ਵਿਖੇ ਹੋਈ ਸਿ਼ਕਾਇਤ ਦੇ ਸਬੰਧ ਵਿੱਚ ਵੀ ਕੀਤਾ ਦੌਰਾ
ਤਰਨ ਤਾਰਨ, 09 ਨਵੰਬਰ :
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰੀ ਰਾਜ ਕੁਮਾਰ ਹੰਸ ਵਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਆਪਣੇ ਵਿਸ਼ੇ ਦੌਰੇ ਦੌਰਾਨ ਅਨੁਸੂਚਿਤ ਜਾਤੀ ਭਾਈਚਾਰੇ ਦੀਆਂ ਸ਼ਿਕਾਇਤਾਂ ਨੂੰ ਸੁਣਿਆ ਗਿਆ ਅਤੇ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੰੁ ਆਦੇਸ਼ ਦਿੱਤੇ ।ਇਸ ਮੌਕੇ ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ, ਤਰਨ ਤਾਰਨ ਸ੍ਰੀ ਬਿਕਰਮ ਸਿੰਘ ਪੁਰੇਵਾਲ ਤੋਂ ਇਲਾਵਾ ਸਿਵਲ ਤੇ ਪੁਲਿਸ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੌਕੇ ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਅਨੁਸੂਚਿਤ ਜਾਤੀਆਂ ਵਿਰੁੱਧ ਕਿਸੇ ਕਿਸਮ ਦੀ ਬੇਇਨਸਾਫੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ  ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਇਆ ਜਾਵੇ।
ਇਸ ਤੋਂ ਪਹਿਲਾ ਸ੍ਰੀ ਰਾਜ ਕੁਮਾਰ ਹੰਸ ਵੱਲੋਂ ਪਿੰਡ ਪਲਾਸੌਰ ਤਹਿਸੀਲ ਅਤੇ ਜਿ਼ਲ੍ਹਾ ਤਰਨਤਾਰਨ ਵਿਖੇ ਹੋਈ ਸਿ਼ਕਾਇਤ ਦੇ ਸਬੰਧ ਵਿੱਚ ਦੌਰਾ ਕੀਤਾ ਗਿਆ। ਪਿੰਡ ਵਿੱਚ ਪਹੰੁਚਣ ‘ਤੇ ਉਹਨਾਂ ਨੂੰ ਦੱਸਿਆ ਕਿ ਪੁਰਾਣੀ ਰੰਜਿਸ਼ ਨੂੰ ਲੈਂਦੇ ਹੋਏ ਪਿੰਡ ਪਲਾਸੌਰ ਵਿਖੇ ਇੱਕ ਦਲਿਤ ਪਰਿਵਾਰ ਦੇ ਘਰ ਉਹਨਾਂ ਦੇ ਹੀ ਪਿੰਡ ਦੇ ਕਰੀਬ ਦੋ ਦਰਜਨ ਤੋਂ ਵੱਧ ਵਿਅਕਤੀਆਂ ਵੱਲੋਂ ਪਿਸਤੌਲ ਨਾਲ ਸ਼ਰੇਆਮ ਗੋਲੀਆਂ ਚਲਾਉਂਦੇ ਹੋਏ ਹਮਲਾ ਕੀਤਾ ਗਿਆ ਸੀ। ਜਿਸ ਕਰਕੇ ਪਰਿਵਾਰ ਵੱਲੋਂ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਦੇ ਚੇਅਰਮੈਨ ਜੀ ਪਾਸ ਇੰਨਸਾਫ ਲਈ ਗੁਹਾਰ ਲਗਾਈ।
ਪੀੜਤ ਦਿਲਬਾਗ ਸਿੰਘ ਪੁੱਤਰ ਗੁਰਦੀਪ ਸਿੰਘ ਪਿੰਡ ਪਲਾਸੌਰ ਵੱਲੋਂ ਮੈਂਬਰ ਸਾਹਿਬ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਇੱਕ ਸੈ਼ਲਰ ਵਿੱਚ ਬਤੌਰ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ ਅਤੇ ਆਪਦੇ ਦੋ ਬੇਟੇ ਅਤੇ ਪਤਨੀ ਨਾਲ ਪਿੰਡ ਵਿੱਚ ਹੀ ਪਿੰਡ ਵਿੱਚ ਹੀ ਪਿਛਲੇ ਕਈ ਸਾਲਾਂ ਤੋਂ ਰਹਿ ਰਿਹਾ ਹੈ। ਦਿਲਬਾਗ ਸਿੰਘ ਨੇ ਦੱਸਿਆ ਕਿ ਬੀਤੀ 3 ਨਵੰਬਰ ਦੀ ਦੁਪਹਿਰ ਨੂੰ ਜਦੋਂ ਉਹ ਆਪਣੇ ਪਰਿਵਾਰ ਸਮੇਤ ਘਰ ਚ ਮੌਜੂਦ ਸੀ ਤਾਂ ਪਿੰਡ ਦੇ ਹੀ ਕਰੀਬ ਦੋ ਦਰਜ ਤੋਂ ਵੱਧ ਵਿਅਕਤੀਆਂ ਵੱਲੋਂ ਉਹਨਾਂ ਦੇ ਘਰ ਉੱਪਰ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ ਗਿਆ। ਹਮਲਾਵਰਾਂ ਕੋਲ ਤਲਵਾਰਾਂ ਅਤੇ ਪਿਸਤੌਲਾਂ ਮੌਜੂਦ ਸਨ, ਜਿਨ੍ਹਾਂ ਨੇ ਕਈ ਰੌਂਦ ਫਾਇਰ ਵੀ ਕੀਤੇ।ਦਿਲਬਾਗ ਸਿੰਘ ਨੇ ਦੱਸਿਆ ਕਿ ਉੁਹਨਾਂ ਇਹਨਾਂ ਹਮਲਾਵਰਾਂ ਤੋਂ ਆਪਣੀ ਬੜੀ ਮੁਸ਼ਕਿਲ ਨਾਲ ਜਾਨ ਬਚਾਈ।
ਇਸ ਵਾਰਦਾਤ ਸਬੰਧੀ ਸਾਰੀ ਜਾਣਕਾਰੀ ਅਤੇ ਲਿਖਤੀ ਦਰਖਾਸਤ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਜਿਸ ਬਾਬਤ ਮੌਕਾ ਵੇਖਣ ਦੇ ਬਾਵਜੂਦ ਅਤੇ ਚਲਾਈਆਂ ਗੋਲੀਆਂ ਦੇ ਖੋਲ੍ਹ ਕਬਜੇ ਵਿੱਚ ਲੈਣ ਤੋਂ ਬਾਅਦ ਵੀ ਪੁਲਿਸ ਉਹਨਾਂ ਦੀ ਕੋਈ ਮਦਦ ਨਹੀਂ ਕਰ ਰਹੀ ਹੈ।  ਉਹਨਾਂ ਕਥਿਤ ਤੌਰ ਤੇ ਦੋਸ਼ ਵੀ ਲਗਾਇਆ ਕਿ ਪੁਲਿਸ ਚੌਂਕੀ ਟਾਉਨ ਦੇ ਇੰਚਾਰਜ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ।
ਦਿਲਬਾਗ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਨਾਲ ਛੇੜਛਾੜ ਕਰਨ ਬਾਬਤ 2018 ਦੌਰਾਨ ਦਰਖਾਸਤ ਦਿੱਤੀ ਗਈ ਸੀ, ਪਰ ਅੱਜ ਤੱਕ ਸਿਆਸੀ ਦਬਾਅ ਹੋਣ ਦੇ ਕਾਰਨ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਉਕਤ ਕੁਝ ਮੁਲਜ਼ਮਾਂ ਰੰਜਿਸ਼ ਤਹਿਤ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੰਦੇ ਹੋਏ ਹਮਲਾ ਕਰ ਰਹੇ ਹਨ। ਉਹਨਾਂ ਕਿਹਾ ਕਿ ਮੁਲਜ਼ਮ ਉਹਨਾਂ ਨੂੰ ਸ਼ਰੇਆਮ ਧਮਕਾਉਂਦੇ ਅਤੇ ਜਾਤੀ ਸੂਚਕ ਗਾਲ੍ਹਾਂ ਕੱਢਦੇ ਹਨ।
ਇਸ ਤੇ ਮਾਨਯੋਗ ਮੈਂਬਰ ਸਾਹਿਬ ਵੱਲੋਂ ਪੁਲਿਸ ਵਿਭਾਗ ਨੂੰ 24 ਨਵੰਬਰ, 2021 ਨੂੰ ਰਿਪੋਰਟ ਭੇਜਣ ਲਈ ਹੁਕਮ ਕੀਤੇ ਗਏ। ਮੈਂਬਰ ਸਾਹਿਬ ਵੱਲੋਂ ਪੀੜਤ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ ।ਇਸ ਮੌਕੇ ਡੀ. ਐੱਸ. ਪੀ ਤਰਨਤਾਰਨ, ਤਹਿਸੀਲਦਾਰ ਤਰਨਤਾਰਨ ਅਤੇ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਤਰਨਤਾਰਨ ਆਦਿ ਹਾਜਰ ਸਨ।