The benefits of various schemes provided to the 1300 eligible beneficiaries during the camp-Deputy Commissioner Tarn Taran

Publish Date : 20/06/2019
dc
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਲੋਕ ਭਲਾਈ ਸਕੀਮਾਂ ਨੂੰ ਹਰ ਇੱਕ ਲੋੜਵੰਦ ਵਿਅਕਤੀ ਤੱਕ ਪਹੁੰਚਾਉਣ ਲਈ ਸ਼ੁਰੂ ਕੀਤੀ ਗਈ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ-ਡਾ. ਅਗਨੀਹੋਤਰੀ
ਲਾਭਪਾਤਰੀਆਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਮਿਲਣਾ ਯਕੀਨੀ ਬਣਾਇਆ ਜਾ ਰਿਹਾ-ਸ੍ਰ. ਹਰਮਿੰਦਰ ਸਿੰਘ ਗਿੱਲ
ਕੈਂਪ ਦੌਰਾਨ ਲੱਗਭੱਗ 1300 ਯੋਗ ਲਾਭਪਾਤਰੀਆਂ ਨੂੰ ਮੌਕੇ ‘ਤੇ ਹੀ ਮੁਹੱਈਆ ਕਰਵਾਏ ਗਏ ਵੱਖ-ਵੱਖ ਸਕੀਮਾਂ ਦੇ ਬਣਦੇ ਲਾਭ-ਡਿਪਟੀ ਕਮਿਸ਼ਨਰ
ਤਰਨ ਤਾਰਨ 20 ਜੂਨ : 
ਪੰਜਾਬ ਸਰਕਾਰ ਵੱਲੋਂ ਰਾਜ ਵਿਚ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਲਗਾਤਾਰ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਸਰਕਾਰੀ ਸਹੂਲਤਾਂ ਤੋਂ ਮਿਲਣ ਵਾਲੇ ਲਾਭ ਤੋਂ ਵਾਂਝਾ ਨਾ ਰਹੇ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ, ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਅਤੇ ਹਲਕਾ ਵਿਧਾਇਕ ਪੱਟੀ ਸ੍ਰ. ਹਰਮਿੰਦਰ ਸਿੰਘ ਗਿੱਲ ਨੇ ਇਨਡੋਰ ਸਟੇਡੀਅਮ ਤਰਨ ਤਾਰਨ ਵਿਖੇ ਲਗਾਏ ਜ਼ਿਲ੍ਹਾ ਪੱਧਰੀ ਕੈਂਪ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਉਹਨਾਂ ਹਾਜ਼ਰ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ।ਅੱਜ ਦੇ ਕੈਂਪ ਦੌਰਾਨ ਲੱਗਭੱਗ 1300 ਯੋਗ ਲਾਭਪਾਤਰੀਆਂ ਨੂੰ ਮੌਕੇ ‘ਤੇ ਹੀ ਵੱਖ-ਵੱਖ ਸਕੀਮਾਂ ਦੇ ਬਣਦੇ ਲਾਭ ਵੀ ਮੁਹੱਈਆ ਕਰਵਾਏ ਗਏ।
ਇਸ ਕੈਂਪ ਦੌਰਾਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਰੋਕੂ ਮੁਹਿੰਮ ਤਹਿਤ ਸਿਹਤ ਵਿਭਾਗ ਵੱਲੋਂ ਵਿਸ਼ੇਸ ਤੌਰ ‘ਤੇ ਨਸ਼ੇ ਦੀ ਮਾੜੀ ਆਦਤ ਦਾ ਸ਼ਿਕਾਰ ਹੋ ਚੁੱਕੇ ਮਰੀਜਾਂ ਦਾ “ਓਟ” ਕਲੀਨਿਕਾਂ ਰਾਹੀਂ ਇਲਾਜ ਕਰਨ ਲਈ ਰਜਿਸਟਰੇਸ਼ਨ ਕੀਤੀ ਗਈ, ਜਿਸ ਵਿੱਚ  69 ਨਵੇਂ ਮਰੀਜਾਂ ਨੂੰ ਮੌਕੇ ‘ਤੇ ਹੀ ਰਜਿਸਟਰਡ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਧਰਮਬੀਰ ਅਗਨੀਹੋਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਹਰ ਇੱਕ ਲੋੜਵੰਦ ਵਿਅਕਤੀ ਤੱਕ ਪਹੁੰਚਾਉਣ ਲਈ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਸ਼ੁਰੂ ਕੀਤੀ ਗਈ ਹੈ।ਇਸ  ਯੋਜਨਾ ਦਾ ਮੁੱਖ ਉਦੇਸ਼ ਸਮੁੱਚੇ ਵਿਕਾਸ ਦੇ ਦ੍ਰਿਸ਼ਟੀ ਕੋਣ ਨੂੰ ਬਦਲਣਾ ਹੈ ਤਾਂ ਜੋ ਸਮਾਜਿਕ ਤੇ ਆਰਥਿਕ ਵਿਕਾਸ ਦੀਆਂ ਸਕੀਮਾਂ ਦੇ ਲਾਭ ਉਹਨਾਂ ਸਾਰਿਆਂ ਤੱਕ ਪੁੱਜ ਸਕਣ, ਜਿਹੜੇ ਲੋਕਾਂ ਇਹਨਾਂ ਲਾਭਾਂ ਤੋਂ ਵਾਂਝੇ ਰਹਿ ਗਏ ਹਨ ।
ਇਸ ਮੌਕੇ ਬੋਲਦਿਆਂ ਹਲਕਾ ਵਿਧਾਇਕ ਪੱਟੀ ਸ੍ਰ. ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਦੇ ਸਰਬਪੱਖੀ ਵਿਕਾਸ ਲਈ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਸ਼ੁਰੂ ਕੀਤੀ ਹੈ। ਇਹ ਯੋਜਨਾ ਉਨਾਂ ਲੋਕਾਂ ਨੂੰ ਬਣਦਾ ਲਾਭ ਦਿਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਹੈ, ਜੋ ਯੋਗਤਾ ਹੋਣ ਦੇ ਬਾਵਜੂਦ ਕਿਸੇ ਨਾ ਕਿਸੇ ਕਾਰਨ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਹਨ।ਉਹਨਾਂ ਕਿਹਾ ਕਿ ਰਾਜ ਭਰ ਵਿੱਚ ਇਸ ਯੋਜਨਾ ਤਹਿਤ ਕੈਂਪ ਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਲਾਭਪਾਤਰੀਆਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਮਿਲਣਾ ਯਕੀਨੀ ਬਣਾਇਆ ਜਾ ਰਿਹਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਹੁਣ ਤੱਕ ਲਗਾਏ ਗਏ ਕੈਂਪਾਂ ਦੌਰਾਨ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਲਈ 165639 ਅਰਜ਼ੀਆਂ ਪ੍ਰਾਪਤ ਹੋਈਆ ਹਨ, ਜਿੰਨ੍ਹਾਂ ਵਿੱਚੋਂ 69479 ਅਰਜ਼ੀਆਂ ਯੋਗ ਪਾਈਆਂ ਗਈਆ ਅਤੇ ਇਹਨਾਂ ਕੈਂਪਾਂ ਦੌਰਾਨ ਹੁਣ ਤੱਕ ਜ਼ਿਲ੍ਹੇ ਦੇ 59015 ਯੋਗ ਲਾਭਪਾਤਰੀਆਂ ਨੂੰ ਬਣਦੇ ਲਾਭ ਮੁਹੱਈਆ ਕਰਵਾਏ ਜਾ ਚੁੱਕੇ ਹਨ।
  ਉਹਨਾਂ ਕਿਹਾ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦਾ ਟੀਚਾ ਅਜਿਹੇ ਲੋਕਾਂ ਦੀ ਪਹਿਚਾਣ ਕਰਨਾ ਅਤੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਲੋਕ ਭਲਾਈ ਦੀਆਂ ਵੱਖ-ਵੱਖ ਸਰਕਾਰੀ ਸਕੀਮਾਂ ਅਤੇ ਪ੍ਰੋਗਰਾਮਾਂ ਅਧੀਨ ਬਣਦੇ ਲਾਭ ਇਹਨਾਂ ਲੋਕਾਂ ਨੂੰ ਮਿਲ ਸਕਣ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਮਹੀਨੇ ਦੀ 20 ਤਰੀਕ ਨੂੰ ਇਨਡੋਰ ਸਟੇਡੀਅਮ ਤਰਨ ਤਾਰਨ ਵਿਖੇ ਜ਼ਿਲ੍ਹਾ ਪੱਧਰੀ ਕੈਂਪ ਦਾ ਆਯੋਜਨ ਕੀਤਾ ਜਾਵੇਗਾ।
————–