Under National Pulse Polio Campaign 145091 children of the district will be given two drops of polio – Deputy Commissioner
Publish Date : 29/01/2021

ਨੈਸ਼ਨਲ ਪਲਸ ਪੋਲੀਓ ਮੁਹਿੰਮ ਤਹਿਤ ਜ਼ਿਲ੍ਹੇ ਦੇ 145091 ਬੱਚਿਆਂ ਨੂੰ ਪਲਾਈਆਂ ਜਾਣਗੀਆਂ ਪੋਲੀਓ ਦੀਆਂ ਦੋ ਬੂੰਦਾਂ-ਡਿਪਟੀ ਕਮਿਸ਼ਨਰ
31 ਜਨਵਰੀ, 01 ਅਤੇ 02 ਫਰਵਰੀ 2021 ਨੂੰ ਚਲਾਇਆ ਜਾਵੇਗਾ ਪਲਸ ਪੋਲੀਓ ਰਾਊਂਡ
ਤਰਨ ਤਾਰਨ, 28 ਜਨਵਰੀ :
ਨੈਸ਼ਨਲ ਪਲਸ ਪੋਲੀਓ ਮੁਹਿੰਮ ਤਹਿਤ 31 ਜਨਵਰੀ, 01 ਅਤੇ 02 ਫਰਵਰੀ 2021 ਨੂੰ ਜ਼ਿਲ੍ਹੇ ਵਿੱਚ 0 ਤੋਂ 5 ਸਾਲ ਦੇ 145091 ਬੱਚਿਆਂ ਨੂੰ ਪੋਲੀਓ ਦੀਆਂ ਦੋ ਬੂੰਦਾਂ ਪਿਲਾਈਆਂ ਜਾਣਗੀਆਂ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦੌਰਾਨ ਦਿੱਤੀ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਅਤੇ ਵੱਖ-ਵੱਖ ਬਲਾਕਾਂ ਦੇ ਸੀਨੀਅਰ ਮੈਂਡੀਕਲ ਅਫ਼ਸਰ, ਪੁਲਿਸ ਵਿਭਾਗ, ਸਿੱਖਿਆ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਰਾਊਂਡ਼ ਵਿੱਚ ਨਵਜੰਮੇ ਬੱਚੇ ਤੋਂ ਲੈ ਕੇ ਪੰਜ ਸਾਲ ਤੱਕ ਕੋਈ ਵੀ ਬੱਚਾ ਜੀਵਨ ਰੂਪੀ ਪੋਲੀਓ ਦੀਆਂ ਦੋ ਬੂੰਦਾਂ ਲੈਣ ਤੋਂ ਵਾਝਾ ਨਹੀਂ ਰਹਿਣਾ ਚਾਹੀਦਾ ।
ਇਸ ਮੌਕੇ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਕਿਹਾ ਕਿ ਬੇਸ਼ੱਕ ਭਾਰਤ ਪੋਲੀਓ ਮੁਕਤ ਦੇਸ਼ਾਂ ਦੀ ਗਿਣਤੀ ਵਿੱਚ ਆ ਚੁੱਕਾ ਹੈ, ਪਰ ਫਿਰ ਵੀ ਇਸ ਮੁਕਾਮ ਨੂੰ ਬਰਕਰਾਰ ਰੱਖਣ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਇਹ ਰਾਊਂਡ ਚਲਾਏ ਜਾ ਰਹੇ ਹਨ । ਉਨ੍ਹਾਂ ਨੇ ਕਿਹਾ ਪੋਲੀਓ ਵਰਗੀ ਲਾ-ਇਲਾਜ਼ ਬਿਮਾਰੀ ਨਾਲ ਨਜਿੱਠਣ ਲਈ ਇਕੱਲੇ ਸਿਹਤ ਵਿਭਾਗ ਨੂੰ ਹੀ ਕਮਰਬੰਦ ਹੋਣ ਦੇ ਨਾਲ ਬਾਕੀ ਵਿਭਾਗਾਂ ਦੇ ਸਹਿਯੋਗ ਦੀ ਉਨੀਂ ਹੀ ਲੋੜ੍ਹ ਹੈ ।
ਉਨ੍ਹਾਂ ਨੇ ਦੱਸਿਆ ਕਿ ਇਸ ਆਉਣ ਵਾਲੇ ਰਾਊਂਡ ਵਾਸਤੇ ਸਿਹਤ ਵਿਭਾਗ ਵੱਲੋਂ ਮੁਕੰਮਲ ਤੌਰ ‘ਤੇ ਤਿਆਰੀ ਕਰ ਲਈ ਗਈ ਹੈ । ਇਹ ਰਾਊਂਡ ਜੋ ਕਿ 31 ਜਨਵਰੀ, 01 ਅਤੇ 02 ਫਰਵਰੀ 2021 ਨੂੰ ਚਲਾਇਆ ਜਾ ਰਿਹਾ ਹੈ, ਇਸ ਲਈ ਜ਼ਿਲ੍ਹੇ ਵਿੱਚ ਕੁੱਲ 636 ਫਿਕਸ ਬੂਥ ਲਗਾਏ ਜਾਣਗੇ, 131 ਟਰਾਂਜਿਟ ਅਤੇ 48 ਮੋਬਾਇਲ ਟੀਮਾਂ ਹੋਣਗੀਆਂ।ਇਸ ਮੁਹਿੰਮ ਲਈ 2689 ਵੈਕਸੀਨੇਟਰ ਅਤੇ 148 ਸੁਪਰਵਾਈਜ਼ਰ ਲਗਾਏ ਗਏ ਹਨ। ਉਹਨਾਂ ਦੱਸਿਆ ਕਿ 01 ਅਤੇ 02 ਫਰਵਰੀ, 2021 ਨੂੰ 1205 ਟੀਮਾਂ ਵੱਲੋਂ ਜ਼ਿਲ੍ਹੇ ਦੇ 204520 ਘਰਾਂ ਵਿੱਚ ਜਾ ਕੇ ਵੀ ਪੋਲੀਓ ਦੀ ਦਵਾਈ ਪਲਾਈ ਜਾਵੇਗੀ।