Welcome to the “Swachh Bharat Healthy Punjab” by the district administration after arriving in Tarn Taran

Publish Date : 10/12/2018
meeting

“ਸਵੱਛ ਭਾਰਤ ਤੰਦਰੁਸਤ ਪੰਜਾਬ” ਯਾਤਰਾ ਦਾ ਤਰਨ ਤਾਰਨ ਵਿਖੇ ਪਹੁੰਚਣ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਰਵਾਂ ਸਵਾਗਤ
ਦੇਸ਼ ਵਾਸੀਆਂ ਨੂੰ ਖਾਣ-ਪੀਣ ਦੀਆਂ ਆਦਤਾਂ ਵਿਚ ਸੁਧਾਰ ਲਿਆਉਣ ਤੇ ਸ਼ੁੱਧ ਖਾਣ-ਪੀਣ ਪ੍ਰਤੀ ਜਾਗਰੂਕ ਕਰ ਰਹੀ ਹੈ ਯਾਤਰਾ
ਤਰਨ ਤਾਰਨ, 8 ਦਸੰਬਰ :
ਫੂਡ ਸੇਫ਼ਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਵਲੋਂ ਦੇਸ਼ ਵਾਸੀਆਂ ਨੂੰ ਸ਼ੁੱਧ ਖਾਣ-ਪੀਣ ਪ੍ਰਤੀ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਗਈ “ਸਵੱਛ ਭਾਰਤ ਤੰਦਰੁਸਤ ਪੰਜਾਬ” ਯਾਤਰਾ ਅੱਜ ਤਰਨ ਤਾਰਨ ਵਿਖੇ ਪਹੁੰਚੀ। ਇਸ ਯਾਤਰਾ ਦਾ ਯੂਥ ਹੋਸਟਲ ਤਰਨ ਤਾਰਨ ਵਿਖੇ ਪਹੁੰਚਣ ’ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੰਦੀਪ ਰਿਸ਼ੀ, ਸਿਵਲ ਸਰਜਨ ਡਾ. ਸਮਸ਼ੇਰ ਸਿੰਘ, ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਸੁਰਿੰਦਰ ਸਿੰਘ ਅਤੇ ਸਹਾਇਕ ਕਮਿਸ਼ਨਰ ਫੂਡ ਸੁਰੱਖਿਆ ਸ੍ਰੀ ਗੁਰਪ੍ਰੀਤ ਸਿੰਘ ਪੰਨੂੰ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਇੱਥੇ ਇਹ ਜਿਕਰਯੋਗ ਹੈ ਕਿ ਇਹ ਯਾਤਰਾ 16 ਅਕਤੂਬਰ 2018 ਨੂੰ ਜੰਮੂ-ਕਸ਼ਮੀਰ ਦੇ ਲੇਹ-ਲਦਾਖ ਤੋਂ ਸ਼ੁਰੂ ਹੋਈ ਸੀ ਜੋ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼ ਰਾਹੀਂ ਹੁੰਦੀ ਹੋਈ 27 ਜਨਵਰੀ 2019 ਨੂੰ ਨਵੀਂ ਦਿੱਲੀ ਦੇ ਇੰਡੀਆ ਗੇਟ ਵਿਖੇ ਸਮਾਪਤ ਹੋਵੇਗੀ। ਇਸ ਯਾਤਰਾ ਦਾ ਨਾਅਰਾ ‘ਈਟ ਰਾਈਟ ਇੰਡੀਆ ਮੂਵਮੈਂਟ’ ਹੈ ਅਤੇ ਇਹ ਦੇਸ਼ ਵਾਸੀਆਂ ਨੂੰ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਵਿਚ ਸੁਧਾਰ ਲਿਆਉਣ ਅਤੇ ਸ਼ੁੱਧ ਖਾਣ-ਪੀਣ ਪ੍ਰਤੀ ਜਾਗਰੂਕ ਕਰ ਰਹੀ ਹੈ।
“ਸਵੱਛ ਭਾਰਤ ਤੰਦਰੁਸਤ ਪੰਜਾਬ” ਯਾਤਰਾ ਦੇ ਤਰਨ ਤਾਰਨ ਵਿਖੇ ਪਹੁੰਚਣ ’ਤੇ ਨਿੱਘਾ ਸਵਾਗਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੰਦੀਪ ਰਿਸ਼ੀ ਨੇ ਕਿਹਾ ਕਿ ਇਸ ਯਾਤਰਾ ਦਾ ਮਕਸਦ ਵੀ ਮਿਸ਼ਨ ਤੰਦਰੁਸਤ ਪੰਜਾਬ ਵਾਂਗ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਜਿਥੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਦੇ ਨਾਲ ਖਾਣ ਵਾਲੀਆਂ ਵਸਤਾਂ ਵਿੱਚ ਮਿਲਾਵਟਖੋਰੀ ਨੂੰ ਖਤਮ ਕਰਨ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਉਨਾਂ ਕਿਹਾ ਕਿ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਸਰਕਾਰ ਦੇ ਯਤਨ ਸ਼ਲਾਘਾਯੋਗ ਹਨ ਅਤੇ ਨਿਸ਼ਚਤ ਤੌਰ ’ਤੇ ਅਜਿਹੇ ਉਪਰਾਲਿਆਂ ਨਾਲ ਲੋਕਾਂ ਵਿੱਚ ਆਪਣੀ ਸਿਹਤ ਪ੍ਰਤੀ ਚੇਤਨਤਾ ਵਧੇਗੀ।
ਉਹਨਾਂ ਦੱਸਿਆ ਕਿ 9 ਦਸੰਬਰ ਨੂੰ ਇਸ ਯਾਤਰਾ ਵੱਲੋਂ ਸ਼ਹਿਰ ਵਾਸੀਆਂ ਨੂੰ ਸ਼ੁੱਧ ਆਹਾਰ ਤੇ ਚੰਗੀ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਸਾਈਕਲ ਰੈਲੀ ਵੀ ਕੱਢੀ ਜਾਵੇਗੀ, ਜੋ ਕਿ ਸਵੇਰੇ 9 ਵਜੇ ਯੂਥ ਹੋਸਟਲ ਤਰਨ ਤਾਰਨ ਤੋਂ ਸ਼ੁਰੂ ਹੋਵੇਗੀ ਅਤੇ ਸ਼ਹਿਰ ਵਿੱਚ ਦੀ ਹੁੰਦੀ ਹੋਈ ਸਵੇਰੇ 10: 30 ਵਜੇ ਨਗਰ ਕੌਸ਼ਲ ਦੇ ਦਫ਼ਤਰ ਵਿਖੇ ਸਮਾਪਤ ਹੋਵੇਗੀ, ਜਿੱਥੇ ਵਿਸ਼ੇਸ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਇਸ ਯਾਤਰਾ 10 ਦਸੰਬਰ ਨੂੰ ਆਪਣੇ ਅਗਲੇ ਪੜਾਅ ਲਈ ਯੂਥ ਹੋਸਟਲ ਤਰਨ ਤਾਰਨ ਤੋਂ ਫਿਰੋਜ਼ਪੁਰ ਲਈ ਰਵਾਨਾ ਹੋਵੇਗੀ।
ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਸਮਸ਼ੇਰ ਸਿੰਘ ਨੇ ਦੱਸਿਆ ਕਿ ਇਸ ਯਾਤਰਾ ਦੇ ਨਾਲ ਸਿਹਤ ਵਿਭਾਗ ਦੀਆਂ ਵਿਸ਼ੇਸ਼ ਟੈਸਟਿੰਗ ਲੈਬ ਦੀਆਂ ਵੈਨਾਂ ਚੱਲ ਰਹੀਆਂ ਹਨ, ਜੋ ਖਾਣ-ਪੀਣ ਦੀਆਂ ਵਸਤਾਂ ਦੀ ਮੁਫ਼ਤ ਵਿੱਚ ਜਾਂਚ ਕਰ ਰਹੀਆਂ ਹਨ।ਉਹਨਾਂ ਖਾਣ-ਪੀਣ ਦੀਆਂ ਵਸਤੂਆਂ ਤਿਆਰ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਫ਼-ਸਫ਼ਾਈ ਦਾ ਧਿਆਨ ਰੱਖਣ ਅਤੇ ਤੇਲ, ਮਿੱਠਾ ਅਤੇ ਨਮਕ ਆਦਿ ਦਾ ਪ੍ਰਯੋਗ ਘੱਟ ਕਰਨ, ਜਿਸ ਨਾਲ ਜ਼ਿਆਦਾ ਬਿਮਾਰੀਆਂ ਲਗਦੀਆਂ ਹਨ।ਉਨਾਂ ਕਿਹਾ ਕਿ ਜੀਵਨ ਜਾਂਚ ਬਦਲਣ ਅਤੇ ਜੰਕ ਫੂਡ ਦੇ ਵੱਧ ਸੇਵਨ ਨਾਲ ਬਿਮਾਰੀਆਂ ਵੱਧ ਗਈਆਂ ਹਨ, ਜਿਨਾਂ ਨੂੰ ਰੋਕਣ ਲਈ ਲੋਕਾਂ ਦਾ ਜਾਗਰੂਕ ਹੋਣਾ ਜ਼ਰੂਰੀ ਹੈ।
ਇਸ ਮੌਕੇ ਯਾਤਰਾ ਦੀ ਅਗਵਾਈ ਕਰ ਰਹੇ ਫੂਡ ਸੇਫ਼ਟੀ ਸਟੈਂਡਰਡ ਅਥਾਰਟੀ ਆਫ਼ ਇੰਡੀਆ ਦੇ ਸਹਾਇਕ ਡਾਇਰੈਕਟਰ ਸ਼੍ਰੀਮਤੀ ਪੁਸ਼ਪਿੰਦਰ ਕੌਰ ਨੇ ਕਿਹਾ ਕਿ ਪੂਰੇ ਭਾਰਤ ਵਿੱਚ 16 ਅਕਤੂਬਰ ਨੂੰ ਅਜਿਹੀਆਂ ਛੇ ਯਾਤਰਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ 27 ਜਨਵਰੀ 2019 ਨੂੰ ਨਵੀਂ ਦਿੱਲੀ ਵਿਖੇ ਆ ਕੇ ਸਮਾਪਤ ਹੋਣਗੀਆਂ। ਉਨਾਂ ਕਿਹਾ ਕਿ ਯਾਤਰਾ ਦੌਰਾਨ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਚੰਗਾ ਖਾਣ ਪੀਣ ਅਤੇ ਤੰਦਰੁਸਤ ਰਹਿਣ ਲਈ ਰੋਜ਼ਾਨਾ ਕਸਰਤ ਆਦਿ ਜ਼ਰੂਰ ਕਰਨ।
ਇਸ ਮੌਕੇ ਸਕੂਲੀ ਵਿਦਿਅਰਾਥੀਆਂ ਵਲੋਂ ਭੰਗੜੇ ਨਾਲ ਯਾਤਰਾ ਦਾ ਸਵਾਗਤ ਕੀਤਾ ਅਤੇ ਪੰਜਾਬੀ ਸੱਭਿਆਚਾਰ ਦੀ ਝਲਕ ਦਿਖਾਉਂਦਾ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ।
———–