Holiday declared in all educational institutions of Tarn Taran district from 08 to 11 May – Deputy Commissioner

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਵਿੱਦਿਅਕ ਅਦਾਰਿਆਂ ਵਿੱਚ 08 ਤੋਂ 11 ਮਈ ਤੱਕ ਛੁੱਟੀ ਘੋਸ਼ਿਤ-ਡਿਪਟੀ ਕਮਿਸ਼ਨਰ
ਜ਼ਿਲ੍ਹੇ ਵਿੱਚ ਜ਼ਰੂਰੀ ਵਸਤਾਂ, ਤੇਲ, ਰਾਸ਼ਨ, ਰਸੋਈ ਗੈਸ ਅਤੇ ਰਾਸ਼ਨ ਆਦਿ ਦੀ ਨਹੀਂ ਕੋਈ ਘਾਟ
ਸੋਸ਼ਲ ਮੀਡੀਆ ਜ਼ਰੀਏ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਦਿੱਤੀਆਂ ਜਾ ਰਹੀਆਂ ਗੈਰ ਜ਼ਰੂਰੀ ਸਲਾਹਾਂ ਉੱਤੇ ਅਮਲ ਨਾ ਕਰਨ ਲਈ ਕੀਤਾ ਸੁਚੇਤ
ਤਾਰਨ ਤਾਰਨ, 07 ਮਈ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ-ਪਾਕਿ ਤਣਾਅ ਦੌਰਾਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਮੂਹ ਸਰਕਾਰੀ, ਏਡਿਡ, ਪ੍ਰਾਈਵੇਟ ਸਕੂਲਾਂ ਅਤੇ ਹੋਰ ਵਿੱਦਿਅਕ ਅਦਾਰਿਆਂ ਵਿੱਚ 8 ਤੋਂ 11 ਮਈ ਤੱਕ ਦੀ ਛੁੱਟੀ ਘੋਸ਼ਿਤ ਕੀਤੀ। ਉਹਨਾਂ ਕਿਹਾ ਕਿ ਸੋਮਵਾਰ ਨੂੰ ਸਕੂਲ ਖੁੱਲਣ ਬਾਰੇ ਸਥਿਤੀ ਨੂੰ ਮੁੜ ਵਿਚਾਰਨ ਮਗਰੋਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਉਨਾਂ ਕਿਹਾ ਕਿ ਜ਼ਿਲੇ ਵਿੱਚ ਜ਼ਰੂਰੀ ਵਸਤਾਂ, ਜਿੰਨ੍ਹਾ ਵਿੱਚ ਤੇਲ, ਰਸੋਈ ਗੈਸ, ਦਵਾਈਆਂ ਅਤੇ ਰਾਸ਼ਨ ਆਦਿ ਦੀ ਕੋਈ ਘਾਟ ਨਹੀਂ ਹੈ। ਉਹਨਾਂ ਜ਼ਿਲ੍ਹਾ ਵਾਸੀਆਂ ਨੰੁ ਅਪੀਲ ਕੀਤੀ ਕਿ ਲੋਕ ਬਿਨਾਂ ਸੋਚੇ ਸਮਝੇ ਇਹ ਵਸਤਾਂ ਭੰਡਾਰ ਕਰਕੇ ਕਾਲਾਬਜ਼ਾਰੀ ਨੂੰ ਉਤਸ਼ਾਹਿਤ ਨਾ ਕਰਨ।
ਡਿਪਟੀ ਕਮਿਸ਼ਨਰ ਨੇ ਜ਼ਰੂਰੀ ਵਸਤਾਂ ਦਾ ਭੰਡਾਰ ਕਰਕੇ ਕਾਲਾਬਜ਼ਾਰੀ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੋ ਵੀ ਵਿਅਕਤੀ ਅਜਿਹਾ ਕਰਦਾ ਪਾਇਆ ਗਿਆ, ਉਸ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਸੋਸ਼ਲ ਮੀਡੀਆ ਜ਼ਰੀਏ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਦਿੱਤੀਆਂ ਜਾ ਰਹੀਆਂ ਗੈਰ ਜ਼ਰੂਰੀ ਸਲਾਹਾਂ ਉੱਤੇ ਅਮਲ ਨਾ ਕਰਨ। ਉਹਨਾਂ ਕਿਹਾ ਕਿ ਹਰੇਕ ਸੂਚਨਾ, ਖ਼ਬਰ ਜਾਂ ਸਲਾਹ ਦੀ ਪੁਸ਼ਟੀ ਕਰਕੇ ਹੀ ਉਸ ਉੱਤੇ ਅਮਲ ਕੀਤਾ ਜਾਵੇ ਅਤੇ ਉਸ ਨੂੰ ਤਾਂ ਹੀ ਅੱਗੇ ਸ਼ੇਅਰ ਕੀਤਾ ਜਾਵੇ। ਉਹਨਾਂ ਕਿਹਾ ਕਿ ਬਿਨਾਂ ਸੋਚੇ ਅਜਿਹੀਆਂ ਖਬਰਾਂ ਜਾਂ ਸਲਾਹਾਂ ਨੂੰ ਸ਼ੇਅਰ ਕਰਕੇ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਨਾ ਪੈਦਾ ਕੀਤਾ ਜਾਵੇ।