Close

An important meeting was held by the District Education Officer Elementary with all the school heads of the primary wing

Publish Date : 03/09/2024

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪ੍ਰਾਇਮਰੀ ਵਿੰਗ ਦੇ ਸਮੂਹ ਸਕੂਲ ਮੁਖੀਆਂ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਕੀਤੀ ਅਹਿਮ ਮੀਟਿੰਗ
ਸਿੱਖਿਆ ਢਾਂਚੇ ਨੂੰ ਹਰ ਪੱਖੋਂ ਚੁਸਤ ਦਰੁਸਤ ਰੱਖਣ ਲਈ ਹਰ ਇੱਕ ਰਹੇ ਪੱਬਾਂ ਭਾਰ-ਸ੍ਰੀ ਰਾਜੇਸ਼ ਕੁਮਾਰ ਸ਼ਰਮਾ
ਤਰਨਤਾਰਨ, 02 ਸਤੰਬਰ :
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਦਾ ਮੁਲਾਂਕਣ ਕਰਨ ਹਿੱਤ ਜ਼ਿਲ੍ਹਾ ਤਰਨਤਾਰਨ ਦੇ ਸਮੂਹ ਪ੍ਰਾਇਮਰੀ ਸਕੂਲਾਂ ਦੇ ਮੁਖੀਆਂ ਤੇ ਇੰਚਾਰਜਾਂ ਦੀ ਮੀਟਿੰਗ ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ (ਸਟੇਟ ਐਵਾਰਡੀ) ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤੇ ਸੈਕੰਡਰੀ ਸਿੱਖਿਆ ਤਰਨਤਾਰਨ ਵੱਲੋਂ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ ਦੇ ਮੀਟਿੰਗ ਹਾਲ ਵਿਖੇ ਰੱਖੀ ਗਈ।
ਇਹ ਮੀਟਿੰਗ ਦੋ ਪੜਾਵਾਂ ਵਿੱਚ ਰੱਖੀ ਗਈ ਜਿਸ ਦੇ ਪਹਿਲੇ ਪੜਾਅ ਵਿੱਚ ਬਲਾਕ ਗੰਡੀਵਿੰਡ, ਭਿੱਖੀਵਿੰਡ, ਨੂਰਦੀ, ਖਡੂਰ ਸਾਹਿਬ ਅਤੇ ਤਰਨ ਤਾਰਨ ਪਰਾਪਰ ਬਲਾਕ ਦੇ ਕੁਝ ਸੈਂਟਰਾਂ ਨੇ ਸ਼ਿਰਕਤ ਕੀਤੀ ਅਤੇ ਦੂਜੇ ਪੜਾਅ ਵਿੱਚ 11.30 ਵਜੇ ਤੋਂ ਬਾਕੀ ਰਹਿੰਦੇ ਚਾਰ ਸਿੱਖਿਆ ਬਲਾਕਾਂ ਪੱਟੀ, ਨੌਸ਼ਹਿਰਾ ਪਨੂੰਆਂ, ਵਲਟੋਹਾ ਅਤੇ ਚੋਹਲਾ ਸਾਹਿਬ ਦੇ ਮੁਖੀਆਂ ਨੇ ਹਾਜ਼ਰੀ ਦਿੱਤੀ।
ਇਸ ਮੀਟਿੰਗ ਤੋਂ ਪਹਿਲਾਂ ਸੈਕੰਡਰੀ ਵਿਭਾਗ ਦੇ ਪ੍ਰਿੰਸੀਪਲ, ਮੁੱਖ ਅਧਿਆਪਕਾਂ, ਬੀ. ਐੱਨ. ੳਜ਼ ਨਾਲ ਮੀਟਿੰਗ ਕਰਨ ਉਪਰੰਤ ਇਹ ਜ਼ਿਲੇ ਪੱਧਰੀ ਦੂਜੀ ਅਹਿਮ ਮੀਟਿੰਗ ਸੀ। ਗੌਰਤਲਬ ਹੈ ਕਿ ਜ਼ਿਲ੍ਹਾ ਤਰਨਤਾਰਨ ਦੇ ਐਲੀਮੈਂਟਰੀ ਅਤੇ ਸੈਕੰਡਰੀ ਵਿਭਾਗ ਦੀਆਂ ਡੀਈਓ ਲੈਵਲ ਦੀਆਂ ਪੋਸਟਾਂ ਲੰਮੇ ਸਮੇਂ ਦੌਰਾਨ ਖਾਲੀ ਚੱਲ ਰਹੀਆਂ ਸਨ ਜਿਸ ਕਾਰਨ ਪਿਛਲੇ ਕੁਝ ਸਮੇਂ ਤੋਂ ਸਕੂਲ ਮੁਖੀਆਂ ਨਾਲ ਮੀਟਿੰਗਾਂ ਨਹੀਂ ਹੋ ਸਕੀਆਂ ਸਨ ਅਤੇ ਵਿਭਾਗ ਵੱਲੋਂ ਦਿੱਤੇ ਵੱਖ ਵੱਖ ਏਜੰਡਿਆਂ ਨੂੰ ਲਾਗੂ ਕਰਨ ਵਿੱਚ ਕਾਫ਼ੀ ਦਿੱਕਤਾਂ ਆ ਰਹੀਆਂ ਸਨ।
ਇਸ ਮੌਕੇ ਸ੍ਰੀ ਸੁਰਿੰਦਰ ਕੁਮਾਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਨੇ ਸਕੂਲ ਮੁਖੀਆਂ ਦਾ ਪਹੁੰਚਣ ‘ਤੇ ਜੀ ਆਇਆਂ ਨੂੰ ਕਿਹਾ।ਮੀਟਿੰਗ ਦੌਰਾਨ ਡੀਈਓ ਐਲੀਮੈਂਟਰੀ ਤੇ ਸੈਕੰਡਰੀ ਤਰਨਤਾਰਨ ਵੱਲੋਂ ਵੱਖ ਵੱਖ ਬਲਾਕਾਂ ਦੇ ਹਰੇਕ ਸਕੂਲ ਮੁਖੀ ਨਾਲ ਸੀਈਪੀ ਪਰੈਕਟਿਸ ਵਰਕਸੀ਼ਟਾ,ਮਿਡ ਡੇ ਮੀਲ, ਸਾਫ਼ ਸੁਥਰਾ ਸਕੂਲ ਕੈਂਪਸ, ਸਾਫ਼ ਪੀਣਯੋਗ ਪਾਣੀ, ਸਕੂਲੀ ਵਿਦਿਆਰਥੀਆਂ ਲਈ ਬਿਹਤਰੀਨ ਯੂਨੀਫ਼ਾਰਮ,ਸਕੂਲ ਗ੍ਰਾਂਟਾਂ ਦੀ ਸੁਚੱਜੀ ਵਰਤੋਂ, ਯੂ ਡਾਈਸ, ਐਨਰੋਲਮੈਂਟ ਜਿਹੇ 25 ਅਹਿਮ ਨੁਕਤਿਆਂ ਦੇ ਨਾਲ ਨਾਲ ਸਕੂਲਾਂ ਵਿੱਚ ਚੱਲ ਹੋਰ ਪ੍ਰੋਜੈਕਟਾਂ/ਵਿਕਾਸ ਕਾਰਜਾਂ ਦੇ ਡਾਟਾ ਦੇ ਆਧਾਰ ‘ਤੇ ਵਿਸਥਾਰਿਤ ਚਰਚਾ ਕੀਤੀ।
ਉਹਨਾਂ ਨੇ ਸਕੂਲ ਮੁਖੀਆਂ ਨੂੰ ਕਿਹਾ ਕਿ ਉਕਤ ਨੁਕਤਿਆਂ ਨੂੰ ਪੂਰਾ ਕਰਨ ਨੂੰ ਲੈ ਕੇ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਦਫ਼ਤਰ ਦੇ ਧਿਆਨ ਵਿੱਚ ਲਿਆਉਣ। ਉਹਨਾਂ ਕਿਹਾ ਕਿ ਇਸ ਏਜੰਡੇ ਨੂੰ ਹਰ ਸਕੂਲ ਵਿੱਚ ਪੂਰੀ ਗੰਭੀਰਤਾ ਨਾਲ ਲਾਗੂ ਕੀਤਾ ਜਾਵੇ ਅਤੇ ਕਿਸੇ ਵੀ ਕਿਸਮ ਦੀ ਢਿੱਲ ਮੱਠ ਜਾਂ ਅਣਗਹਿਲੀ ਵਰਤਣ ਤੋਂ ਗ਼ੁਰੇਜ਼ ਕੀਤਾ ਜਾਵੇ।
ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤੇ ਸੈਕੰਡਰੀ ਸਿੱਖਿਆ ਤਰਨਤਾਰਨ ਨੇ ਇਸ ਮੌਕੇ ਸਕੂਲ ਮੁਖੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੀ ਵਧੀਆ ਦਿੱਖ ਦੇ ਨਾਲ ਨਾਲ ਹਰੇਕ ਬੱਚੇ ਤੱਕ ਮਿਆਰੀ ਸਿੱਖਿਆ ਦੇਣ ਲਈ ਹਰ ਬੱਚੇ ਤੇ ਫੋਕਸ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਛੱਤਾਂ ਦੀ ਸਫ਼ਾਈ ਅਤੇ ਸਕੂਲ ਦੇ ਆਲੇ-ਦੁਆਲੇ ਘਾਹ ਤੇ ਗਾਜਰ ਬੂਟੀ ਦੀ ਰੋਕਥਾਮ ਯਕੀਨੀ ਬਣਾਈ ਜਾਵੇ। ਉਹਨਾਂ ਦੱਸਿਆ ਕਿ ਹਰ ਸਕੂਲ ਵਿੱਚ ਡਿਸਪਲੇਅ ਬੋਰਡ ਜ਼ਰੂਰ ਲਗਵਾਇਆ ਜਾਵੇ ਅਤੇ ਉਸ ਉੱਪਰ ਮੌਜੂਦਾ ਅਤੇ ਪਿਛਲੇ ਸੈਸ਼ਨ ਦੌਰਾਨ ਹੋਈਆਂ ਗਤੀਵਿਧੀਆਂ ਨੂੰ ਨਸ਼ਰ ਕੀਤਾ ਜਾਵੇ।
ਸਵੱਛਤਾ ਅਭਿਆਨ ਤਹਿਤ ਮਿਤੀ 01 ਸਤੰਬਰ ਤੋਂ 15 ਸਤੰਬਰ ਤੱਕ ਚਲਾਏ ਜਾ ਰਹੇ ਸਵੱਛਤਾ ਪੰਦਰਵਾੜੇ ਬਾਰੇ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਹਰ ਸਕੂਲ ਸਵੱਛਤਾ ਪੰਦਰਵਾੜੇ ਸਬੰਧੀ ਜਾਰੀ ਪ੍ਰੋਗਰਾਮਾਂ ਨੂੰ ਦਿੱਤੀਆਂ ਮਿਤੀਆਂ ਅਨੁਸਾਰ ਇੰਨ ਬਿੰਨ ਲਾਗੂ ਕਰਨਾ ਯਕੀਨੀ ਬਣਾਉਣ ਅਤੇ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਸਫ਼ਾਈ ਦੇ ਮਹੱਤਵ ਨੂੰ ਸਮਝਾਉਣ। ਉਹਨਾਂ ਕਿਹਾ ਕਿ ਪੰਦਰਵਾੜੇ ਸਬੰਧੀ ਗਤੀਵਿਧੀਆਂ ਨੂੰ ਦਫ਼ਤਰ ਦੇ ਪੱਤਰ ਰਾਹੀਂ ਦੱਸੇ ਗਏ ਗੁਗਲ ਫਾਰਮ ਤੇ ਰੋਜ਼ਾਨਾ ਸ਼ੇਅਰ ਕੀਤਾ ਜਾਵੇ ਅਤੇ ਜੇਕਰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਨੋਡਲ ਅਫ਼ਸਰ ਗੁਰਮੀਤ ਸਿੰਘ ਨਾਲ ਰਾਬਤਾ ਕੀਤਾ ਜਾਵੇ।
ਡੀਈਓ ਐਲੀਮੈਂਟਰੀ ਤਰਨਤਾਰਨ ਨੇ ਦੱਸਿਆ ਕਿ ਸਕੂਲਾਂ ਵਿੱਚ ਹੋ ਰਹੇ ਵਧੀਆ ਉਪਰਾਲਿਆਂ ਨੂੰ ਆਪਣੇ ਪਿੰਡ ਦੇ ਲੋਕਾਂ ਤੱਕ ਲਿਜਾਇਆ ਜਾਵੇ ਤਾਂ ਜੋ ਉਹ ਜ਼ਿਲ੍ਹਾ ਤਰਨਤਾਰਨ ਦੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਤੋਂ ਵਾਕਿਫ਼ ਹੋਣ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ।ਇਸ ਮੌਕੇ ਮੀਟਿੰਗ ਵਿੱਚ ਉਹਨਾਂ ਦੇ ਨਾਲ ਡਾਈਟ ਕੈਰੋਂ ਤੋਂ ਪ੍ਰਿੰਸੀਪਲ ਮੰਗਤ ਸਿੰਘ ਅਤੇ ਸਮੂਹ ਬਲਾਕਾਂ ਦੇ ਬੀਪੀਈਓ ਸਾਹਿਬਾਨ ਨੇ ਵੀ ਸਟੇਜ ਤੇ ਹਾਜਰ ਭਰੀ।
ਸਮੂਹ ਸਕੂਲ ਮੁਖੀਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਅਧੀਨ ਅਧਿਆਪਕਾਂ ਨਾਲ ਨਿਰੰਤਰ ਤਾਲਮੇਲ ਰੱਖਦਿਆਂ ਮੀਟਿੰਗ ਦੌਰਾਨ ਵਿਚਾਰੇ ਗਏ ਸਾਰੇ ਮੁੱਦਿਆਂ ਤੇ ਖਰਾ ਉਤਰਨ ਲਈ ਅਤੇ ਜ਼ਿਲ੍ਹਾ ਤਰਨਤਾਰਨ ਨੂੰ ਸਿੱਖਿਆ ਦੇ ਖੇਤਰ ਵਿੱਚ ਅੱਗੇ ਲਿਜਾਣ ਲਈ ਭਰਪੂਰ ਯਤਨ ਕਰਨਗੇ।
—————-
ਫੋਟੋ -1 ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ/ਸੈਕੰਡਰੀ ਰਾਜੇਸ਼ ਕੁਮਾਰ ਸ਼ਰਮਾ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ।
2- ਮੀਟਿੰਗ ਦੌਰਾਨ ਸਕੂਲ ਮੁਖੀਆਂ ਦੀ ਇੱਕਤਰਤਾ।