Close

15 Covid Care Isolation Centers built in district with capacity of 1257 beds – Deputy Commissioner

Publish Date : 12/04/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹੇ ਵਿੱਚ 1257 ਬੈੱਡਾਂ ਦੀ ਸਮਰੱਥਾ ਵਾਲੇ ਬਣਾਏ ਗਏ 15 ਕੋਵਿਡ ਕੇਅਰ ਆਈਸੋਲੇਸ਼ਨ ਸੈਂਟਰ – ਡਿਪਟੀ ਕਮਿਸ਼ਨਰ
ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੀਟਿੰਗ
ਤਰਨ ਤਾਰਨ, 11 ਅਪ੍ਰੈਲ :
ਜ਼ਿਲ੍ਹੇ ਵਿੱਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸਮੂਹ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ।
ਇਸ ਮੌਕੇ ਐੱਸ. ਐੱਸ. ਪੀ. ਤਰਨ ਤਾਰਨ ਸ੍ਰੀ ਧਰੁਵ ਦਾਹੀਆ, ਵਿਲ ਸਰਜਨ ਡਾ. ਅਨੂਪ ਕੁਮਾਰ, ਵਧਕਿ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀਮਤੀ ਪਰਮਜੀਤ ਕੌਰ, ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ, ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਰਾਜੇਸ਼ ਸ਼ਰਮਾ, ਐੱਸ. ਡੀ. ਐੱਮ. ਪੱਟੀ ਸ੍ਰੀ ਨਰਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਰਵਿੰਦਰਪਾਲ ਸਿੰਘ ਅਤੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ਼੍ਰੀਮਤੀ ਜਸਜੀਤ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ 1257 ਬੈੱਡਾਂ ਦੀ ਸਮਰੱਥਾ ਵਾਲੇ 15 ਕੋਵਿਡ ਕੇਅਰ ਆਈਸੋਲੇਸ਼ਨ ਸੈਂਟਰ ਬਣਾਏ ਗਏ ਹਨ।ਉਹਨਾਂ ਦੱਸਿਆ ਕਿ ਇਹਨਾਂ ਸੈਂਟਰਾਂ ਵਿੱਚ ਲੈੱਵਲ-1 ਦੇ ਮਰੀਜ਼, ਭਾਵ ਜਿੰਨ੍ਹਾਂ ਵਿੱਚ ਕੋਵਿਡ-19 ਦੇ ਮਾਮੂਲੀ ਲੱਛਣ ਪਾਏ ਜਾਂਦੇ ਹਨ, ਉਹ ਮਰੀਜ਼ ਰੱਖੇ ਜਾਣਗੇ। ਇਹਨਾਂ ਸੈਂਟਰਾਂ ਵਿੱਚ ਮਰੀਜ਼ਾਂ ਨੂੰ ਇਕਾਂਤਵਾਸ ‘ਚ ਰੱਖਿਆ ਜਾਵੇਗਾ। ਸਭ ਤੋਂ ਪਹਿਲਾ ਮਰੀਜ਼ ਦੀ ਰਜਿਸਟਰੇਸ਼ਨ ਹੋਵੇਗੀ।ਇੱਥੇ ਹੀ ਮਰੀਜ਼ਾਂ ਨੂੰ ਪੌਸ਼ਟਿਕ ਖਾਣਾ ਅਤੇ ਲੋੜੀਂਦੀ ਡਾਕਟਰੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਬ-ਡਵੀਜ਼ਨ ਤਰਨ ਤਾਰਨ ਵਿਚ 4 ਕੋਵਿਡ ਕੇਅਰ ਆਈਸੋਲੇਸ਼ਨ ਸੈਂਟਰ ਬਣਾਏ ਗਏ ਹਨ।ਜਿੰਨ੍ਹਾਂ ਵਿਚ ਮਾਈ ਭਾਗੋ ਨਰਸਿੰਗ ਕਾਲਜ, ਤਰਨ ਤਾਰਨ ਵਿੱਚ 150 ਬੈੱਡ, ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਵਿੱਚ 70 ਬੈੱਡ, ਮਮਤਾ ਨਿਕੇਤਨ ਸਕੂਲ ਤਰਨ ਤਾਰਨ ਵਿੱਚ 140 ਬੈੱਡ ਅਤੇ ਨਸ਼ਾ ਮੁਕਤੀ ਕੇਂਦਰ ਠਰੂ ਵਿੱਚ 40 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਇਸੇ ਤਰ੍ਹਾਂ ਸਬ-ਡਵੀਜ਼ਨ ਖਡੂਰ ਸਾਹਿਬ ਵਿਚ 3 ਕੋਵਿਡ ਕੇਅਰ ਆਈਸੋਲੇਸ਼ਨ ਸੈਂਟਰ ਬਣਾਏ ਗਏ ਹਨ। ਜਿੰਨ੍ਹਾਂ ਵਿਚ ਭਾਈ ਬਾਲਾ ਜੀ ਹੋਸਟਲ ਖਡੂਰ ਸਾਹਿਬ ਵਿਚ 264 ਬੈੱਡ, ਬੀਬੀ ਅਮਰੋ ਗਰਲਜ਼ ਹੋਸਟਲ ਖਡੂਰ ਸਾਹਿਬ ਵਿਚ 84 ਬੈੱਡ ਅਤੇ ਸ੍ਰੀ ਗੁਰੂ ਅੰਗਦ ਦੇਵ ਮਿਸ਼ਨ ਹਸਪਤਾਲ ਖਡੂਰ ਸਾਹਿਬ ਵਿਚ 13 ਬੈੱਡਾਂ ਦਾ ਇੰਤਜ਼ਾਮ ਕਰਕੇ ਸਟਾਫ਼ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
ਸਬ-ਡਵੀਜ਼ਨ ਭਿੱਖੀਵਿੰਡ ਵਿੱਚ 2 ਕੋਵਿਡ ਕੇਅਰ ਆਈਸੋਲੇਸ਼ਨ ਸੈਂਟਰ ਬਣਾਏ ਗਏ ਹਨ, ਕਸਤੂਰਬਾ ਗਾਂਧੀ ਗਰਲਜ਼ ਹੋਸਟਲ ਨੇੜੇ ਸਿਵਲ ਡਿਸਪੈਂਸਰੀ ਵਲਟੋਹਾ ਵਿੱਚ 42 ਬੈੱਡ ਅਤੇ ਕਸਤੂਰਬਾ ਗਾਂਧੀ ਗਰਲਜ਼ ਹੋਸਟਲ ਨੇੜੇ ਅਦਰਸ਼ ਮਾਡਲ ਸਕੂਲ ਵਲਟੋਹਾ ਵਿਖੇ 36 ਬੈੱਡ ਦਾ ਪ੍ਰਬੰਧ ਕੀਤਾ ਗਿਆ ਹੈ।
ਸਬ ਡਵੀਜ਼ਨ ਪੱਟੀ ਵਿੱਚ 6 ਕੋਵਿਡ ਕੇਅਰ ਆਈਸੋਲੇਸ਼ਨ ਸੈਂਟਰ ਬਣਾਏ ਗਏ ਹਨ।ਸ਼ਹੀਦ ਭਗਤ ਸਿੰਘ ਗਰਲਜ਼ ਹੋਸਟਲ ਪੱਟੀ ਵਿਖੇ 37 ਬੈੱਡ, ਸ਼ਹੀਦ ਭਗਤ ਸਿੰਘ ਬੁਆਏਜ਼ ਹੋਸਟਲ, ਪੱਟੀ ਵਿਖੇ 90 ਬੈੱਡ, ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਪੱਟੀ ਵਿਖੇ 49 ਬੈੱਡ, ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਬੁਆਏਜ਼ ਹੋਸਟਲ ਪੱਟੀ ਵਿਖੇ 34 ਬੈੱਡ, ਸ਼ਹੀਦ ਭਗਤ ਸਿੰਘ ਫਾਰਮੇਸੀ ਕਾਲਜ ਪੱਟੀ ਵਿਖੇ 129 ਬੈੱਡ ਅਤੇ ਸ਼ਿਵ ਸ਼ਕਤੀ ਕਾਲਜ ਆਫ ਨਰਸਿੰਗ ਪੱਟੀ ਵਿਖੇ 79 ਦਾ ਪ੍ਰਬੰਧ ਕੀਤਾ ਗਿਆ ਹੈ। 
   ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਕੋਵਿਡ ਕੇਅਰ ਆਈਸੋਲੇਸ਼ਨ ਸੈਂਟਰਾਂ ਵਿੱਚ ਹਰ ਤਰ੍ਹਾਂ ਦਾ ਲੋੜੀਂਦਾ ਪ੍ਰਬੰਧ ਕਰਨ ਲਈ ਸਬੰਧਿਤ ਐੱਸ. ਡੀ. ਐੱਮਜ਼ ਨੂੰ ਆਦੇਸ਼ ਦਿੱਤੇ ਗਏ ਹਨ।ਉਹਨਾਂ ਕਿਹਾ ਕਿ ਇਹਨਾਂ ਸੈਂਟਰਾਂ ਵਿੱਚ ਲੋੜੀਂਦੀਆਂ ਦਵਾਈਆਂ ਅਤੇ ਮੈਡੀਕਲ ਸਹੂਲਤ ਸਿਵਲ ਸਰਜਨ ਤਰਨ ਤਾਰਨ ਮੁਹੱਈਆ ਕਰਵਾਉਣਗੇ।
—————-