Close

9 drains to be cleaned at a cost of Rs. 63 lakh to prevent possible floods in the district: Deputy Commissioner

Publish Date : 24/06/2020

ਦਫਤਰ ਜਿਲਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਜ਼ਿਲ੍ਹੇ ਵਿੱਚ ਸੰਭਾਵੀਂ ਹੜ੍ਹਾਂ ਤੋਂ ਬਚਾਅ ਲਈ 63 ਲੱਖ ਰੁਪਏ ਦੀ ਲਾਗਤ ਨਾਲ ਕਰਵਾਈ ਜਾਵੇਗੀ 9 ਡਰੇਨਾਂ ਦੀ ਸਫ਼ਾਈ-ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿੱਚ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ
ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਗੇਤੇ ਪ੍ਰਬੰਧ ਕਰਨ ਲਈ ਦਿੱਤੇ ਆਦੇਸ਼
ਤਰਨ ਤਾਰਨ, 24 ਜੂਨ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਇਸ ਸਾਲ ਬਰਸਾਤਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹੇ ਵਿੱਚ ਸੰਭਾਵੀ ਹੜ੍ਹਾਂ ਤੋਂ ਬਚਾਅ ਲੋੜੀਂਦੇ ਪ੍ਰਬੰਧ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ ਅਤੇ ਸਬੰਧਿਤ ਅਧਿਕਾਰੀਆਂ ਨੂੰ ਅਗੇਤੇ ਪ੍ਰਬੰਧ ਕਰਨ ਲਈ ਆਦੇਸ਼ ਦਿੱਤੇ ਗਏ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀਮਤੀ ਪਰਮਜੀਤ ਕੌਰ, ਸਿਵਲ ਸਰਜਨ ਡਾ. ਅਨੂਪ ਕੁਮਾਰ, ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ, ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਰਾਜੇਸ਼ ਸ਼ਰਮਾ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਰਵਿੰਦਰਪਾਲ ਸਿੰਘ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਹਰਿਨੰਦਨ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸੰਭਾਵੀਂ ਹੜ੍ਹਾਂ ਤੋਂ ਬਚਾਅ ਲਈ 63 ਲੱਖ ਰੁਪਏ ਦੀ ਲਾਗਤ ਨਾਲ 9 ਡਰੇਨਾਂ ਦੀ ਸਫ਼ਾਈ ਕਰਵਾਈ ਜਾ ਰਹੀ ਹੈ।ਉਹਨਾਂ ਦੱਸਿਆ ਕਿ ਹੁਣ ਝਬਾਲ ਡਰੇਨ ਅਤੇ ਦੋਦਾ ਡਰੇਨ ਦੀ ਸਫ਼ਾਈ ਦਾ ਕੰਮ ਚਲ ਰਿਹਾ ਹੈ।ਇਸ ਤੋਂ ਇਲਾਵਾ ਪੰਜਵੜ ਡਰੇਨ, ਕੈਰੋਂ ਡਰੇਨ ,ਮੁਰਾਦਪੁਰ ਡਰੇਨ, ਸਹਿਬਾਜ਼ਪੁਰ ਡਰੇਨ, ਖਡੂਰ ਸਾਹਿਬ ਡਰੇਨ, ਸੋਹਲ ਸੀਪੇ ਡਰੇਨ ਅਤੇ ਨਾਰਲਾ ਲਿੰਕ ਡਰੇਨ ਦੀ ਸਫਾਈ ਦਾ ਕੰਮ ਵੀ ਜਲਦੀ ਸ਼ੂਰੂ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਜ਼ਿਲ੍ਹੇ ਦੀਆਂ 9 ਡਰੇਨਾਂ ਦੀ ਲੱਗਭੱਗ 80 ਕਿਲੋਮੀਟਰ ਤੱਕ ਸਫ਼ਾਈ ਕਰਵਾਈ ਜਾਵੇਗੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਐਕਸੀਅਨ ਡਰੇਨਜ਼ ਨੂੰ ਹਦਾਇਤ ਕੀਤੀ ਕਿ ਉਹ ਧੁੱਸੀ ਬੰਨ ਤੇ ਐਡਵਾਂਸ ਬੰਨ੍ਹ ਨਾਲ ਲੱਗਦੇ ਸੰਵੇਦਨਸ਼ੀਲ ਸਥਾਨਾਂ ‘ਤੇ ਹੜ੍ਹ ਰੋਕੂ ਕੰਮਾਂ ਨੂੰ ਮੁਕੰਮਲ ਕਰਨ ਅਤੇ ਡਰੇਨਾਂ ਦੀ ਸਫ਼ਾਈ ਨੂੰ ਵੀ 15 ਜੁਲਾਈ ਤੱਕ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਸਾਰੇ ਉੱਪ ਮੰਡਲ ਮੈਜਿਸਟਰੇਟਸ ਨੂੰ ਹਦਾਇਤ ਕੀਤੀ ਕਿ ਸੰਭਾਵੀ ਹੜ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਇਹਨਾਂ ਨਾਜ਼ੁਕ ਇਲਾਕਿਆਂ ਵਿੱਚ ਰਾਹਤ ਕੇਂਦਰ ਸਥਾਪਿਤ ਕੀਤੇ ਜਾਣੇ ਹਨ ਤਾਂ ਜੋ ਹੜ੍ਹ ਆਉਣ ਦੀ ਸਥਿਤੀ ਵਿੱਚ ਇਹਨਾਂ ਇਲਾਕਿਆਂ ਦੇ ਲੋਕਾਂ ਨੂੰ ਆਰਜ਼ੀ ਤੌਰ ‘ਤੇ ਠਹਿਰਾਇਆ ਜਾ ਸਕੇ ।
ਉਹਨਾਂ ਐਕਸੀਅਨ ਮੰਡੀ ਬੋਰਡ ਨੂੰ ਹਦਾਇਤ ਕੀਤੀ ਕਿ ਸੜਕਾਂ ਦੀ ਮੁਰੰਮਤ ਦਾ ਕੰਮ ਪੂਰਾ ਕੀਤਾ ਜਾਵੇ ਅਤੇ ਪੁਲੀਆਂ ਹੇਠੋਂ ਸਫਾਈ ਯਕੀਨੀ ਬਣਾਈ ਜਾਵੇ । ਉਹਨਾਂ ਨੇ ਸਿਹਤ ਵਿਭਾਗ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਹੜਾਂ ਦੇ ਸੀਜਨ ਵਿੱਚ ਲੋੜੀਂਦੀਆਂ ਦਵਾਈਆਂ ਦੇ ਇੰਤਜਾਮ ਪੁਖਤਾ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਆਂ ਲਈ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਚਾਰੇ ਦੇ ਪ੍ਰਬੰਧ ਕਰਨ ਨੂੰ ਯਕੀਨੀ ਬਣਾਉਣ ਦੇ ਵੀ ਆਦੇਸ਼ ਦਿੱਤੇ ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਉਪ ਮੰਡਲ ਮੈਜਿਸਟਰੇਟਸ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਸਬ ਡਵੀਜਨ ਵਿੱਚ ਮੌਜੂਦ ਹੜ ਰਾਹਤ ਸਮੱਗਰੀ ਜਿਵੇਂ ਕਿ ਇੰਜਣਾਂ, ਕਿਸ਼ਤੀਆਂ ਆਦਿ ਦੀ ਨਿੱਜੀ ਤੌਰ ਪੜਤਾਲ ਕਰ ਲੈਣ ਤਾਂ ਜੋ ਹੜ੍ਹ ਸਥਿਤੀ ਵਿੱਚ ਇਹਨਾਂ ਦੀ ਵਰਤੋਂ ਕੀਤੀ ਜਾ ਸਕੇ। ਉਹਨਾਂ ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਨੂੰ ਆਦੇਸ਼ ਦਿੱਤੇ ਕਿ ਟੈਂਟ, ਤਰਪਾਲਾਂ , ਸੁੱਕੇ ਰਾਸ਼ਨ, ਪੈਟਰੋਲ, ਡੀਜ਼ਲ ਆਦਿ ਦਾ ਲੋੜੀਂਦਾ ਸਟਾਕ ਤਿਆਰ ਰੱਖਣ ਅਤੇ ਸਮਾਨ ਦੀ ਕੁਆਲਟੀ ਵਧੀਆ ਕਿਸਮ ਹੋਣੀ ਚਾਹੀਦੀ ਹੈ ।
ਉਹਨਾਂ ਨੇ ਕਾਰਜ ਸਾਧਕ ਅਫਸਰ ਨੂੰ ਵੀ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਸਾਫ ਪਾਣੀ ਦੇ ਟੈਕਰਾਂ ਦਾ ਵੀ ਪ੍ਰਬੰਧ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਜ਼ਰੂਰਤ ਪੈਣ ਤੇ ਇਸ ਦਾ ਇਸਤੇਮਾਲ ਕੀਤਾ ਜਾ ਸਕੇ ।