954 students from Tarn Taran district participated in the state level webinar

“ਮਿਸ਼ਨ ਫਤਹਿ”
ਰਾਜ ਪੱਧਰੀ ਵੈਬੀਨਾਰ ਵਿਚ ਜ਼ਿਲ੍ਹਾ ਤਰਨ ਤਾਰਨ ਦੇ 954 ਵਿਦਿਆਰਥੀਆਂ ਲਿਆ ਭਾਗ-ਡਿਪਟੀ ਕਮਿਸ਼ਨਰ
ਬਹੁਕੌਮੀ ਕੰਪਨੀਆਂ ਐਮਾਜ਼ੋਨ, ਫੇਸਬੁੱਕ, ਮਾਈਕਰੋਸਾਫਟ ਦੇ ਅਧਿਕਾਰੀਆਂ ਭਵਿੱਖ ਵਿਚ ਰੁਜ਼ਗਾਰ ਮੌਕਿਆਂ ਬਾਰੇ ਦਿੱਤੀ ਜਾਣਕਾਰੀ
ਤਰਨ ਤਾਰਨ, 24 ਜੁਲਾਈ
ਪੰਜਾਬ ਸਰਕਾਰ ਵਲੋਂ “ਮਿਸ਼ਨ ਫਤਹਿ” ਤਹਿਤ ਕਰੋਨਾ ਕਾਰਨ ਪੈਦਾ ਹੋਈ ਸਥਿਤੀ ਦੌਰਾਨ ਰੁਜ਼ਗਾਰ ਦੇ ਮੌਕਿਆਂ ਦੀ ਤਲਾਸ਼ ਕਰਨ ਸਬੰਧੀ ਅੱਜ ਕਰਵਾਏ ਗਏ ਵੈਬੀਨਾਰ ਵਿਚ ਜਿਲਾ ਤਰਨ ਤਾਰਨ ਤੋਂ 954 ਵਿਦਿਆਰਥੀਆਂ ਨੇ ਭਾਗ ਲਿਆ।
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵੈਬੀਨਾਰ ਦੌਰਾਨ ਸੂਬੇ ਦੇ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਵੀ ਭਾਗ ਲਿਆ ਤੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵਲੋਂ ਰੁਜ਼ਗਾਰ ਪੈਦਾ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦਿੱਤੀ।
ਜਿਲੇ ਦੇ ਵਿਦਿਆਰਥੀਆਂ ਵਲੋਂ ਐਮਾਜ਼ੌਨ, ਫਲਿੱਪਕਾਰਟ, ਫੇਸਬੁੱਕ, ਮਾਈਕਰੋਸਾਫਟ, ਡੈਲ, ਵਾਲਮਾਰਟ, ਪੈਪਸੀਕੋ ਤੇ ਹੋਰਨਾਂ ਨਾਮੀ ਕੰਪਨੀਆਂ ਦੇ ਪ੍ਰਤੀਨਿਧੀਆਂ ਕੋਲੋਂ ਭਵਿੱਖ ਵਿਚ ਰੁਜ਼ਗਾਰ ਮੌਕਿਆਂ ਬਾਰੇ ਸਵਾਲ ਪੁੱਛੇ।ਵੈਬੀਨਾਰ ਦੌਰਾਨ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਕਲਾਊਡ ਟੈਕਨਾਲੌਜੀ, ਆਰਟੀਫੀਸ਼ਲ ਇੰਟੈਲੀਜੈਂਸ, ਈ-ਕਾਮਰਸ, ਹੈਲਥ ਕੇਅਰ, ਆਟੋਮੇਸ਼ਨ ਆਦਿ ਖੇਤਰਾਂ ਵਿਚ ਅਗਲੇ 5 ਤੋਂ 10 ਸਾਲਾਂ ਦੌਰਾਨ ਰੁਜ਼ਗਾਰ ਦੇ ਅਸੀਮ ਮੌਕਿਆਂ ਬਾਰੇ ਜਾਣਕਾਰੀ ਦਿੱਤੀ।
ਉਨਾਂ ਕਿਹਾ ਕਿ ਵਿਦਿਆਰਥੀ ਆਪਣੇ ਆਪ ਨੂੰ ਉਦਯੋਗਾਂ ਦੀ ਲੋੜ ਅਨੁਸਾਰ ਤਿਆਰ ਕਰਨ ਅਤੇ ਸਭ ਤੋਂ ਵੱਧ ਲੋੜ ਸਕਿੱਲ ਡਿਵੈਲਪਮੈਂਟ ਵੱਲ ਦਿੱਤਾ ਜਾਵੇ।ਇਸ ਮੌਕੇ ਮਾਈਕਰੋਸਾਫਟ ਵਲੋਂ ਆਨਲਾਇਨ ਕੋਰਸਾਂ ਲਈ ਤਕਨੀਕੀ ਅਗਵਾਈ ਬਿਲਕੁਲ ਮੁਫਤ ਪ੍ਰਦਾਨ ਕਰਨ ਲਈ ਵੀ ਕਿਹਾ ਗਿਆ।
ਡਿਪਟੀ ਕਮਿਸ਼ਨਰ ਨੇ ਜਿਲਾ ਰੁਜ਼ਗਾਰ ਬਿਊਰੋ ਤੇ ਤਕਨੀਕੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਭਵਿੱਖ ਵਿਚ ਹੋਣ ਵਾਲੇ ਵੈਬੀਨਾਰਾਂ ਦੌਰਾਨ ਵਿਦਿਆਰਥੀਆਂ ਦੀ ਹੋਰ ਸ਼ਿਰਕਤ ਲਈ ਜਿਲੇ ਭਰ ਦੀਆਂ ਵਿਦਿਅਕ ਸੰਸਥਾਵਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ।
—————-