Close

District Administration resolves to protect lives and property in times of natural disaster – Deputy Commissioner Tarn Taran

Publish Date : 18/08/2019
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕੁਦਰਤੀ ਆਫ਼ਤ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੇ ਨਾਲ ਅਤੇ ਜਾਨ ਤੇ ਮਾਲ ਦੀ ਰਾਖੀ ਲਈ ਦ੍ਰਿੜ ਸੰਕਲਪ-ਡਿਪਟੀ ਕਮਿਸ਼ਨਰ 
ਦਰਿਆ ਨਾਲ ਲੱਗਦੇ ਪਿੰਡਾਂ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋਣ ‘ਤੇ ਪਿੰਡ ਸਭਰਾ ਅਤੇ ਕੁੱਤੀਵਾਲ ਦੇ 34 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ
ਡਿਪਟੀ ਕਮਿਸ਼ਨਰ ਵੱਲੋਂ ਹਰੀਕੇ ਹੈੱਡ ਵਰਕਸ ਤੇ ਧੁੱਸੀ ਬੰਨ੍ਹ ਨਾਲ ਲੱਗਦੇ ਪਿੰਡਾਂ ਦਾ ਦੌਰਾ
ਤਰਨ ਤਾਰਨ, 18 ਅਗਸਤ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੌਰੀ ਕਾਰਵਾਈ ਕਰਦਿਆਂ ਅੱਜ ਹਲਕਾ ਪੱਟੀ ਦੇ ਦਰਿਆ ਨਾਲ ਲੱਗਦੇ ਪਿੰਡਾਂ ਵਿੱਚ ਹੜਾਂ ਦੀ ਸਥਿਤੀ ਪੈਦਾ ਹੋਣ ‘ਤੇ ਪਿੰਡ ਸਭਰਾ ਅਤੇ ਕੁੱਤੀਵਾਲ ਦੇ 34 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਉਹਨਾਂ ਨੇ ਡੀ. ਆਈ. ਜੀ., ਬੀ. ਐੱਸ. ਐੱਫ. ਫਿਰੋਜ਼ਪੁਰ ਨਾਲ ਤਾਲਮੇਲ ਕਰਕੇ ਮੋਟਰਬੋਟ ਦਾ ਪ੍ਰਬੰਧ ਕੀਤਾ ਅਤੇ ਪਿੰਡ ਸਭਰਾ ਦੇ 25 ਵਸਿੰਦਿਆਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਆਂਦਾ ਗਿਆ।ਉਹਨਾਂ ਦੱਸਿਆ ਕਿ ਪਿੰਡ ਕੁੱਤੀਵਾਲ ਦੇ 9 ਵਿਅਕਤੀਆਂ ਨੂੰ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸ਼ਤੀਆਂ ਰਾਹੀਂ ਬਾਹਰ ਲਿਆਂਦਾ ਗਿਆ ਹੈ।
ਉਹਨਾਂ ਦੱਸਿਆ ਕਿ ਇਸ ਕੁਦਰਤੀ ਆਫ਼ਤ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੇ ਨਾਲ ਹੈ ਅਤੇ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਲਈ ਦ੍ਰਿੜ ਸੰਕਲਪ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਦਰਿਆ ਬਿਆਸ ਅਤੇ ਸਤਲੁਜ ਦੇ ਕਿਨਾਰੇ ਨਾਲ ਲੱਗਦੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡਾਂ ਵਿੱਚ ਦਰਿਆ ਅਤੇ ਧੁੱਸੀ ਬੰਨ੍ਹ ਦੇ ਦਰਮਿਆਨ ਪੈਂਦੇ ਖੇਤੀਬਾੜੀ ਵਾਲੇ ਏਰੀਆ ਵਿੱਚ ਕੁੱਝ ਲੋਕਾਂ ਵੱਲੋਂ ਆਪਣੀਆਂ ਰਿਹਾਇਸ਼ਾਂ ਦਾ ਨਿਰਮਾਣ ਕੀਤਾ ਹੋਇਆ ਹੈ।ਮੌਜੂਦਾ ਹੜ੍ਹਾਂ ਦੀ ਸੰਭਾਵੀਂ ਸਥਿਤੀ ਨੂੰ ਮੁੱਖ ਰੱਖਦਿਆਂਜਦੋਂ ਭਾਖੜਾ ਡੈਮ ਤੋਂ ਦਰਿਆ ਸਤਲੁਜ ਵਿੱਚ ਵਾਧੂ ਪਾਣੀ ਡਿਸਚਾਰਜ ਕੀਤਾ ਜਾ ਰਿਹਾ ਹੈ ਤਾਂ ਇਹ ਮੁਮਕਿਨ ਹੈ ਕਿ ਖੇਤੀਬਾੜੀ ਵਾਲਾ ਏਰੀਆ ਤੇ ਇਹਨਾਂ ਵਿੱਚ ਬਣੀਆਂ ਰਿਹਾਇਸ਼ਾਂ ਡੁੱਬ ਜਾਣ, ਜਿਸ ਨਾਲ ਲੋਕਾਂ ਦੇ ਜਾਨ ਅਤੇ ਮਾਲ ਦੀ ਹਾਨੀ ਸੰਭਵ ਹੈ।ਇਸ ਲਈ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੁਕਮ ਜਾਰੀ ਕਰਦਿਆਂ ਸਮੂਹ ਉੱਪ-ਮੰਡਲ ਮੈਜਿਸਟਰੇਟ ਨੂੰ ਆਦੇਸ਼ ਦਿੱਤੇ ਹਨ ਕਿ ਅਜਿਹੇ ਨੀਵੇਂ ਥਾਵਾਂ ਉੱਪਰ ਰਿਹਾਇਸ਼ ਰੱਖ ਰਹੇ ਲੋਕਾਂ ਅਤੇ ਉਹਨਾਂ ਦੇ ਪਸ਼ੂਆਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਬਣਾਏ ਗਏ ਰੀਲੀਫ਼ ਕੈਂਪਾਂ ਵਿੱਚ ਪਹੰਚਾਉਣ ਅਤੇ ਲੋੜੀਂਦੇ ਪ੍ਰਬੰਧ ਕੀਤੇ ਜਾਣ।
ਇਸ ਤੋਂ ਪਹਿਲਾ ਅੱਜ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਵੱਲੋਂ ਹਰੀਕੇ ਹੈੱਡ ਵਰਕਸ ਤੇ ਧੁੱਸੀ ਬੰਨ੍ਹ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਗਿਆ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਅਤੇ ਐੱਸ. ਡੀ. ਐੱਮ. ਪੱਟੀ ਸ੍ਰੀ ਨਵਰਾਜ ਸਿੰਘ ਬਰਾੜ ਤੋਂ ਇਲਾਵਾ ਹੋਰ ਅਧਿਕਾਰੀ ਵੀ ਉਹਨਾਂ ਦੇ ਨਾਲ ਸਨ।ਇਸ ਮੌਕੇ ਉਹਨਾਂ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਂਦੇ ਦਿਨਾਂ ਵਿੱਚ ਪਾਣੀ ਦਾ ਵਹਾਅ ਹੋਰ ਵੱਧ ਸਕਦਾ ਹੈ ਅਤੇ ਉਹ ਦਰਿਆ ਦੇ ਨੇੜੇ ਜਾਣ ਤੋਂ ਗੁਰੇਜ਼ ਕਰਨ।
————–