District Magistrate issued various orders for supply of essential commodities to the houses during curfew till April 14 in view of Corona virus (Covid 19).

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕੋਰੋਨਾ ਵਾਇਰਸ (ਕੋਵਿਡ 19) ਦੇ ਮੱਦੇਨਜਰ 14 ਅਪ੍ਰੈਲ ਤੱਕ ਲਗਾਏ ਗਏ ਕਰਫਿਊ ਦੌਰਾਨ ਜ਼ਰੂਰੀ ਵਸਤਾਂ ਦੀ ਸਪਲਾਈ ਘਰਾਂ ਤੱਕ ਪਹੁੰਚਾਉਣ ਸਬੰਧੀ ਵੱਖ-ਵੱਖ ਹੁਕਮ ਜਾਰੀ
ਆਮ ਜਨਤਾ ਵੱਲੋਂ ਵਰਤੀਆਂ ਜਾਣ ਵਾਲੀਆਂ ਵਸਤੂਆਂ ਨਿਰਧਾਰਤ ਸਮੇਂ/ਨਿਰਧਾਰਤ ਮੁੱਲ ਅਧੀਨ ਹੀ ਉਨ੍ਹਾਂ ਦੇ ਘਰਾਂ ਵਿੱਚ ਮੁਹੱਈਆ ਹੋ ਸਕਣ ਨੂੰ ਯਕੀਨੀ ਬਣਾਉਣਗੇ ਸਬੰਧਤ ਅਧਿਕਾਰੀ
ਤਰਨ ਤਾਰਨ, 1 ਅਪ੍ਰੈਲ :
ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਕੋਰੋਨਾ ਵਾਇਰਸ (ਕੋਵਿਡ 19) ਦੇ ਮੱਦੇਨਜਰ 14 ਅਪ੍ਰੈਲ 2020 ਤੱਕ ਲਗਾਏ ਗਏ ਕਰਫਿਊ ਦੌਰਾਨ ਜ਼ਰੂਰੀ ਵਸਤਾਂ ਦੀ ਘਰਾਂ ਤੱਕ ਸਪਲਾਈ ਕਰਨ ਸਬੰਧੀ ਵੱਖ-ਵੱਖ ਹੁਕਮ ਜਾਰੀ ਕੀਤੇ ਹਨ।
ਉਨ੍ਹਾਂ ਕਿਹਾ ਕਿ ਕਰਿਆਨੇ ਦੀ ਵਿੱਕਰੀ ਸਬੰਧਤ ਦੁਕਾਨਦਾਰਾਂ ਵੱਲੋਂ ਰੋਜ਼ਾਨਾ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਆਮ ਜਨਤਾ ਦੇ ਘਰ-ਘਰ ਜਾ ਕੇ ਕੀਤੀ ਜਾਵੇਗੀ।ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਇਹ ਕਾਰਵਾਈ ਨੂੰ ਯਕੀਨੀ ਬਣਾਉਣਗੇ।
ਅਖਬਾਰਾਂ ਵੇਚਣ ਦਾ ਕੰਮ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਮੁਕਮੰਲ ਕੀਤਾ ਜਾਵੇਗਾ, ਸੜਕਾਂ ਦੇ ਕਿਨਾਰੇ ਅਖਬਾਰਾਂ ਵੇਚਣ ਦੀ ਮਨਾਹੀ ਹੋਵੇਗੀ।
ਦੋਧੀਆਂ ਵੱਲੋਂ ਦੁੱਧ ਪਦਾਰਥਾਂ ਦੀ ਸਪਾਲਈ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਰੋਜ਼ਾਨਾ ਲੋਕਾਂ ਦੇ ਘਰ- ਘਰ ਵਿੱਚ ਜਾ ਕੇ ਹੀ ਕੀਤੀ ਜਾ ਸਕੇਗੀ।ਵੇਰਕਾ ਅਤੇ ਅਮੂਲ ਵੱਲੋਂ ਦੁੱਧ ਪਦਾਰਥਾਂ ਦੀ ਸਪਲਾਈ ਦੁਪਹਿਰ 2 ਵਜੇ ਤੱਕ ਕੇਵਲ ਘਰ-ਘਰ ਜਾ ਕੇ ਹੋਵੇਗੀ।
ਕੈਮਿਸਟਾਂ ਵੱਲੋਂ ਜ਼ਰੂਰੀ ਦਵਾਈਆਂ ਦੀ ਸਪਲਾਈ ਰੋਜ਼ਾਨਾ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਘਰ-ਘਰ ਜਾ ਕੇ ਹੀ ਕੀਤੀ ਜਾਵੇਗੀ।
ਪੈਟਰੋਲ ਪੰਪਾਂ ਵੱਲੋਂ ਰੋਜ਼ਾਨਾ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਕੇਵਲ ਐਂਮਰਜੈਂਸੀ ਸੇਵਾਵਾਂ ਲਈ ਵਰਤੇ ਜਾਣ ਵਾਲੇ ਵਾਹਨਾਂ ਵਿੱਚ ਹੀ ਪੈਟਰੋਲ ਤੇ ਡੀਜ਼ਲ ਦੀ ਪੂਰਤੀ ਕੀਤੀ ਜਾਵੇਗੀ।
ਐੱਲ. ਪੀ. ਜੀ. ਗੈਸ ਸਿਲੰਡਰਾਂ ਦੀ ਸਪਲਾਈ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਘਰ-ਘਰ ਜਾ ਕੇ ਕੀਤੀ ਜਾਵੇਗੀ।
ਫਲ ਤੇ ਸਬਜ਼ੀ ਵਿਕਰੇਤਾ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੇਵਲ ਘਰ- ਘਰ ਜਾ ਕੇ ਹੀ ਸਪਲਾਈ ਕਰਨਗੇ।
ਉਨ੍ਹਾਂ ਕਿਹਾ ਕਿ ਸਬੰਧਤ ਦੁਕਾਨਦਾਰ ਵੱਲੋਂ ਕੀਟਨਾਸ਼ਕ, ਫਰਟੀਲਾਈਜ਼ਰ ਅਤੇ ਬੀਜ ਆਦਿ ਦੀ ਸਪਲਾਈ ਹਰ ਰੋਜ਼ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਜਿੰਮੀਦਾਰਾਂ ਦੇ ਘਰ-ਘਰ ਜਾ ਕੇ ਕੀਤੀ ਜਾਵੇਗੀ। ਮੁੱਖ ਖੇਤੀਬਾੜੀ ਅਫ਼ਸਰ ਇਹ ਕਾਰਵਾਈ ਯਕੀਨੀ ਬਣਾਉਣਗੇ।
ਉਨ੍ਹਾਂ ਕਿਹਾ ਕਿ ਪਸ਼ੂਆਂ ਲਈ ਫੀਡ ਅਤੇ ਪੋਲਟਰੀ ਫੀਡ ਆਦਿ ਦੀ ਸਪਲਾਈ ਹਰ ਰੋਜ਼ ਡੀਲਰਾਂ ਵੱਲੋਂ ਕਿਸਾਨਾਂ ਦੇ ਤੱਕ ਘਰ-ਘਰ ਜਾ ਕੇ ਕੀਤੀ ਜਾਵੇਗੀ।ਡਿਪਟੀ ਡਾਇਰੈਕਟਰ ਪਸ਼ੂ ਪਾਲਣ ਇਹ ਕਾਰਵਾਈ ਯਕੀਨੀ ਬਣਾਉਣਗੇ।
ਆਟਾ ਚੱਕੀ ਰੋਜ਼ਾਨਾ ਸਵੇਰੇ 9 ਵਜੇ ਤੋਂ 5 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਆਟਾ ਚੱਕੀ ‘ਤੇ 2 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਦੀ ਮਨਾਹੀ ਹੋਵੇਗੀ।ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਇਹ ਕਾਰਵਾਈ ਯਕੀਨੀ ਬਣਾਉਣਗੇ।
ਬੈਂਕਾਂ ਤੇ ਏ.ਟੀ.ਐਮਜ਼ ਰੋਜ਼ਾਨਾ ਖੁੱਲਣਗੇ।ਡਾਕ ਘਰ ਅਤੇ ਕੋਰੀਅਰ ਸਰਵਿਸ ਰੋਜ਼ਾਨਾ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਹੋਵੇਗੀ। ਲੀਡ ਬੈਂਕ ਮੈਨੇਜਰ/ਪੋਸਟ ਮਾਸਟਰ ਇਹ ਕਾਰਵਾਈ ਯਕੀਨੀ ਬਣਾਉਣਗੇ।
ਹਾੜੀ ਦੀ ਫਸਲ ਦੀ ਕਟਾਈ/ਸਾਉਣੀ ਦੀ ਫਸਲ ਦੀ ਬਿਜਾਈ ਸਬੰਧਤ ਜਿੰਮੀਦਾਰਾਂ ਵੱਲੋਂ ਕੋਵਿਡ 19 ਅਧੀਨ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੀਤੀ ਜਾਵੇਗੀ।ਕੰਬਾਇਨਾਂ ਦੀ ਵਰਤੋਂ ਵੀ ਕੀਤੀ ਜਾਵੇਗੀ। ਕੰਬਾਇਨ ਦੀ ਮੁਰੰਮਤ ਅਤੇ ਸਪੇਅਰ ਪਾਰਟਸ ਵਾਲੀਆਂ ਦੁਕਾਨਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਡਿਪਟੀ ਡਾਇਰੈਕਟਰ ਬਾਗਬਾਨੀ/ਮੁੱਖ ਖੇਤੀਬਾੜੀ ਅਫਸਰ ਇਹ ਕਾਰਵਾਈ ਯਕੀਨੀ ਬਣਾਉਣਗੇ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਅਤੇ ਸਹੂਲਤਾਂ ਦੇ ਮੱਦੇਨਜ਼ਰ ਲਗਾਏ ਗਏ ਇਹ ਹੁਕਮ ਪੁਲਿਸ ਮੁਲਾਜ਼ਮਾਂ, ਮਿਲਟਰੀ ਤੇ ਪੈਰਾ ਮਿਲਟਰੀ ਸਟਾਫ, ਡਾਕਟਰਾਂ, ਐਮਰਜੰਸੀ ਸੇਵਾਵਾਂ ਦੇਣ ਵਾਲੇ ਅਧਿਕਾਰੀਆਂ, ਹੋਮ ਗਾਰਡ ਦੇ ਮੈਂਬਰਾਂ, ਸਰਕਾਰੀ ਕਰਮਚਾਰੀਆਂ ਅਤੇ ਉਨ੍ਹਾਂ ਵਿਅਕਤੀਆਂ ’ਤੇ ਲਾਗੂ ਨਹੀਂ ਹੋਣਗੇ ਜਿਨ੍ਹਾਂ ਨੂੰ ਜ਼ਿਲ੍ਹਾ ਮੈਜਿਸਟਰੇਟ, ਸਮੂਹ ਉਪ ਜ਼ਿਲ੍ਹਾ ਮੈਜਿਸਟਰੇਟ ਜਾਂ ਸਮਰੱਥ ਅਧਿਕਾਰੀ ਵੱਲੋਂ ਪਰਮਿਟ ਜਾਰੀ ਕੀਤਾ ਹੋਵੇ।
ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਵਰਤੋਂ ਵਿੱਚ ਆਮ ਜਨਤਾ ਵੱਲੋਂ ਵਰਤੀਆਂ ਜਾਣ ਵਾਲੀਆਂ ਵਸਤੂਆਂ ਉਨ੍ਹਾਂ ਨੂੰ ਨਿਰਧਾਰਤ ਸਮੇਂ/ਨਿਰਧਾਰਤ ਮੁੱਲ ਅਧੀਨ ਹੀ ਉਨ੍ਹਾਂ ਦੇ ਘਰਾਂ ਵਿੱਚ ਮੁਹੱਈਆ ਹੋ ਸਕਣ। ੳਪੁਰੋਕਤ ਮੰਤਵ ਲਈ ਜ਼ਰੂਰੀ ਸੇਵਾਵਾਂ ਲਈ ਵਰਤੇ ਜਾਣ ਵਾਲੇ ਸਾਰੇ ਵਹੀਕਲਾਂ ਨੂੰ ਆਉਣ/ਜਾਣ ਲਈ ਕਰਫਿਊ ਪਾਸ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਅਦਾਰਿਆਂ ਦੇ ਅਧਿਕਾਰੀ ਇਹ ਵੀ ਯਕੀਨੀ ਬਣਾਉਣਗੇ ਕਿ ਇਹ ਵਸਤੂਆਂ ਨਿਰਧਾਰਤ ਸਮੇਂ ਅਧੀਨ ਜਿਨ੍ਹਾਂ ਸੇਲਜਮੈਨਾਂ/ਦੁਕਾਨਦਾਰਾਂ ਵੱਲੋਂ ਆਮ ਜਨਤਾ ਨੂੰ ਉਨ੍ਹਾਂ ਦੇ ਘਰਾਂ ਵਿੱਚ ਪਹੰੁਚਾਈਆਂ ਜਾਣਗੀਆਂ, ਉਹ ਕੋਵਿਡ 19 ਤਹਿਤ ਸਮੇਂ-ਸਮੇਂ ਸਿਰ ਜਾਰੀ ਸਰਕਾਰ ਵੱਲੋਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹੱਥਾਂ ਵਿਚ ਦਸਤਾਨੇ/ਮੂੰਹ ’ਤੇ ਮਾਸਕ/ਸੈਨੇਆਈਜ਼ਰ ਦੀ ਵਰਤੋਂ ਕਰਦੇ ਹੋਏ ਸਮਾਜਿਕ ਦੂਰੀ ਕਾਇਮ ਰੱਖਦੇ ਹੋਏ ਮੁਹੱਈਆ ਕਰਵਾਉਣਗੇ ਤਾਂ ਜੋ ਆਮ ਜਨਤਾ ਨੂੰ ਘਰਾਂ ਤੋਂ ਆਉਣ ਤੋਂ ਰੋਕਿਆ ਜਾਵੇ ਅਤੇ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਠੱਲ ਪਾਈ ਜਾ ਸਕੇ।
—————–