On the occasion of B.R Ambedkar’s birthday, the Deputy Commissioner gave floral tribute to the statue of Baba Sahib established at the District Administrative Complex.
Publish Date : 14/04/2020

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਾ. ਬੀ. ਆਰ. ਅੰਬੇਦਕਰ ਦੇ ਜਨਮ ਦਿਹਾੜੇ ਦੇ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਬਾਬਾ ਸਾਹਿਬ ਦੇ ਬੁੱਤ ‘ਤੇ ਕੀਤੇ ਸ਼ਰਧਾ ਦੇ ਫੁੱਲ ਅਰਪਣ
ਭਾਰਤੀ ਸੰਵਿਧਾਨ ਦੀ ਰਚਨਾ ਕਰ ਕੇ ਦੇਸ਼ ਦੀ ਤਰੱਕੀ ਵਿੱਚ ਡਾ. ਬੀ. ਆਰ. ਅੰਬੇਦਕਰ ਨੇ ਪਾਇਆ
ਮਹੱਤਵਪੂਰਨ ਯੋਗਦਾਨ
ਤਰਨ ਤਾਰਨ, 14 ਅਪ੍ਰੈਲ :
ਭਾਰਤੀ ਸੰਵਿਧਾਨ ਦੇ ਨਿਰਮਾਤਾ, ਯੁੱਗ ਪੁਰਸ਼ ਅਤੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮਰਾਓ ਅੰਬੇਦਕਰ ਜੀ ਦੇ 129ਵੇਂ ਜਨਮ ਦਿਹਾੜੇ ਦੇ ਮੌਕੇ ‘ਤੇੇ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸਥਾਪਿਤ ਬਾਬਾ ਸਾਹਿਬ ਦੇ ਬੁੱਤ ‘ਤੇ ਸ਼ਰਧਾ ਦੇ ਫੁੱਲ ਅਰਪਣ ਕੀਤੇ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ, ਜ਼ਿਲ੍ਹਾ ਭਲਾਈ ਅਫ਼ਸਰ ਸ੍ਰੀ ਬਿਕਰਮਜੀਤ ਸਿੰਘ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਮਨਜਿੰਦਰ ਸਿੰਘ ਵੀ ਇਸ ਮੌਕੇ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਬਾ ਸਾਹਿਬ ਬਹੁਤ ਹੀ ਮਹਾਨ ਸ਼ਖ਼ਸੀਅਤ ਸਨ ਅਤੇ ਉਨ੍ਹਾਂ ਨੇ ਸੰਵਿਧਾਨ ਦੀ ਰਚਨਾ ਕਰ ਕੇ ਦੇਸ਼ ਦੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸ ਕਾਰਨ ਸਮਾਜ ਦੇ ਅਤਿ ਪਿਛੜੇ ਅਤੇ ਦੱਬੇ ਕੁਚਲੇ ਕਈ ਵਰਗ ਦੇ ਲੋਕਾਂ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਅਜੋਕੇ ਭਾਰਤ ਦੇ ਨਿਰਮਾਣ ਵਿੱਚ ਬਾਬਾ ਸਾਹਿਬ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਇਸ ਮੌਕੇ ਉਨਾਂ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਇਕ ਦੂਰਅੰਦੇਸ਼ ਵਿਅਕਤੀ ਸਨ, ਜਿੰਨਾਂ ਨੇ ਗਰੀਬੀ ਅਤੇ ਪੱਖਪਾਤ ਤੋਂ ਮੁਕਤ ਭਾਰਤ ਦੀ ਕਲਪਨਾ ਕੀਤੀ ਸੀ ਅਤੇ ਇਸ ਕਲਪਨਾ ਨੂੰ ਸਾਰਥਕ ਰੂਪ ਦੇਣ ਲਈ ਸਾਨੂੰ ਅਜਿਹਾ ਸੰਵਿਧਾਨ ਘੜ ਕੇ ਦਿੱਤਾ ਜਿਸ ਨੇ ਇਸ ਦੇਸ਼ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਬਣਾ ਦਿੱਤਾ।ਉਨਾਂ ਕਿਹਾ ਕਿ ਸਮਾਨਤਾ, ਨਿਆਂ ਅਤੇ ਸੁਤੰਤਰਤਾ ਬਾਰੇ ਉਨਾਂ ਦਾ ਦ੍ਰਿਸ਼ਟੀਕੋਨ ਭਾਰਤੀਆਂ ਅਤੇ ਵਿਸ਼ਵ ਭਰ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਪੇ੍ਰੇਮੀਆਂ ਲਈ ਮਾਰਗ ਦਰਸ਼ਕ ਬਣਿਆ ਹੋਇਆ ਹੈ। ਉਨਾਂ ਨੇ ਕਿਹਾ ਕਿ ਪੂਰਾ ਦੇਸ਼ ਅੱਜ ਬਾਬਾ ਸਾਹਿਬ ਦਾ ਰਿਣੀ ਹੈ ਜਿੰਨਾਂ ਨੇ ਮੁਲਕ ਦੇ ਹਰੇਕ ਨਾਗਰਿਕ ਨੂੰ ਵੋਟ ਦਾ ਹੱਕ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਖਤਰੇ ਕਰਕੇ ਜ਼ਿਲੇ੍ਹ ਅੰਦਰ ਭਾਰੀ ਇੱਕਠ ਨਾ ਕਰਦਿਆਂ ਹੋਇਆ ਬਹੁਤ ਹੀ ਸਾਦੇ ਢੰਗ ਨਾਲ ਸ਼ਰਧਾ ਦੇ ਫੁੱਲ ਅਰਪਣ ਕਰਕੇ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਸ਼ਰਧਾ ਦੇ ਫੁੱਲ ਭੇਂਟ ਕਰਨ ਸਮੇਂ ਸੋਸ਼ਲ ਡਿਸਟੈਂਸਿੰਗ ਦਾ ਵੀ ਖਾਸ ਧਿਆਨ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਹਰੇਕ ਜ਼ਿਲ੍ਹਾ ਵਾਸੀ ਵੱਲੋਂ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਜ਼ਰੂਰੀ ਕਾਰਨਾਂ ਕਰਕੇ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਘਰਾਂ ਅੰਦਰ ਰਹਿ ਕੇ ਸਾਵਧਾਨੀਆਂ ਵਰਤੀਆਂ ਜਾਣ।
————