Close

Punjab Government issues advisory on safe observance of holy month of Ramadan: Deputy Commissioner

Publish Date : 23/04/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੰਜਾਬ ਸਰਕਾਰ ਨੇ ਪਵਿੱਤਰ ਰਮਜ਼ਾਨ ਮਹੀਨੇ ਨੂੰ ਸੁਰੱਖਿਅਤ ਢੰਗ ਨਾਲ ਮਨਾਉਣ ਸਬੰਧੀ ਜਾਰੀ ਕੀਤੀ ਅਡਵਾਈਜ਼ਰੀ-ਡਿਪਟੀ ਕਮਿਸ਼ਨਰ
ਮੁਸਲਿਮ ਭਾਈਚਾਰੇ ਨੂੰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਧਿਆਨ ਨਾਲ ਪਾਲਣਾ ਕਰਨ ਦੀ ਕੀਤੀ ਅਪੀਲ
ਤਰਨ ਤਾਰਨ, 23 ਅਪ੍ਰੈਲ :
ਪੰਜਾਬ ਸਰਕਾਰ ਨੇ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਪਵਿੱਤਰ ਰਮਜ਼ਾਨ ਮਹੀਨੇ ਨੂੰ ਸੁਰੱਖਿਅਤ ਢੰਗ ਨਾਲ ਮਨਾਉਣ ਸੰਬੰਧੀ ਇੱਕ ਅਡਵਾਈਜ਼ਰੀ ਜਾਰੀ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮਨੁੱਖੀ ਮੇਲ ਜੋਲ ਰਾਹੀਂ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਉਦੇਸ਼ ਨਾਲ ਲੋਕਾਂ ਦੀ ਖੁੱਲੀ ਆਵਾਜਾਈ `ਤੇ ਪਾਬੰਦੀ ਲਗਾਈ ਹੈ ਅਤੇ ਇਕੱਠ ਕਰਨ ‘ਤੇ ਵੀ ਰੋਕ ਲਗਾ ਦਿੱਤੀ ਹੈ।ਉਹਨਾਂ ਦੱਸਿਆ ਕਿ ਕੋਵਿਡ -19 ਮਹਾਂਮਾਰੀ ਕਾਰਨ ਪੈਦਾ ਹੋਏ ਇਸ ਸੰਕਟਕਾਲੀ ਸਮੇਂ ਦੌਰਾਨ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਜਸ਼ਨ ਮਨਾਉਣ ਵਾਲੀਆਂ ਥਾਵਾਂ `ਤੇ ਕੁਝ ਖਾਸ ਰੋਕਥਾਮ ਉਪਾਵਾਂ ਤੇ ਸਾਵਧਾਨੀਆਂ ਦੀ ਧਿਆਨ ਨਾਲ ਪਾਲਣਾ ਕਰਨ ਦੀ ਲੋੜ ਹੈ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੁਸਲਿਮ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਧਿਆਨ ਨਾਲ ਪਾਲਣਾ ਕਰਨ, ਜਿਸ ਤਹਿਤ ਸਾਰੀਆਂ ਮਸਜਿਦਾਂ / ਦਰਗਾਹਾਂ / ਇਮਾਮਬਾੜਿਆਂ ਅਤੇ ਹੋਰ ਧਾਰਮਿਕ ਸੰਸਥਾਵਾਂ ਬੰਦ ਰਹਿਣਗੀਆਂ ਅਤੇ ਲੋਕਾਂ ਨੂੰ ਇਕੱਠ ਕਰਕੇ ਨਮਾਜ਼ਾਂ (ਨਿਮਜ਼-ਏ-ਬਾਜਾਮਤ)ਅਦਾ ਕਰਨ, ਜੁੰਮੇ ਦੀ ਨਮਾਜ਼ ਸਮੇਤ ਤਰਾਵੀ ਅਦਾ ਕਰਨ ਦੀ ਮੁਕੰਮਲ ਮਨਾਹੀ ਹੋਵੇਗੀ। ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪੋ ਆਪਣੇ ਘਰਾਂ ਤੋਂ ਹੀ ਨਮਾਜ਼ ਅਦਾ ਕਰਨ। ਉਨਾਂ ਕਿਹਾ ਕਿ ਉਰਸ, ਪਬਲਿਕ ਅਤੇ ਪ੍ਰਾਈਵੇਟ ਇਫਤਾਰ ਪਾਰਟੀਆਂ / ਕਾਰਜਾਂ, ਦਾਵਤ-ਏ-ਸੇਹਰੀ ਅਤੇ ਸ਼ਰਧਾਲੂਆਂ ਦੀ ਇਕੱਤਰਤਾ ਵਾਲੇ ਕਿਸੇ ਵੀ ਹੋਰ ਧਾਰਮਿਕ ਸਮਾਗਮਾਂ ਸਮੇਤ ਹਰ ਕਿਸਮ ਦੇ ਜਸ਼ਨਾਂ ਦਾ ਸਖਤੀ ਨਾਲ ਪਰਹੇਜ਼ ਕੀਤਾ ਜਾਵੇ।
ਉਨਾਂ ਕਿਹਾ ਕਿ ਮਸਜਿਦ ਦੇ ਅੰਦਰ ਜੂਸ, ਸ਼ਰਬਤ ਜਾਂ ਖਾਣ-ਪੀਣ ਦੀਆਂ ਹੋਰ ਚੀਜ਼ਾਂ ਜਾਂ ਘਰ-ਘਰ ਜਾ ਕੇ ਵੰਡੀਆਂ ਜਾਣ ਵਾਲੀਆਂ ਚੀਜ਼ਾਂ ਦੀ ਜਨਤਕ ਵੰਡ `ਤੇ ਪੂਰੀ ਤਰਾਂ ਪਾਬੰਦੀ ਹੈ। ਇਸ ਤੋਂ ਇਲਾਵਾ ਖਾਣ ਪੀਣ ਦੀਆਂ ਵਸਤਾਂ ਦੀਆਂ ਦੁਕਾਨਾਂ/ ਰੇਹੜੀਆਂ ਨੂੰ ਮਸਜਿਦ ਦੇ ਨੇੜੇ ਲਗਾਉਣ ਨਹੀਂ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਮੌਜੂਦ ਸਿਹਤ ਸਮੱਸਿਆਵਾਂ ਜਿਵੇਂ ਕਿ ਸ਼ੂਗਰ, ਦਿਲ ਦੀਆਂ ਬਿਮਾਰੀਆਂ ਆਦਿ ਵਾਲੇ ਵਿਅਕਤੀਆਂ ਨੂੰ ਸਹੀ ਡਾਕਟਰੀ ਸਲਾਹ ਤੋਂ ਬਾਅਦ ਹੀ ਰੋਜ਼ਾ ਰੱਖਣਾ ਚਾਹੀਦਾ ਹੈ। ਉਨਾਂ ਕਿਹਾ ਕਿ ਮਸਜਿਦ ਵਿੱਚ ਜਨਤਕ ਸੰਬੋਧਨ ਦੀ ਵਰਤੋਂ ਕੇਵਲ ਸਥਾਨਕ ਅਧਿਕਾਰੀਆਂ ਦੁਆਰਾ ਕਿਸੇ ਕਿਸਮ ਦੀ ਘੋਸ਼ਣਾ ਕਰਨ ਲਈ  ਜਾਂ ਲੋੜ ਪੈਣ ਤੇ ਸੇਹਰੀ ਦੇ ਅੰਤ ਅਤੇ ਇਫਤਾਰ ਸਮੇਂ ਦੀ ਸ਼ੁਰੂਆਤ ਸਬੰਧੀ ਘੋਸ਼ਣਾ ਲਈ ਹੀ ਕੀਤੀ ਜਾਣੀ ਚਾਹੀਦੀ ਹੈ।
ਉਨਾਂ ਕਿਹਾ ਕਿ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਘਰ ਵਿਚ ਹੀ ਰਹਿਣਾ ਚਾਹੀਦਾ ਹੈ ਅਤੇ ਰਿਸ਼ਤੇਦਾਰਾਂ, ਮਿੱਤਰਾਂ, ਗੁਆਂਢੀਆਂ ਆਦਿ ਨੂੰ ਇਨਾਂ ਦਿਨਾਂ ਦੌਰਾਨ ਹਰ ਸਮੇਂ ਕਿਸੇ ਵੀ ਵਿਅਕਤੀ ਤੋਂ ਘੱਟੋ ਘੱਟ 1 ਮੀਟਰ ਦੀ ਦੂਰੀ ਬਣਾ ਕੇ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਜਸ਼ਨ ਮਨਾਉਣ ਅਤੇ ਸ਼ੁਭਕਾਮਨਾਵਾਂ ਦੇਣ ਲਈ ਹੋਰਾਂ ਨੂੰ ਜੱਫੀ ਪਾਉਣ ਅਤੇ ਹੱਥ ਮਿਲਾਉਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ।
ਸੰਚਾਰ ਅਤੇ ਦਿਲੀ ਪ੍ਰਗਟਾਵੇ ਦੇ ਹੋਰ ਢੰਗਾਂ ਬਾਰੇ ਦੱਸਦਿਆਂ  ਉਨਾਂ ਕਿਹਾ ਕਿ  ਦਿਲ `ਤੇ ਹੱਥ ਰੱਖਣਾ, ਹੱਥ ਲਹਿਰਾਉਣਾ, ਸਿਰ ਹਿਲਾਉਣਾ ਆਦਿ ਨੂੰ ਇਕ ਦੂਜੇ ਨੂੰ ਵਧਾਈ ਦੇਣ ਦੇ ਉਦੇਸ਼ ਲਈ ਵਰਤਿਆ ਜਾ ਸਕਦਾ ਹੈ।ਉਨਾਂ ਕਿਹਾ ਕਿ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪੋ ਆਪਣੇ ਘਰਾਂ ਤੋਂ ਹੀ ਨਮਾਜ਼ ਅਦਾ ਕਰਨ ਅਤੇ ਰਮਜ਼ਾਨ ਦੌਰਾਨ ਇਫ਼ਤਾਰ ਅਤੇ ਜਸ਼ਨਾਂ ਲਈ ਹਰ ਤਰਾਂ ਦੇ ਸਮਾਜਿਕ ਇਕੱਠਾਂ ਤੋਂ ਪਰਹੇਜ਼ ਕਰਨ। ਉਨਾਂ ਕਿਹਾ ਕਿ ਮੋਬਾਈਲ ਅਤੇ ਹੋਰ ਇਲੈਕਟ੍ਰਾਨਿਕ ਮੀਡੀਆ ਨੂੰ ਲੋਕਾਂ ਦੁਆਰਾ ਵਧਾਈਆਂ ਦੇਣ ਲਈ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।  
———–