Permission to open liquor shops within the limits of District Tarn Taran subject to conditions – District Magistrate

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਆਉਂਦੇ ਸ਼ਰਾਬ ਦੇ ਠੇਕੇ ਸ਼ਰਤਾਂ ਦੇ ਅਧਾਰ ‘ਤੇ ਖੋਲਣ ਦੀ ਆਗਿਆ-ਜ਼ਿਲ੍ਹਾ ਮੈਜਿਸਟਰੇਟ
ਤਰਨ ਤਾਰਨ, 7 ਮਈ :
ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਸਬੰਧੀ ਜਿਲ੍ਹਾ ਤਰਨ ਤਾਰਨ ਵਿੱਚ ਕਰਫਿਊ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਸ ਦੌਰਾਨ ਕਿਸੇ ਵੀ ਵਿਅਕਤੀ ਦੇ ਸੜਕਾ, ਗਲੀਆਂ ਅਤੇ ਜਨਤਕ ਥਾਵਾਂ ਤੇ ਘੁੰਮਣ ਫਿਰਨ ਦੀ ਮਨਾਹੀ ਕੀਤੀ ਗਈ ਹੈ।
ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਆਉਂਦੇ ਸ਼ਰਾਬ ਦੇ ਠੇਕੇ (ਐਲ-2/ਐਲ 14ਏ) ਮਿਤੀ 7 ਮਈ, 2020 ਤੋਂ 17 ਮਈ, 2020 (ਸਵੇਰੇ 07:00 ਵਜੇ ਤੋਂ ਬਾਅਦ ਦੁਪਿਹਰ 03:00 ਵਜੇ) ਤੱਕ ਸ਼ਰਤਾਂ ਦੇ ਅਧਾਰ ‘ਤੇ ਖੋਲਣ ਦੀ ਆਗਿਆ ਦਿੱਤੀ ਜਾਂਦੀ ਹੈ ।
ਇਸ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਸਾਲ 2019-20 ਦੇ ਜਿਨ੍ਹਾਂ ਲਾਇਸੰਸੀਆਂ ਨੇ ਸਾਲ 2020-21 ਲਈ ਲਾਈਸੰਸ ਰੀਨਿਊ ਕਰਵਾਉਣ ਦੀ ਆਪਸ਼ਨ ਦਿੱਤੀ ਹੈ ਅਤੇ ਮਿਤੀ 23 ਮਾਰਚ, 2020 ਤੱਕ ਬਣਦੀਆਂ ਸਾਰੀਆਂ ਫੀਸਾਂ ਜਮ੍ਹਾਂ ਕਰਵਾ ਦਿੱਤੀਆਂ ਹਨ, ਨੂੰ ਉਕਤ ਸਮੇਂ ਦੌਰਾਨ ਆਰਜ਼ੀ ਤੌਰ ‘ਤੇ ਵੈਂਡ ਚਲਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
ਜਿਹੜੇ ਲਾਇਸੰਸੀਆਂ ਨੇ ਰਿਨਿਊਅਲ ਦੀ ਆਪਸ਼ਨ ਦਿੱਤੀ ਹੈ, ਪ੍ਰੰਤੂ ਮਿਤੀ 23 ਮਾਰਚ, 2020 ਤੱਕ ਦੀ ਦੇਣਦਾਰੀ ਬਕਾਇਆ ਹੈ, ਉਨ੍ਹਾਂ ਨੂੰ ਲਿਕੁਅਰ ਵੈਂਡ ਚਲਾਉਣ ਦੀ ਪ੍ਰਵਾਨਗੀ ਇਸ ਸ਼ਰਤ ‘ਤੇ ਦਿੱਤੀ ਜਾਦੀ ਹੈ, ਕਿ ਉਹ ਰਿਟੇਲ ਵੈਂਡ ਖੋਲ੍ਹਣ ਦੇ ਦੋ ਦਿਨਾ ਵਿੱਚ ਮਿਤੀ: 23 ਮਾਰਚ, 2020 ਦੀਆਂ ਦੇਣਦਾਰੀਆ ਦਾ ਭੁਗਤਾਨ ਕਰਨ ਦੇ ਪਾਬੰਦ ਹੋਣਗੇ।
ਨਵੇਂ ਅਲਾਟ ਹੋਏ ਗਰੁੱਪਾਂ, ਜਿਨ੍ਹਾਂ ਵੱਲੋਂ ਫਿਕਸਡ ਲਾਇਸੰਸ ਫੀਸ ਦਾ 50% ਹਿੱਸਾ ਜਮ੍ਹਾਂ ਕਰਵਾ ਦਿੱਤਾ ਗਿਆ ਹੈ ਨੂੰ ਵੀ ਲਿਕੁਅਰ ਵੈਂਡ ਖੋਲਣ ਦੀ ਆਗਿਆ ਦਿੱਤੀ ਜਾਦੀ ਹੈ।
ਜਿਹੜੇ ਨਵੇਂ ਗਰੁੱਪਾਂ ਵੱਲੋਂ ਫਿਕਸਡ ਲਾਇਸੰਸ ਫੀਸ ਦਾ 50% ਹਿੱਸਾ ਜਮ੍ਹਾਂ ਨਹੀਂ ਕਰਵਾਇਆ ਗਿਆ ਉਨ੍ਹਾਂ ਨੂੰ ਲਿਕੁਅਰ ਵੈਂਡ ਖੋਲਣ ਤੋਂ ਪਹਿਲਾ ਬਣਦੀ ਰਕਮ ਜਮ੍ਹਾਂ ਕਰਵਾਉਣੀ ਲਾਜ਼ਮੀ ਹੋਵੇਗੀ।
ਦੁਕਾਨਾ ਦੇ ਬਾਹਰ ਪੰਜ ਤੋਂ ਵੱਧ ਵਿਆਕਤੀਆਂ ਦੇ ਇਕ ਸਮੇਂ ਇਕੱਠੇ ਹੋਣ ਤੇ ਮੁਕੰਮਲ ਪਾਬੰਦੀ ਹੋਵੇਗੀ।ਦੁਕਾਨਾ ਦੇ ਬਾਹਰ ਗ੍ਰਾਹਕਾਂ ਦਰਮਿਆਨ ਸੋਸ਼ਲ ਡਿਸਟੈਂਸਿੰਗ ਲਈ ਜ਼ਮੀਨ ‘ਤੇ ਨਿਸ਼ਾਨ ਲਗਾਉਣੇ ਲਾਜ਼ਮੀ ਹੋਣਗੇ।ਸਰਕਾਰ ਦੀਆ ਹਦਾਇਤਾਂ ਅਨੁਸਾਰ ਵੈਂਡ ਉੱਤੇ ਸੈਨੀਟਾਈਜ਼ਰ ਅਤੇ ਹੋਰ ਸੈਨੇਟਾਈਜ਼ਿੰਗ ਦੇ ਪ੍ਰਬੰਧ ਕੀਤੇ ਜਾਣੇ ਯਕੀਨੀ ਬਣਾਏ ਜਾਣਗੇ।
ਹੁਕਮਾਂ ਅਨੁਸਾਰ ਲਾਕ ਡਾਊਨ ਦੇ ਸਮੇਂ ਦੌਰਾਨ ਲਾਇਸੰਸੀਆਂ ਨੂੰ ਸ਼ਰਾਬ ਦੀ ਹੋਮ ਡਿਲੀਵਰੀ ਕਰਨ ਦੀ ਆਗਿਆ ਸ਼ਰਤਾਂ ਦੇ ਅਧਾਰਤ ਦਿੱਤੀ ਜਾਂਦੀ ਹੈ।
ਸ਼ਰਾਬ ਦੀ ਹੋਮ ਡਿਲੀਵਰੀ ਕਰਨ ਲਈ ਇਕ ਗਰੁੱਪ ਵਿੱਚ ਕੇਵਲ 2 ਵਿਅਕਤੀਆਂ ਨੂੰ ਹੀ ਅਧਿਕਾਰਤ ਕੀਤਾ ਜਾਵੇਗਾ। ਹੋਮ ਡਿਲੀਵਰੀ ਕਰਨ ਲਈ ਅਧਿਕਾਰਤ ਕੀਤੇ ਗਏ ਵਿਅਕਤੀ ਕੋਲ ਵਿਭਾਗ ਵੱਲੋਂ ਜ਼ਾਰੀ ਕੀਤਾ ਪਹਿਚਾਣ ਪੱਤਰ ਹੋਣਾ ਜ਼ਰੂਰੀ ਹੋਵੇਗਾ ਅਤੇ ਕਰਫਿਊ ਦੌਰਨ ਕਰਫਿਊ ਪਾਸ ਵੀ ਲਾਜ਼ਮੀ ਹੋਵੇਗਾ।ਹੋਮ ਡਿਲੀਵਰੀ ਲਈ ਅਧਿਕਾਰਤ ਵਿਅਕਤੀ ਕੋਲ ਉਸਦਾ ਅਤੇ ਉਸਦੀ ਗੱਡੀ ਦਾ ਪਾਸ ਹੋਣਾ ਜ਼ਰੂਰੀ ਹੋਵੇਗਾ।ਹੋਮ ਡਿਲੀਵਰੀ ਕੇਵਲ ਸਵੇਰੇ 07.00 ਵਜੇ ਤੋਂ ਬਾਅਦ ਦੁਪਿਹਰ 03.00 ਵਜੇ ਤੱਕ ਹੀ ਕੀਤੀ ਜਾਵੇਗੀ।ਹੋਮ ਡਿਲੀਵਰੀ ਇੱਕ ਆਰਡਰ ‘ਤੇ 2 ਲੀਟਰ ਤੋਂ ਵੱਧ ਨਹੀਂ ਕੀਤੀ ਜਾਵੇਗੀ ਅਤੇ ਜਿਨ੍ਹਾਂ ਲਾਇਸੰਸੀਆਂ ਨੂੰ “ਪੰਜਾਬ ਇੰਨਟੌਕਸੀਕੈਂਟ ਲਾਇਸੰਸ ਐਂਡ ਸੇਲਜ਼ ਆਰਡਰ” 1956 ਦੇ ਆਰਡਰ 17 ਅਨੁਸਾਰ ਸ਼ਰਾਬ ਵੇਚਣ ਦੀ ਮਨਾਹੀ ਹੈ, ਉਹ ਲਾਇਸੰਸੀ ਹੋਮ ਡਿਲੀਵਰੀ ਨਹੀਂ ਕਰਨਗੇ।
ਸ਼ਰਾਬ ਦੀ ਹੋਮ ਡਿਲੀਵਰੀ ਕੇਵਲ ਕਰਫਿਊ/ਲਾਕਡਾਊਨ ਦੌਰਾਨ ਸਵੇਰੇ 07.00 ਵਜੇ ਤੋਂ ਬਾਅਦ ਦੁਪਿਹਰ 03.00 ਵਜੇ ਤੱਕ ਹੀ ਕੀਤੀ ਜਾਵੇਗੀ।ਜਿਲ੍ਹਾ ਪ੍ਰਸ਼ਾਸਨ ਵੱਲੋਂ ਘੋਸ਼ਿਤ ਕੀਤੇ ਗਏ ਜਾਂ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਟੇਨਮੈਂਟ ਜ਼ੋਨਾਂ ਅੰਦਰ ਆਉਂਦੇ ਸ਼ਰਾਬ ਦੇ ਠੇਕੇ (ਐਲ-2/ਐਲ 14ਏ) ਖੋਲ੍ਹਣ ‘ਤੇ ਮੁਕੰਮਲ ਪਾਬੰਦੀ ਹੋਵੇਗੀ।
ਉਪਰੋਕਤ ਤੋ ਇਲਾਵਾ ਕੋਵਿਡ-2019 ਦੇ ਸਬੰਧ ਵਿੱਚ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਕੀਤੀਆਂ ਗਈਆਂ ਹਦਾਇਤਾ ਅਨੁਸਾਰ ਮਾਸਕ, ਸੋਸ਼ਲ ਡਿਸਟੈਂਸਿੰਗ ਅਤੇ ਸੈਨੇਟਾਈਜ਼ਰ ਆਦਿ ਦੀ ਵਰਤੋਂ ਕੀਤੀ ਜਾਣੀ ਯਕੀਨੀ ਬਣਾਈ ਜਾਵੇਗੀ।
——————–