People need to be careful due to the rising heat wave – Civil Surgeon
                        ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਵੱਧ ਰਹੀ ਗਰਮੀ ਦੀ ਤੇਜ਼ ਲਹਿਰ ਦੇ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ-ਸਿਵਲ ਸਰਜਨ
ਤਰਲ ਪਦਾਰਥਾਂ ਦਾ ਕੀਤਾ ਜਾਏ ਜਿਆਦਾ ਤੋਂ ਜ਼ਿਆਦਾ ਸੇਵਨ
ਤਰਨ ਤਾਰਨ, 28 ਮਈ :
ਅੱਤ ਦੀ ਗਰਮੀ ਤੋਂ ਬਚਣ ਲਈ ਸਿਹਤ ਸੰਭਾਲ ਅਤਿਅੰਤ ਜ਼ਰੂਰੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਨੇ ਕਿਹਾ ਕਿ ਵੱਧ ਰਹੀ ਗਰਮੀ ਦੀ ਤੇਜ਼ ਲਹਿਰ ਦੇ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ।
ਡਾ. ਅਨੂਪ ਕੁਮਾਰ ਨੇ ਕਿਹਾ ਕਿ ਗਰਮੀ ਅਤੇ ਲੂੰਅ ਤੋਂ ਪ੍ਰਭਾਵਿਤ ਹੋਣ ਨਾਲ ਡੀ-ਹਾਈਡ੍ਰੇਸ਼ਨ, ਹੀਟ ਸਟ੍ਰੋਕ, ਬੁਖਾਰ, ਸਿਰਦਰਦ, ਉਲਟੀ, ਡਾਈਰੀਆ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ ।ਉਹਨਾਂ ਲੋਕਾਂ ਨੂੰ ਖਾਸ ਕਰ ਬਜ਼ੁਰਗਾਂ, ਬੱਚਿਆਂ ਅਤੇ ਪਹਿਲਾਂ ਤੋਂ ਹੀ ਕਿਸੀ ਬੀਮਾਰੀ ਨਾਲ ਪੀੜ੍ਹਤ ਹਨ ਨੂੰ ਇਸ ਮੌਸਮ ਵਿੱਚ ਖਾਸ ਖਿਆਲ ਰੱਖਣ ਦੀ ਸਲਾਹ ਦਿੱਤੀ । ਇਸ ਮੌਸਮ ਵਿੱਚ ਖੁਦ ਨੂੰ ਹਾਈਡ੍ਰੇਟ (ਸ਼ਰੀਰ ਵਿੱਚ ਪਾਣੀ ਦੀ ਕਮੀ ਤੋਂ ਬਚਣ) ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿੱਚ ਥਕਾਵਟ, ਬੁਖਾਰ, ਉਲਟੀਆਂ, ਦਿਲ ਦੀ ਧੜਕਣ ਤੇਜ ਹੋਣ ਆਦਿ ਦੇ ਲੱਛਣ ਪ੍ਰਗਟ ਹੋ ਸਕਦੇ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਤਰਲ ਪਦਾਰਥ ਜਿਵੇਂ ਨੀਂਬੂ ਪਾਣੀ, ਲੱਸੀ, ਨਾਰੀਅਲ ਪਾਣੀ ਆਦਿ ਦਾ ਵੱਧ ਤੋਂ ਵੱਧ ਇਸਤੇਮਾਲ ਕਰੋ।ਬਾਹਰ ਜਾਣ ਤੋਂ ਪਹਿਲਾਂ ਸ਼ਰੀਰ ਨੂੰ ਪੂਰੀ ਤਰ੍ਹਾਂ ਢੱਕਿਆ ਜਾਏ। ਸੰਤੁਲਤ ਤੇ ਘਰ ਦਾ ਬਣਿਆ ਭੋਜਨ ਲਿਆ ਜਾਏ। ਧੁੱਪ ਵਿੱਚ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾਏ। ਆਸ ਪਾਸ ਦੀ ਸਾਫ਼-ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਏ।
ਉਹਨਾਂ ਕਿਹਾ ਕਿ ਬਾਹਰ ਦਾ ਜੰਕ ਫੂਡ ਨਾ ਖਾਧਾ ਜਾਏ।ਸ਼ਰੀਰ ਨੂ ਬਿਨ੍ਹਾਂ ਢੱਕੇ ਬਾਹਰ ਨਾ ਨਿਕਲਿਆ ਜਾਏ।ਕੋਲਡ ਡਰਿੰਕਸ ਪੀਣ ਤੋਂ ਗੁਰੇਜ ਕੀਤਾ ਜਾਏ।ਭੱਖਦੀ ਦੁਪਹਿਰ 12 ਤੋਂ 3 ਵਜੇ ਤੱਕ ਬਾਹਰ ਨਿਕਲਣ ਤੋਂ ਬਚਿਆ ਜਾਏ। ਉਨ੍ਹਾਂ ਕਿਹਾ ਕਿ ਥੋੜ੍ਹੀ ਜਿਹੀ ਸਾਵਧਾਨੀ ਇਸ ਮੌਸਮ ਦੇ ਪ੍ਰਕੋਪ ਤੋਂ ਬਚਣ ਵਿੱਚ ਸਹਾਈ ਸਿੱਧ ਹੋ ਸਕਦੀ ਹੈ।
—————