Work started as usual in 21 Sewa Kender of the district-Deputy Commissioner
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹੇ ਦੇ 21 ਸੇਵਾ ਕੇਂਦਰਾਂ ਵਿਚ ਕੰਮ ਆਮ ਵਾਂਗ ਹੋਇਆ ਸ਼ੁਰੂ-ਡਿਪਟੀ ਕਮਿਸ਼ਨਰ
ਸੇਵਾ ਕੇਂਦਰਾਂ ਵਿੱਚ ਕੰਮ ਕਰਾਉਣ ਲਈ ਆਉਣ ਦਾ ਸਮਾਂ ਸਵੇੇਰੇ 7:30 ਵਜੇ ਤੋਂ ਦੁਪਹਿਰ 3:30 ਵਜੇ ਤੱਕ ਹੋਵੇਗਾ
18 ਜੂਨ ਤੋਂ ਸੇਵਾ ਕੇਂਦਰਾਂ ਵਿੱਚ ਸੇਵਾਵਾਂ ਲੈਣ ਲਈ ਆਨ-ਲਾਈਨ ਸਮਾਂ ਵੀ ਲਿਆ ਜਾ ਸਕੇਗਾ
ਤਰਨ ਤਾਰਨ, 17 ਜੂਨ :
ਕੋਵਿਡ-19 ਦੇ ਖਤਰੇ ਨੂੰ ਘੱਟ ਕਰਨ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਤੋਂ ਬਾਅਦ ਦੁਬਾਰਾ ਖੋਲੇ ਗਏ ਸੇਵਾ ਕੇਂਦਰਾਂ ਵਿਚ ਕੰਮ ਆਮ ਵਾਂਗ ਸ਼ੁਰੂ ਹੋ ਚੁੱਕਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਆਪਣੇ ਕਿਸੇ ਵੀ ਕੰਮ ਲਈ ਸੁਵਿਧਾ ਕੇਂਦਰ ਵਿਚ ਆਉਣ ਵਾਲੇ ਵਿਅਕਤੀ ਨੂੰ ਮੂੰਹ ੳੱੁਤੇ ਮਾਸਕ ਪਾਉਣ ਅਤੇ ਲਾਇਨ ਵਿਚ ਖੜਦੇ ਵਕਤ ਆਪਸੀ ਦੂਰੀ ਦਾ ਧਿਆਨ ਦੇਣਾ ਲਾਜ਼ਮੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 21 ਸੇਵਾ ਕੇਂਦਰਾਂ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ 1 ਟਾਈਪ -1, 4 ਟਾਈਪ -2 ਅਤੇ 16 ਟਾਇਪ-3 ਸੇਵਾਂ ਕੇਂਦਰ ਚੱਲ ਰਹੇ ਹਨ।ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸੇਵਾ ਕੇਂਦਰਾਂ ਵਿੱਚ ਕੰਮ ਕਰਾਉਣ ਲਈ ਆਉਣ ਦਾ ਸਮਾਂ 30 ਸਤੰਬਰ, 2020 ਤੱਕ ਸਵੇੇਰੇ 7:30 ਵਜੇ ਤੋਂ ਦੁਪਹਿਰ 3:30 ਵਜੇ ਤੱਕ ਹੋਵੇਗਾ।
ਉਹਨਾਂ ਕਿਹਾ ਕਿ 18 ਜੂਨ, 2020 ਤੋਂ ਸੇਵਾ ਕੇਂਦਰਾਂ ਵਿੱਚ ਸੇਵਾਵਾਂ ਲੈਣ ਲਈ ਆਨ-ਲਾਈਨ ਸਮਾਂ ਵੀ ਲਿਆ ਜਾ ਸਕੇਗਾ।ਉਹਨਾਂ ਦੱਸਿਆ ਕਿ ਟਾਈਪ-1 ਸੇਵਾ ਕੇਂਦਰ ਵਿੱਚ 2 ਕਾਊਂਟਰ ਅਤੇ ਹਰੇਕ ਟਾਈਪ-2 ਤੇ ਟਾਇਪ-3 ਸੇਵਾ ਕੇਂਦਰ ਵਿੱਚ ਇੱਕ-ਇੱਕ ਕਾਊਂਟਰ ਆਨ-ਲਾਈਨ ਸਮਾਂ ਲੈਣ ਵਾਲੇ ਵਿਅਕਤੀਆਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਵਿਸ਼ੇਸ ਤੌਰ ‘ਤੇ ਲਗਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਸੇਵਾਵਾਂ ਲੈਣ ਲਈ ਆਨ-ਲਾਈਨ ਸਮਾਂ “ਕੋਵਾ” ਐਪ, ਐੱਮ-ਸੇਵਾ ਐਪ, dit.punjab.gov.in ਅਤੇ ਫੋਨ ਨੰਬਰ 8968593812/13 ‘ਤੇ ਲਿਆ ਜਾ ਸਕਦਾ ਹੈ।
ਉਹਨਾਂ ਦੱਸਿਆ ਕਿ ਇਸ ਵੇਲੇ ਜ਼ਿਲ੍ਹੇ ਦੇ 21 ਸੇਵਾ ਕੇਂਦਰਾਂ ਵਿੱਚ ਲੱਗਭੱਗ 600 ਵਿਅਕਤੀ ਰੋਜ਼ਾਨਾ ਵੱਖ-ਵੱਖ ਸੇਵਾਵਾਂ ਲਈ ਪਹੁੰਚ ਕਰ ਰਹੇ ਹਨ। ਉਹਨਾਂ ਦੱਸਿਆ ਕਿ ਜ਼ਿਆਦਾਤਰ ਲੋਕ ਤਾਂ ਮਾਸਕ ਪਾ ਕੇ ਜਾਂ ਰੁਮਾਲ ਬੰਨ ਕੇ ਹੀ ਆਉਂਦੇ ਹਨ, ਪਰ ਜੇਕਰ ਕਿਸੇ ਨੇ ਅਜਿਹਾ ਨਾ ਕੀਤਾ ਹੋਵੇ ਤਾਂ ਸਾਡੇ ਕਰਮਚਾਰੀ ਉਸੇ ਵੇਲੇ ਇਸ ਗੱਲ ਦਾ ਨੋਟਿਸ ਲੈਂਦੇ ਉਸ ਨੂੰ ਮੂੰਹ ਢੱਕਣ ਲਈ ਆਖ ਦਿੰਦੇ ਹਨ। ਇਸੇ ਤਰਾਂ ਆਪਸੀ ਦੂਰੀ ਦਾ ਧਿਆਨ ਰੱਖਦੇ ਹੋਏ ਹਰੇਕ ਲਾਇਨ ਵਿਚ ਚੱਕਰ ਲਗਾ ਕੇ ਲੋਕਾਂ ਨੂੰ ਦੂਰ-ਦੂਰ ਖੜਨ ਦਾ ਸੰਦੇਸ਼ ਦਿੱਤਾ ਗਿਆ ਹੈ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫ਼ਤਿਹ ਸਬੰਧੀ ਵੀ ਲੋਕਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨਾ, ਮੂੰਹ ਤੇ ਮਾਸਕ ਲਗਾਉਣਾ ਅਤੇ ਬਾਰ ਬਾਰ ਨੱਕ ਮੂੰਹ ਨੂੰ ਹੱਥ ਲਗਾਉਣ ਤੋਂ ਗੁਰੇਜ ਕਰਨਾ ਸਬੰਧੀ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।ਉਨਾਂ ਕਿਹਾ ਕਿ ਕਰਮਚਾਰੀਆਂ ਦੇ ਆਪਣੇ-ਆਪਣੇ ਕੈਬਿਨ ਹਨ, ਪਰ ਇਸ ਦੇ ਬਾਵਜੂਦ ਵੀ ਉਨਾਂ ਨੂੰ ਆਪਸੀ ਦੂਰੀ ਰੱਖਣ ਲਈ ਹਦਾਇਤ ਕੀਤੀ ਹੋਈ ਹੈ। ਦੁਪਿਹਰ ਦੇ ਖਾਣੇ ਵਕਤ ਵੀ ਇੰਨਾਂ ਕਰਮਚਾਰੀਆਂ ਨੂੰ ਇਕੱਠੇ ਬੈਠਣ ਤੋਂ ਰੋਕਿਆ ਗਿਆ ਹੈ।
—————