Campaign for new enrollment of students by various schools in the district in full swing – Satnam Singh Bath
Publish Date : 23/04/2021

ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਵੱਲੋਂ ਵਿਦਿਆਰਥੀਆਂ ਦੇ ਨਵੇਂ ਦਾਖਲੇ ਲਈ ਪ੍ਰਚਾਰ ਪੂਰੇ ਜ਼ੋਬਨ ਤੇ- ਸਤਨਾਮ ਸਿੰਘ ਬਾਠ
ਤਰਨ ਤਾਰਨ 23 ਅਪ੍ਰੈਲ 2021 – ਸਰਕਾਰੀ ਸਕੂਲਾਂ ਦੇ ਅਧਿਆਪਕ ਸਹਿਬਾਨ ਨੇ ਆਪਣੀ ਬਿਹਤਰੀਨ ਕਾਰਗੁਜ਼ਾਰੀ ਸਦਕਾ ਆਪਣੇ ਸਕੂਲਾਂ ਨੂੰ ਅਸਮਾਨ ਦੀਆਂ ਬੁਲੰਦੀਆਂ ਤੇ ਲਿਜਾਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਸਕੂਲਾਂ ਵਿੱਚ ਨਵੇਂ ਦਾਖਲੇ ਲਈ ਜ਼ਿਲ੍ਹੇ ਦੇ ਸਮੂਹ ਅਧਿਆਪਕ ਸਹਿਬਾਨ ਵੱਲੋਂ ਪੂਰੀ ਤਨਦੇਹੀ ਨਾਲ ਮਿਹਨਤ ਕੀਤੀ ਜਾ ਰਹੀ ਹੈ । ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਤਨਾਮ ਸਿੰਘ ਬਾਠ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਹਰਪਾਲ ਸਿੰਘ ਸੰਧਾਵਾਲੀਆ ਨੇ ਮੀਡੀਆ ਕੋਆਰਡੀਨੇਟਰ ਦਿਨੇਸ਼ ਕੁਮਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵੇਲੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਅੰਦਰ ਉਰ ਪਹਿਲੂ ਨੂੰ ਬਾਖੂਬੀ ਧਿਆਨ ਵਿੱਚ ਰੱਖਦੇ ਹੋਏ ਸਕੂਲਾਂ ਦੀ ਬਿਹਤਰੀ ਵਾਸਤੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ । ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਗੋਇੰਦਵਾਲ ਸਾਹਿਬ, ਸਰਕਾਰੀ ਹਾਈ ਸਕੂਲ ਰਾਜੇਕੇ, ਸਰਕਾਰੀ ਹਾਈ ਸਕੂਲ ਕੈਰੋਂ ਅਤੇ ਹੋਰ ਸਕੂਲਾਂ ਨੇ ਡੋਰ ਟੂ ਡੋਰ ਮੁਹਿੰਮ ਤਹਿਤ ਲੋਕਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਸਕੂਲਾਂ ਦੇ ਸੁੰਦਰ ਪੋਸਟਰ ਵੀ ਲੋਕਾਂ ਨਾਲ ਸਾਂਝੇ ਕਰਦੇ ਹੋਏ ਉਹਨਾਂ ਨੂੰ ਸਕੂਲ ਆ ਕੇ ਸਕੂਲਾਂ ਦੀ ਬਦਲੀ ਦਿੱਖ ਅਤੇ ਕਾਰਗੁਜ਼ਾਰੀ ਨੂੰ ਆਪਣੀ ਅੱਖੀਂ ਵੇਖਣ ਲਈ ਸਤਿਕਾਰ ਸਹਿਤ ਸੱਦਾ ਦਿੱਤਾ । ਇਹਨਾਂ ਸਕੂਲ ਮੁਖੀਆਂ ਅਤੇ ਅਧਿਆਪਕ ਸਹਿਬਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਿਸ ਦਿਨ ਲੋਕਾਂ ਦਾ ਮੋਹ ਮਹਿੰਗੀਆਂ ਫੀਸਾਂ ਵਾਲੇ ਸਕੂਲਾਂ ਤੋਂ ਭੰਗ ਹੋ ਜਾਵੇਗਾ । ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਬਿਹਤਰੀਨ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ । ਜਿਸਦੇ ਸਦਕਾ ਲੋਕਾਂ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਬਹੁਤ ਵਧਿਆ ਹੈ । ਜ਼ਿਲ੍ਹਾ ਸਿੱਖਿਆ ਅਫਸਰ ਸ੍ਰ ਸਤਨਾਮ ਸਿੰਘ ਬਾਠ ਨੇ ਅਧਿਆਪਕ ਸਹਿਬਾਨ ਅਤੇ ਸਕੂਲ ਮੁਖੀਆਂ ਵੱਲੋਂ ਕੀਤੀ ਜਾ ਰਹੀ ਇਸ ਕੋਸ਼ਿਸ਼ ਦੀ ਪ੍ਰਸ਼ੰਸ਼ਾ ਕਰਦਿਆਂ ਭਵਿੱਖ ਵਿੱਚ ਵੀ ਇੰਜ ਹੀ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ