Take the advice of an expert doctor through the app on e-Sanjivani OPD -Civil Surgeon
ਈ-ਸੰਜੀਵਨੀ ਓਪੀਡੀ ‘ਤੇ ਐਪ ਰਾਹੀਂ ਲਓ ਮਾਹਿਰ ਡਾਕਟਰ ਦੀ ਸਲਾਹ-ਸਿਵਲ ਸਰਜਨ
ਕੋਵਿਡ ਮਹਾਂਮਾਰੀ ਦੇ ਦੌਰ ਵਿੱਚ ਲੋਕ ਇਸ ਸਹੂਲਤ ਦਾ ਲਾਭ ਲੈਣ
ਤਰਨ ਤਾਰਨ, 26 ਮਈ :
ਕੋਵਿਡ ਮਹਾਂਮਾਰੀ ਦੇ ਚੱਲਦਿਆਂ ਹਸਪਤਾਲਾਂ ਵਿਚ ਭੀੜ ਘਟਾਉਣ ਦੇ ਉਦੇਸ਼ ਨਾਲ ਤੇ ਲੋਕਾਂ ਨੂੰ ਘਰ ਬੈਠੇ ਆਨਲਾਈਨ ਓ. ਪੀ. ਡੀ. ਦੀ ਸਹੂਲਤ ਦੇਣ ਲਈ ਈ-ਸੰਜੀਵਨੀ ਓ. ਪੀ. ਡੀ. ਮੁਫਤ ਆਨਲਾਈਨ ਡਾਕਟਰੀ ਸਲਾਹ ਸੰਬੰਧੀ ਸੇਵਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਈ-ਸੰਜੀਵਨੀ ਓ. ਪੀ. ਡੀ. ਰਾਹੀਂ ਜਨਰਲ ਓ.ਪੀ.ਡੀ., ਇਸਤਰੀ ਰੋਗਾਂ ਦੀ ਓ.ਪੀ.ਡੀ. ਦਾ ਸਮਾਂ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਹੈ।
ਉਹਨਾਂ ਦੱਸਿਆ ਕਿ ਮਰੀਜ਼ ਘਰ ਬੈਠ ਕੇ ਲੈਪਟਾਪ ਜਾਂ ਸਮਾਰਟ ਫੋਨ ‘ਤੇ ਇਸ ਈ-ਸੰਜੀਵਨੀ ਓ. ਪੀ. ਡੀ. ਐਪ ‘ਤੇ ਮਾਹਿਰ ਡਾਕਟਰ ਦੀ ਸਲਾਹ ਲੈ ਸਕਦੇ ਹਨ ਤੇ ਉਨ੍ਹਾਂ ਵੱਲੋਂ ਰੋਗ ਨਾਲ ਸੰਬੰਧਤ ਦਵਾਈ ਦੀ ਪ੍ਰਸਕ੍ਰਿਪਸ਼ਨ ਡਾਊਨਲਾਊਡ ਕਰ ਕੇ ਕੈਮਿਸਟ ਤੋਂ ਦਵਾਈ ਪ੍ਰਾਪਤ ਕੀਤੀ ਜਾ ਸਕਦੀ ਹੈ। ਡਾ. ਮਹਿਤਾ ਨੇ ਇਹ ਵੀ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਇਸ ਦੌਰ ਵਿੱਚ ਇਹ ਸਹੂਲਤ ਬਹੁਤ ਹੀ ਸ਼ਲਾਘਾਯੋਗ ਹੈ ਤੇ ਲੋਕਾਂ ਨੂੰ ਇਸ ਸਹੂਲਤ ਦਾ ਲਾਭ ਲੈਣਾ ਚਾਹੀਦਾ ਹੈ।