Kisan Mela at Krishi Vigyan Kendra Booh under “Kisan Bhagidari Prathmakta Hamari” Campaign
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ਵਿਖੇ “ਕਿਸਾਨ ਭਾਗੀਦਾਰੀ ਪ੍ਰਥਮਿਕਤਾ ਹਮਾਰੀ” ਅਭਿਆਨ ਤਹਿਤ ਲਗਾਇਆ ਗਿਆ ਕਿਸਾਨ ਮੇਲਾ
ਤਰਨ ਤਾਰਨ, 26 ਅਪ੍ਰੈਲ :
ਕ੍ਰਿਸ਼ੀ ਵਿਗਿਆਨ ਕੇਂਦਰ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਬੂਹ, ਤਰਨਤਾਰਨ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਆਤਮਾ, ਤਰਨਤਾਰਨ ਦੇ ਸਹਿਯੋਗ ਨਾਲ ਕਿਸਾਨ ਭਾਗੀਦਾਰੀ ਪ੍ਰਥਮਿਕਤਾ ਹਮਾਰੀ ਅਧੀਨ ਅਜ਼ਾਦੀ ਦਾ ਅੰਮ੍ਰਿਤ ਮਹਾ ਉੱਤਸਵ ਮੁਹਿੰਮ ਤਹਿਤ ਕਿਸਾਨ ਮੇਲਾ ਲਗਾਇਆ ਗਿਆ।
ਇਸ ਸਮਾਗਮ ਦਾ ਉਦਘਾਟਨ ਸ਼੍ਰੀ ਮੁਨੀਸ਼ ਕੁਮਾਰ, ਡਿਪਟੀ ਕਮਿਸ਼ਨਰ, ਤਰਨਤਾਰਨ ਨੇ ਮੁੱਖ ਮਹਿਮਾਨ ਵਜੋਂ ਕੀਤਾ ਗਿਆ। ਵੱਖ-ਵੱਖ ਵਿਭਾਗਾਂ ਜਿਵੇਂ ਕਿ ਖੇਤੀਬਾੜੀ, ਆਤਮਾ, ਪਸ਼ੂ ਪਾਲਣ, ਬਾਗਬਾਨੀ, ਪੰਜਾਬ ਡੇਅਰੀ ਵਿਕਾਸ ਬੋਰਡ ਆਦਿ ਨੇ ਵੀ ਭਾਗ ਲਿਆ ਅਤੇ ਆਪਣੇ ਉਤਪਾਦ ਪ੍ਰਦਰਸ਼ਿਤ ਕੀਤੇ। ਡਾ. ਬਲਵਿੰਦਰ ਕੁਮਾਰ, ਐਸੋਸੀਏਟ ਡਾਇਰੈਕਟਰ, ਕੇ ਵੀ ਕੇ ਨੇ ਇਸ ਸਮਾਗਮ ਵਿੱਚ ਭਾਗ ਲੈਣ ਵਾਲੇ ਸਾਰੇ ਭਾਗੀਦਾਰਾਂ ਦਾ ਸੁਆਗਤ ਕੀਤਾ।ਇਸ ਸਮਾਗਮ ਵਿੱਚ ਤਰਨਤਾਰਨ ਦੇ ਵੱਖ-ਵੱਖ ਪਿੰਡਾਂ ਤੋਂ 700 ਦੇ ਕਰੀਬ ਕਿਸਾਨ ਅਤੇ ਕਿਸਾਨ ਬੀਬਆਂ ਨੇ ਭਾਗ ਲਿਆ।
ਇਸ ਮੌਕੇ ਕੁਦਰਤੀ ਖੇਤੀ ਦੇ ਵੱਖ-ਵੱਖ ਪਹਿਲੂਆਂ, ਖੇਤੀ ਮਸ਼ੀਨੀਕਰਨ, ਟਿਕਾਊ ਖੇਤੀ ਦੇ ਚੰਗੇ ਅਭਿਆਸਾਂ, ਬਾਜਰੇ ਅਤੇ ਹੋਰ ਅਨਾਜ ਦੀਆਂ ਫਸਲਾਂ ਦਾ ਬਾਇਓਫੋਰਟੀਫਿਕੇਸ਼ਨ ਬਾਰੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਗਈ। ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਕੇ.ਵੀ.ਕੇ., ਖੇਤੀਬਾੜੀ ਵਿਭਾਗ ਅਤੇ ਅਗਾਂਹਵਧੂ ਕਿਸਾਨਾਂ ਵੱਲੋਂ ਪ੍ਰਦਰਸ਼ਿਤ ਵੱਖ-ਵੱਖ ਸਟਾਲਾਂ ਦਾ ਦੌਰਾ ਕਰਕੇ ਬਹੁਤ ਖੁਸ਼ ਹੋਏ। ਉਨ੍ਹਾਂ ਨੇ ਅਜਿਹੇ ਪ੍ਰੋਗਰਾਮ ਆਯੋਜਿਤ ਕਰਨ ਲਈ ਕੇਵੀਕੇ, ਖੇਤੀਬਾੜੀ ਵਿਭਾਗ ਅਤੇ ਆਤਮਾ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕਿਹਾ ਅਤੇ ਕਿਸਾਨਾਂ ਨੂੰ ਵੱਖ-ਵੱਖ ਉਦਯੋਗਾਂ ਵਿੱਚ ਲਾਭ ਲੈਣ ਲਈ ਵੱਖ-ਵੱਖ ਵਿਭਾਗਾਂ ਦੇ ਮਾਹਿਰਾਂ ਦੀ ਗੱਲ ਸੁਣਨ ਦੀ ਸਲਾਹ ਦਿੱਤੀ। ਕੇਵੀਕੇ ਅਤੇ ਪਸ਼ੂ ਪਾਲਣ ਵਿਭਾਗ ਤਰਨਤਾਰਨ ਵੱਲੋਂ ਸਾਂਝੇ ਤੌਰ `ਤੇ ਪਸ਼ੂ ਭਲਾਈ ਇਲਾਜ ਕੈਂਪ ਵੀ ਲਗਾਇਆ ਗਿਆ।
ਮੇਲੇ ਵਿੱਚ ਸ: ਜਗਵਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਸ਼੍ਰੀ ਵਿਕਰਮ ਸੂਦ ਪ੍ਰੋਜੈਕਟ ਡਾਇਰੈਕਟਰ ਆਤਮਾ., ਸ: ਹਰਭਜਨ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ, ਡਾ: ਮਨੀਸ਼ ਗੁਪਤਾ ਸਹਾਇਕ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਸ: ਨਵਤੇਜ ਸਿੰਘ, ਸ: ਗੁਰਸਾਹਿਬ ਸਿੰਘ, ਸ. ਮਸਤਿੰਦਰ ਸਿੰਘ, ਸ: ਕੁਲਦੀਪ ਸਿੰਘ, ਸ: ਹਰਪਾਲ ਸਿੰਘ, ਸ: ਰੁਲਦਾ ਸਿੰਘ, ਸ: ਕੇਵਲ ਸਿੰਘ ਭਿੰਡਰ, ਸ: ਹਰਮੀਤ ਸਿੰਘ ਅਤੇ ਹੋਰ ਖੇਤੀਬਾੜੀ ਅਧਿਕਾਰੀਆਂ ਨੇ ਭਾਗ ਲਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਵਿੱਚ ਮੱਲਾਂ ਮਾਰਨ ਵਾਲੇ ਕਿਸਾਨਾਂ ਅਤੇ ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਮਿੱਟੀ ਸਿਹਤ ਕਾਰਡ ਵੰਡੇ ਗਏ। ਉਨ੍ਹਾਂ ਕੇਵੀਕੇ ਦੀ ਟੈਕਨਾਲੋਜੀ ਯੂਨਿਟ, ਐਨੀਮਲ ਸਾਇੰਸ ਲੈਬ, ਭੂਮੀ ਵਿਗਿਆਨ ਲੈਬ ਅਤੇ ਗ੍ਰਹਿ ਵਿਗਿਆਨ ਲੈਬ ਦਾ ਵੀ ਦੌਰਾ ਕੀਤਾ। ਕਿਸਾਨਾਂ ਨੇ ਬੀਜਾਂ ਦੀਆਂ ਸੁਧਰੀਆਂ ਕਿਸਮਾਂ, ਯੂਨੀਵਰਸਿਟੀ ਦੀਆਂ ਕਿਤਾਬਾਂ, ਖਣਿਜ ਮਿਸ਼ਰਣ, ਯੂਰੋਮਿਨ ਲਿਕ ਅਤੇ ਬਾਈਪਾਸ ਫੈਟ ਆਦਿ ਦੀ ਖਰੀਦ ਲਈ ਕੇਵੀਕੇ ਦੇ ਸਟਾਲ ਦਾ ਦੌਰਾ ਕੀਤਾ ਅਤੇ ਨਵੀਨਤਮ ਤਕਨਾਲੋਜੀਆਂ ਪ੍ਰਾਪਤ ਕੀਤੀਆਂ।
ਸ: ਗੁਰਬਚਨ ਸਿੰਘ, ਸ: ਪ੍ਰਭਪਾਲ ਸਿੰਘ ਢਿੱਲੋਂ ਅਤੇ ਸ: ਸ਼ੇਰ ਸਿੰਘ ਵਰਗੇ ਕਿਸਾਨਾਂ ਨੇ ਕੇਵੀਕੇ ਦੀ ਭੂਮਿਕਾ ਨੂੰ ਸਰਾਹਿਆ ਅਤੇ ਹੋਰ ਕਿਸਾਨਾਂ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ। ਡਾ: ਅਨਿਲ ਕੁਮਾਰ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਰੇ ਕਿਸਾਨਾਂ, ਕਿਸਾਨ ਬੀਬੀਆਂ ਅਤੇ ਸਬੰਧਤ ਅਧਿਕਾਰੀਆਂ ਦਾ ਧੰਨਵਾਦ ਕੀਤਾ।