Close

People do not have to call our MLAs for work, create such an environment-Meet Hayer

Publish Date : 05/08/2022

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨਤਾਰਨ

ਲੋਕਾਂ ਨੂੰ ਕੰਮਾਂ ਲਈ ਸਾਡੇ ਵਿਧਾਇਕਾਂ ਤੋਂ ਫੋਨ ਨਾ ਕਰਵਾਉਣਾ ਪਵੇ, ਅਜਿਹਾ ਮਾਹੌਲ ਸਿਰਜੋ-ਮੀਤ ਹੇਅਰ

ਨਸ਼ੇ ਦਾ ਖਾਤਮ ਤੇ ਸਿੱਖਿਆ-ਸਿਹਤ ਦਾ ਪਸਾਰ ਸਾਡੀ ਪਹਿਲੀ ਤਰਜੀਹ-ਭੁੱਲਰ

ਪੱਟੀ, ਨੌਸ਼ਿਹਰਾ ਪੰਨੂੰਆਂ ਤੇ ਚੂਸਲੇਵੜ ਦੇ ਖੇਡ ਸਟੇਡੀਅਮ ਦਾ ਰੁਕਿਆ ਕੰਮ ਪੂਰਾ ਕਰੋ-ਭੁੱਲਰ

ਜਿਲ੍ਹੇ ਵਿਚ ਚੱਲ ਰਹੇ ਕੰਮਾਂ ਦੀ ਕੀਤੀ ਪੜਚੋਲ

ਤਰਨਤਾਰਨ, 4 ਅਗਸਤ ( )-ਜਿਲ੍ਹੇ ਵਿਚ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ਉਤੇ ਪੁੱਜੇ ਕੈਬਨਿਟ ਮੰਤਰੀ ਸ੍ਰੀ ਗੁਰਮੀਤ ਸਿੰਘ ਹੇਅਰ ਨੇ ਆਪਣੇ ਪਲੇਠੀ ਮੀਟਿੰਗ ਵਿਚ ਜਿਲ੍ਹਾ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਤੁਹਾਡੇ ਉਤੇ ਗਲਤ ਕੰਮ ਕਰਨ ਲਈ ਕਿਸੇ ਵੀ ਤਰਾਂ ਦਾ ਰਾਜਸੀ ਦਬਾਅ ਸਾਡੇ ਕਿਸੇ ਲੀਡਰ ਵੱਲੋਂ ਨਹੀਂ ਪਾਇਆ ਜਾਵੇਗਾ, ਸੋ ਤੁਸੀਂਂ ਕਾਨੂੰਨ ਦੇ ਦਾਇਰੇ ਵਿਚ ਰਹਿੰਦੇ ਹੋਏ ਆਪਣੇ ਜਿਲ੍ਹੇ ਲਈ ਲਾਮਿਸਾਲ ਕੰਮ ਕਰੋ। ਲੋਕ ਆਪਣੇ ਕੰਮਾਂ ਲਈ ਸਾਡੇ ਵਿਧਾਇਕ ਸਾਹਿਬਾਨ ਤੋਂ ਤਹਾਨੂੰ ਫੋਨ ਨਾ ਕਰਵਾਉਣ, ਬਲਕਿ ਉਨਾਂ ਦੇ ਕੰਮ ਤਰਜੀਹ ਅਧਾਰ ਉਤੇ ਹੋਣ। ਉਨਾਂ ਕਿਹਾ ਕਿ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਨਾ ਹੋਵੇ ਅਤੇ ਲੋਕਾਂ ਦੇ ਕੰਮ ਸਮੇਂ ਸਿਰ ਹੋਣ ਇਸ ਗੱਲ ਉਤੇ ਧਿਆਨ ਕੇਂਦਰਿਤ ਕਰੋ। ਸ੍ਰੀ ਹੇਅਰ ਨੇ ਕਿਹਾ ਕਿ ਲੋਕਾਂ ਨੇ ਬੜੇ ਉਤਸ਼ਾਹ ਤੇ ਚਾਅ ਨਾਲ ਇਹ ਸਰਕਾਰ ਚੁਣੀ ਹੈ, ਜਿਸ ਕਾਰਨ ਸਾਡੇ ਉਤੇ ਲੋਕਾਂ ਨੂੰ ਵੱਡੀਆਂ ਆਸਾਂ ਹਨ ਅਤੇ ਇਹ ਆਸ ਆਪਾਂ ਮਿਲ ਕੇ ਹੀ ਪੂਰੀ ਕਰਨੀ ਹੈ। ਜਿਲ੍ਹੇ ਦੀਆਂ ਸੰਪਰਕ ਸੜਕਾਂ ਦੀ ਹਾਲਤ ਉਤੇ ਨਜਰ ਮਾਰਦੇ ਸ੍ਰੀ ਹੇਅਰ ਨੇ ਸਤੰਬਰ ਮਹੀਨੇ ਵਿਚ ਸਾਰੀਆਂ ਸੰਪਰਕ ਸੜਕਾਂ ਦੀ ਮੁਰੰਮਤ ਪੂਰੀ ਕਰਨ ਦੀ ਹਦਾਇਤ ਕੀਤੀ।

ਤਰਨਤਾਰਨ ਦੇ ਖੇਡ ਸਟੇਡੀਅਮ ਵਿਚ ਖਿਡਾਰੀਆਂ ਦੇ ਖੇਡਣ ਸਮੇਂ ਸੈਰ ਕਰਦੇ ਲੋਕਾਂ ਦੀ ਗੱਲ ਸੁਣਕੇ ਉਨਾਂ ਨੇ ਪੁਲਿਸ ਨੂੰ ਹਦਾਇਤ ਕੀਤੀ ਕਿ ਇਸ ਕੰਮ ਨੂੰ ਰੋਕਿਆ ਜਾਵੇ ਕਿਉਂਕਿ ਸੈਰ ਕਰਨ ਵਾਲੇ ਖਿਡਾਰੀਆਂ ਵਿਚ ਰੁਕਾਵਟ ਬਣਦੇ ਹਨ ਅਤੇ ਸੱਟ ਲੱਗਣ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ। ਉਨਾਂ ਨੇ ਤਰਨਤਾਰਨ ਜਿਲ੍ਹੇ ਵਿਚ ਬਣੇ ਸਟੇਡੀਅਮਾਂ ਦੀ ਤਾਰੀਫ ਕਰਦੇ ਕਿਹਾ ਕਿ ਮੇਰੀ ਕੋਸ਼ਿਸ਼ ਹੋਵੇਗੀ ਕਿ ਤਹਾਨੂੰ ਚੰਗੇ ਕੋਚ ਦਿੱਤੇ ਜਾਣ, ਜੋ ਕਿ ਤੁਹਾਡੇ ਜਿਲ੍ਹੇ ਵਿਚੋਂ ਚੰਗੇ ਖਿਡਾਰੀ ਪੈਦਾ ਕਰਨ।

ਉਨਾਂ ਤਰਨਤਾਰਨ ਸ਼ਹਿਰ ਦੇ ਬੰਦ ਪਏ ਸੀਵਰੇਜ ਟਰੀਟਮੈਂਟ ਦਾ ਗੰਭੀਰ ਨੋਟਿਸ ਲੈਂਦੇ ਇਕ ਮਹੀਨੇ ਵਿਚ ਚਲਾਉਣ ਦੀ ਹਦਾਇਤ ਕੀਤੀ। ਇਸਦੇ ਨਾਲ ਹੀ ਉਨਾਂ ਸਾਰੀਆਂ ਨਗਰ ਕੌਸ਼ਲਾਂ ਵਿਚ ਸੀਵਰੇਜ ਟਰੀਟਮੈਂਟ ਪਲਾਂਟ ਬਨਾਉਣ ਦੇ ਕੰਮ ਦਾ ਜਾਇਜ਼ਾ ਲਿਆ। ਤਰਨਤਾਰਨ ਸ਼ਹਿਰ ਵਿਚ ਕੂੜੇ ਪ੍ਰਬੰਧਨ ਦਾ ਹਵਾਲਾ ਲੈਂਦੇ ਹੋਏ ਉਨਾਂ ਨਗਰ ਕੌਸ਼ਲ ਅਧਿਕਾਰੀਆਂ ਨੂੰ ਅਗਲੀ ਮੀਟਿੰਗ ਤੱਕ ਵਿਸਥਾਰਤ ਰਿਪੋਰਟ ਦੇਣ ਲਈ ਕਿਹਾ।

ਮੀਟਿੰਗ ਵਿਚ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਪੱਟੀ, ਨੌਸ਼ਹਿਰਾ ਪੰਨੂਆਂ ਤੇ ਚੂਸਲੇਵੜ ਦੇ ਅਧੂਰੇ ਪਏ ਖੇਡ ਸਟੇਡੀਅਮ ਪੂਰੇ ਕਰਨ ਦੀ ਮੰਗ ਰੱਖੀ। ਇਸਦੇ ਨਾਲ ਹੀ ਉਨਾਂ ਨੇ ਜਿਲ੍ਹੇ ਵਿਚ ਬਣੇ ਜਾਅਲੀ ਅਸਲਾ ਲਾਇਸੈਂਸ ਰੱਦ ਕਰਨ ਅਤੇ ਬਨਾਉਣ ਵਾਲੇ ਕਰਮਚਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਹਦਾਇਤ ਕਰਦੇ ਹੁਣ ਤੱਕ ਇਸ ਕੰਮ ਵਿਚ ਹੋਈ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਮੌਕੇ ਵਿਧਾਇਕ ਸ. ਕਸ਼ਮੀਰ ਸਿੰਘ ਸੋਹਲ,. ਵਿਧਾਇਕ ਸ. ਸਰਵਣ ਸਿੰਘ ਧੁੰਨ, ਵਿਧਾਇਕ ਬਾਬਾ ਬਕਾਲਾ ਸਾਹਿਬ ਸ ਦਲਬੀਰ ਸਿੰਘ ਟੌਂਗ, ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਸ. ਜਗਵਿੰਦਰਜੀਤ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ ਸ. ਸਕੱਤਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰਪਾਲ ਸਿੰਘ, ਐਕਸ਼ੀਅਨ ਸ ਜਸਬੀਰ ਸਿੰਘ ਸੋਢੀ, ਸਾਰੇ ਐਸ ਡੀ ਐਮਜ਼ ਅਤੇ ਜਿਲ੍ਹੇ ਦੇ ਸਾਰੇ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਹਾਜ਼ਰ ਵਿਧਾਇਕ ਸ ਸਰਵਣ ਸਿੰਘ ਧੁੰਨ ਨੇ ਸਾਰੇ ਵਿਧਾਇਕ ਸਾਹਿਬਾਨ ਵੱਲੋਂ ਆਪਣੇ ਜਿਲ੍ਹੇ ਨੂੰ ਪੁਲਿਸ ਰੇਂਜ ਫਿਰੋਜ਼ਪੁਰ ਨਾਲੋਂ ਹਟਾ ਕੇ ਪੁਲਿਸ ਰੇਜ ਅੰਮਿ੍ਰਤਸਰ ਨਾਲ ਜੋੜਨ ਦੀ ਮੰਗ ਵੀ ਰੱਖੀ। ਉਨਾਂ ਆਪਣੇ ਹਲਕੇ ਵਿਚ ਬਣ ਰਹੀਆਂ ਸੰਪਰਕ ਸੜਕਾਂ ਦੀ ਪ੍ਰਤੀ ਕਿਲੋਮੀਟਰ ਰੇਟ ਵਿਚ ਫਰਕ ਹੋਣ ਦੀ ਗੱਲ ਕਰਦੇ ਇਸ ਦਾ ਮੁੱਦਾ ਉਠਾਇਆ।