The training of Patwari of Tarn Taran district started in Amritsar-Deputy Commissioner

ਤਰਨਤਾਰਨ ਜਿਲ੍ਹੇ ਦੇ ਪਟਵਾਰੀਆਂ ਦੀ ਸਿਖਲਾਈ ਅੰਮ੍ਰਿਤਸਰ ਵਿਚ ਹੋਈ ਸ਼ੁਰੂ-ਡਿਪਟੀ ਕਮਿਸ਼ਨਰ
18 ਪਟਵਾਰੀਆਂ ਨੇ ਹਲਕਿਆਂ ਵਿਚ ਕੰਮ ਸ਼ੁਰੂ ਕੀਤਾ
ਤਰਨਤਾਰਨ, 8 ਅਗਸਤ
ਤਰਨਤਾਰਨ ਜਿਲ੍ਹੇ ਵਿਚ ਪਟਵਾਰੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਘਾਟ ਛੇਤੀ ਪੂਰੀ ਹੋਣ ਜਾ ਰਹੀ ਹੈ ਅਤੇ ਸਰਕਾਰ ਵੱਲੋਂ ਚੁਣੇ ਗਏ ਪਟਵਾਰੀਆਂ ਦੀ ਸਿਖਲਾਈ ਅੰਮ੍ਰਿਤਸਰ ਵਿਚ ਸ਼ੁਰੂ ਕਰ ਦਿੱਤੀ ਗਈ ਹੈ। ਉਕਤ ਪ੍ਰਗਟਾਵਾ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਨੇ ਦੱਸਿਆ ਕਿ ਤਰਨਤਾਰਨ ਜਿਲ੍ਹੇ ਵਿਚ ਪਟਵਾਰ ਸਰਕਲਾਂ ਦੀ ਲੋੜ ਪੂਰੀ ਕਰਨ ਲਈ 230 ਪਟਵਾਰੀਆਂ ਦੀ ਲੋੜ ਹੈ, ਪਰ ਲੰਮੇ ਸਮੇਂ ਤੋਂ ਜਿਲ੍ਹੇ ਵਿਚ ਕੇਵਲ 81 ਪਟਵਾਰੀਆਂ ਨਾਲ ਹੀ ਕੰਮ ਚੱਲ ਰਿਹਾ ਸੀ। ਇਕ ਪਟਵਾਰੀ ਨੂੰ 3 ਤੋਂ 4 ਸਰਕਲਾਂ ਦਾ ਕੰਮ ਦਿੱਤਾ ਹੋਇਆ ਸੀ, ਜਿਸ ਨਾਲ ਲੋਕਾਂ ਦੇ ਕੰਮ ਪ੍ਰਭਾਵਿਤ ਹੋਣ ਦੇ ਨਾਲ-ਨਾਲ ਪਟਵਾਰੀ ਵੀ ਕੰਮਾਂ ਨੂੰ ਲੈ ਕੇ ਦਬਾਅ ਵਿਚ ਰਹਿੰਦੇ ਸਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਜ਼ਰੂਰਤ ਨੂੰ ਸਮਝਦੇ ਹੋਏ ਹੁਣ ਸਾਡੇ ਜਿਲ੍ਹੇ ਨੂੰ 56 ਨਵੀਆਂ ਪੋਸਟਾਂ ਦਿੱਤੀਆਂ ਹਨ, ਜਿਸ ਵਿਚੋਂ 40 ਪਟਵਾਰੀਆਂ ਨੇ ਆਪਣੀ ਸਿਖਲਾਈ ਅੰਮ੍ਰਿਤਸਰ ਵਿਖੇ ਸ਼ੁਰੂ ਕਰ ਦਿੱਤੀ ਹੈ। ਉਨਾਂ ਦੱਸਿਆ ਕਿ ਇਸੇ ਤਰਾਂ ਅਸੀਂ ਆਪਣੇ ਜਿਲ੍ਹੇ ਦੀ ਲੋੜ ਤਰੁੰਤ ਪੂਰੀ ਕਰਨ ਦੇ ਇਰਾਦੇ ਨਾਲ ਸਰਕਾਰ ਵੱਲੋਂ 18 ਸੇਵਾ ਮੁੱਕਤ ਪਟਵਾਰੀਆਂ ਨੂੰ ਠੇਕੇ ਉਤੇ ਤਾਇਨਾਤ ਕਰਨ ਦੀ ਆਗਿਆ ਲਈ ਸੀ, ਜਿਸ ਵਿਚੋਂ 15 ਸੇਵਾ ਮੁਕਤ ਪਟਵਾਰੀਆਂ ਨੌਕਰੀ ਉਤੇ ਆ ਗਏ ਹਨ, ਜਦਕਿ ਬਾਕੀ ਤਿੰਨ ਅਗਲੇ ਇਕ-ਦੋ ਦਿਨਾਂ ਤੱਕ ਤਾਇਨਾਤ ਕਰ ਦਿੱਤੇ ਜਾਣਗੇ।
ਇਸ ਮੌਕੇ ਜਿਲ੍ਹਾ ਮਾਲ ਅਧਿਕਾਰੀ ਸ੍ਰੀ ਗੁਰਦੇਵ ਸਿੰਘ ਧੰਮ ਨੇ ਨਵੇਂ ਚੁਣੇ ਹੋਏ ਪਟਵਾਰੀਆਂ ਨੂੰ ਮਿਹਨਤ ਤੇ ਲਗਨ ਨਾਲ ਸਿਖਲਾਈ ਪੂਰੀ ਕਰਨ ਦੀ ਨਸੀਹਤ ਦਿੰਦੇ ਕਿਹਾ ਕਿ ਮਾਲ ਵਿਭਾਗ ਦੇ ਕੰਮ ਬਹੁਤ ਬਾਰੀਕੀ ਦਾ ਹੁੰਦਾ ਹੈ ਅਤੇ ਤੁਹਾਡੇ ਵੱਲੋਂ ਕੀਤੀ ਨਿੱਕੀ ਜਿਹੀ ਗਲਤੀ ਕਈ ਘਰਾਂ ਵਿਚ ਕਲੇਸ਼ ਦਾ ਕਾਰਨ ਬਣ ਜਾਂਦੀ ਹੈ, ਸੋ ਤੁਸੀਂ ਮੌਜੂਦਾ ਤਕਨੀਕ ਦੇ ਨਾਲ-ਨਾਲ ਵਿਭਾਗ ਵੱਲੋਂ ਦਿੱਤੀ ਜਾਣ ਵਾਲੀ ਸਿਖਲਾਈ ਹਰ ਪਹਿਲੂ ਦੀ ਜਾਣਕਾਰੀ ਪ੍ਰਾਪਤ ਕਰਦੇ ਹੋਏ ਪੂਰੀ ਕਰੋ। ਉਨਾਂ ਕਿਹਾ ਕਿ ਕੰਮ ਦਾ ਗਿਆਨ ਹੋਣ ਦੇ ਨਾਲ-ਨਾਲ ਲੋਕਾਂ ਨਾਲ ਨਿਮਰ, ਇਮਾਨਦਾਰ ਹੋਣਾ ਵੀ ਬਹੁਤ ਜ਼ਰੂਰੀ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸ ਅਨੁਸਾਸ਼ਨ ਤੇ ਇਮਾਨਦਾਰੀ ਵਿਚ ਵਿਚਰਦੇ ਹੋਏ ਵਿਭਾਗ ਦਾ ਚੰਗਾ ਅਕਸ਼ ਬਣਾਉਗੇ।