Farmer fairs organized under Jal Shakti Abhiyan at Krishi Vigyan Kendra Booh
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ਵਿਖੇ ਜਲ ਸ਼ਕਤੀ ਅਭਿਆਨ ਅਧੀਨ ਕਰਵਾਏ ਗਏ ਕਿਸਾਨ ਮੇਲੇ
ਤਰਨ ਤਾਰਨ, 02 ਨਵੰਬਰ :
ਕ੍ਰਿਸ਼ੀ ਵਿਗਿਆਨ ਕੇਂਦਰ, ਤਰਨਤਾਰਨ ਵੱਲੋਂ ਵਰਲਡ ਵਾਈਡ ਫੰਡ ਫਾਰ ਨੇਚਰ, ਹਰੀਕੇ ਦੇ ਸਹਿਯੋਗ ਨਾਲ 01 ਅਤੇ 02 ਨਵੰਬਰ, 2022 ਨੂੰ ਜਲ ਦੀ ਸੰਭਾਲ ਅਤੇ ਇਸਦੀ ਸੁਰੱਖਿਆ ਲਈ ਜਲ ਸ਼ਕਤੀ ਅਭਿਆਨ ਤਹਿਤ ਕਿਸਾਨ ਮੇਲੇ ਕਰਵਾਏ ਗਏ। ਪਹਿਲੇ ਦਿਨ 200 ਤੋਂ ਵੱਧ ਕਿਸਾਨਾਂ ਅਤੇ ਦੂਜੇ ਦਿਨ ਲਗਭਗ 300 ਕਿਸਾਨਾਂ, ਪੇਂਡੂ ਨੌਜਵਾਨਾਂ ਅਤੇ ਸਕੂਲੀ ਵਿਦਿਆਰਥੀਆਂ ਆਦਿ ਨੇ ਸ਼ਮੂਲੀਅਤ ਕੀਤੀ।
ਕਿਸਾਨ ਮੇਲੇ ਦੇ ਪਹਿਲੇ ਦਿਨ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਕਿਸਾਨਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਿਰਤੋਵਾਲ ਦੇ ਸਕੂਲੀ ਵਿਦਿਆਰਥੀਆਂ ਨੇ ਭਾਗ ਲਿਆ। ਦੂਜੇ ਕਿਸਾਨ ਮੇਲੇ ਵਿੱਚ ਪਿੰਡ ਹਰੀਕੇ, ਘੜਕਾ, ਕੰਬੋ ਢਾਏਵਾਲਾ ਅਤੇ ਮਰਾੜ ਦੇ ਸਰਪੰਚਾਂ ਅਤੇ ਕਿਸਾਨਾਂ ਨੇ ਭਾਗ ਲਿਆ।
ਇਸ ਮੌਕੇ ਬੋਲਦਿਆਂ ਡਾ: ਬਲਵਿੰਦਰ ਕੁਮਾਰ ਐਸੋਸੀਏਟ ਡਾਇਰੈਕਟਰ, ਕੇ ਵੀ ਕੇ ਨੇ ਕਿਸਾਨਾਂ ਨੂੰ ਖੇਤੀ ਵਿੱਚ ਸਿੰਚਾਈ ਦੀ ਸੁਚੱਜੀ ਵਰਤੋਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਕੇ.ਵੀ.ਕੇ. ਕਿਸਾਨਾਂ ਨੂੰ ਖੇਤੀਬਾੜੀ ਅਤੇ ਪਸ਼ੂਧਨ ਖੇਤਰ ਵਿੱਚ ਪਾਣੀ ਦੀ ਬੱਚਤ ਬਾਰੇ ਜਾਗਰੂਕ ਕਰਨ ਦੇ ਉਪਰਾਲੇ ਕਰ ਰਿਹਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਕੁਦਰਤੀ ਸਰੋਤਾਂ ਦੀ ਬਿਹਤਰ ਵਰਤੋਂ ਲਈ ਸਰੋਤ ਸੰਭਾਲ ਤਕਨੀਕਾਂ ਨੂੰ ਅਪਣਾਉਣ ਦੀ ਸਲਾਹ ਦਿੱਤੀ।
ਉਨ੍ਹਾਂ ਕਿਸਾਨਾਂ ਨੂੰ ਇਸ ਖੇਤਰ ਵਿੱਚ ਪਰਾਲੀ ਸਾੜਨ ਤੋਂ ਰੋਕਣ ਲਈ ਵੀ ਸਲਾਹ ਦਿੱਤੀ ਤਾਂ ਜੋ ਮੌਸਮੀ ਤਬਦੀਲੀ ਤੋਂ ਭਵਿੱਖ ਵਿੱਚ ਬਚਿਆ ਜਾ ਸਕੇ।ਉਨ੍ਹਾਂ ਨੇ ਸਾਰੇ ਕਿਸਾਨਾਂ ਨੂੰ ਕੁਦਰਤੀ ਸੋਮਿਆਂ ਨੂੰ ਬਚਾਉਣ, ਪਾਣੀ, ਮਿੱਟੀ ਅਤੇ ਹਵਾ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਪਹਿਲਕਦਮੀ ਕਰਨ ਲਈ ਇਕੱਠੇ ਹੋਣ ਦੀ ਅਪੀਲ ਕੀਤੀ।
ਸ਼੍ਰੀਮਤੀ ਗੀਤਾਂਜਲੀ ਕੰਵਰ, ਸੀਨੀਅਰ ਕੋਆਰਡੀਨੇਟਰ, ਡਬਲਯੂ ਡਬਲਯੂ ਐਫ-ਇੰਡੀਆ ਹਰੀਕੇ ਫੀਲਡ ਆਫਿਸ ਨੇ ਮੱਛੀਆਂ ਦੀਆਂ ਵੱਖ-ਵੱਖ ਲੁਪਤ ਹੋ ਰਹੀਆਂ ਪ੍ਰਜਾਤੀਆਂ ਜਿਵੇਂ ਕਿ ਇੰਡਸ ਰਿਵਰ ਡਾਲਫਿਨ ਬਾਰੇ ਜਾਗਰੂਕ ਕੀਤਾ ਅਤੇ ਮਨੁੱਖਾਂ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਚਰਚਾ ਕੀਤੀ।
ਡਾ. ਅਨਿਲ ਕੁਮਾਰ ਨੇ ਭਾਗੀਦਾਰਾਂ ਨੂੰ ਵਧੀਆ ਖੇਤੀ ਗਤੀਵਿਧੀਆਂ ਲਈ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਮਿੱਟੀ ਦੀ ਗੁਣਵੱਤਾ ਬਾਰੇ ਦੱਸਿਆ। ਡਾ: ਸੁਰੇਸ਼ ਕੁਮਾਰ ਨੇ ਪਸ਼ੂ ਪਾਲਣ ਦੇ ਤਰੀਕਿਆਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ। ਡਾ: ਗੁਲਗੁਲ ਸਿੰਘ ਨੇ ਕਿਸਾਨਾਂ ਅਤੇ ਭਾਗੀਦਾਰਾਂ ਨੂੰ ਪਾਣੀ ਦੀ ਵਿਗੜ ਰਹੀ ਹਾਲਤ ਅਤੇ ਇਸ ਦੇ ਮਨੁੱਖੀ ਜੀਵਨ `ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਡਾ. ਪਿਵਰਜੀਤ ਕੌਰ ਢਿੱਲੋਂ ਨੇ ਭਵਿੱਖ ਲਈ ਸਾਡੇ ਰੋਜ਼ਾਨਾ ਜੀਵਨ ਵਿੱਚ ਵੱਖ-ਵੱਖ ਭੋਜਨ ਉਤਪਾਦਾਂ ਦੀ ਕੁਸ਼ਲ ਵਰਤੋਂ ਬਾਰੇ ਕਿਸਾਨਾਂ ਨੂੰ ਗਿਆਨ ਦਿੱਤਾ। ਕੇਵੀਕੇ ਅਤੇ ਡਬਲਯੂ ਡਬਲਯੂ ਐਫ ਦੁਆਰਾ ਤਿਆਰ ਕੀਤੀ ਗਈ ਸਾਹਿਤ ਸਮੱਗਰੀ ਨੂੰ ਪੜ੍ਹਨ ਅਤੇ ਸਮਝਣ ਲਈ ਕਿਸਾਨਾਂ ਨੇ ਵੱਖ ਵੱਖ ਸਟਾਲਾਂ ਤੇ ਜਾ ਕੇ ਜਾਣਕਾਰੀ ਹਾਸਿਲ ਕੀਤੀ।