Leprosy Awareness Fortnight is being celebrated till February 13 dedicated to World Leprosy Day.
Publish Date : 01/02/2023
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਵਿਸ਼ਵ ਕੁਸ਼ਟ ਰੋਗ ਦਿਵਸ ਨੂੰ ਸਮਰਪਿਤ 13 ਫਰਵਰੀ ਤੱਕ ਮਨਾਇਆ ਜਾ ਰਿਹਾ ਹੈ ਲੈਪਰੋਸੀ (ਕੁਸ਼ਟ ਰੋਗ) ਜਾਗਰੂਕਤਾ ਪੰਦਰਵਾੜਾ
ਤਰਨ ਤਾਰਨ, 31 ਜਨਵਰੀ :
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਸੰਸਥਾਵਾਂ ਵਿਖੇ ਵਿਸ਼ਵ ਕੁਸ਼ਟ ਰੋਗ ਦਿਵਸ ਨੂੰ ਸਮਰਪਿਤ ਲੈਪਰੋਸੀ (ਕੁਸ਼ਟ ਰੋਗ) ਜਾਗਰੂਕਤਾ ਪੰਦਰਵਾੜਾ 13 ਫਰਵਰੀ ਤੱਕ ਮਨਾਇਆ ਜਾ ਰਿਹਾ ਹੈ, ਜਿਸਦਾ ਨਾਅਰਾ ਹੈ “ਆਉ ਅਸੀਂ ਕੁਸ਼ਟ ਰੋਗ ਨਾਲ ਲੜੀਏ ਅਤੇ ਇਸ ਨੂੰ ਇਤਿਹਾਸ ਬਣਾਈਏ”।
ਡਾਕਟਰ ਦਿਲਬਾਗ ਸਿੰਘ ਸਿਵਲ ਸਰਜਨ ਤਰਨ ਤਾਰਨ ਅਤੇ ਡਾਕਟਰ ਅਮਨਦੀਪ ਸਿੰਘ ਲੈਪਰੋਸੀ ਅਫਸਰ ਤਰਨ ਤਾਰਨ ਦੀ ਅਗਵਾਈ ਹੇਠ ਅੱਜ ਜਿਲ੍ਹੇ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਕੁਸ਼ਟ ਰੋਗ ਸਬੰਧੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਗਏ।
ਇਸੇ ਮੁਹਿੰਮ ਤਹਿਤ ਕੁਸ਼ਟ ਆਸ਼ਰਮ ਤਰਨਤਾਰਨ ਵਿਖੇ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਜ਼ਿਲ੍ਹਾ ਐਪੀਡੀਮਾਲੋਜਿਸਟ ਡਾਕਟਰ ਸਿਮਰਨ ਕੌਰ ਵੱਲੋਂ ਕੁਸ਼ਟ ਆਸ਼ਰਮ ਦੇ ਵਸਨੀਕਾਂ ਦਾ ਡਾਕਟਰੀ ਮੁਆਇਨਾ ਕੀਤਾ ਗਿਆ ਅਤੇ ਦਵਾਈਆਂ ਦਿੱਤੀਆਂ ਗਈਆਂ।
ਸ੍ਰੀਮਤੀ ਮਨਿੰਦਰਪ੍ਰੀਤ ਮੈਡੀਕਲ ਸੁਪਰਵਾਈਜ਼ਰ (ਲੈਪਰੋਸੀ) ਨੇ ਦੱਸਿਆ ਕਿ ਜਿਵੇਂ ਅਸੀਂ ਭਾਰਤ ਨੂੰ ਪੋਲੀਓ ਮੁਕਤ ਕੀਤਾ ਹੈ ਉਸੇ ਤਰ੍ਹਾਂ ਅਸੀਂ ਸਭ ਨੇ ਮਿਲ ਕੇ ਭਾਰਤ ਦੇਸ਼ ਨੂੰ ਕੁਸ਼ਟ ਰੋਗ ਮੁਕਤ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਕੁਸ਼ਟ ਰੋਗ ਪੂਰੀ ਤਰਾਂ ਇਲਾਜਯੋਗ ਹੈ ਅਤੇ ਇਸਦਾ ਇਲਾਜ ਸਮਹ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫਤ ਅਤੇ ਬਿਨਾਂ ਕਿਸੇ ਭੇਦ-ਭਾਵ ਦੇ ਕੀਤਾ ਜਾਂਦਾ ਹੈ।
ਜੇਕਰ ਕਿਸੇ ਦੇ ਵੀ ਸਰੀਰ ਉਪਰ ਹਲਕੇ ਚਿੱਟੇ ਜਾਂ ਤਾਂਬੇ ਰੰਗ ਦੇ ਦਾਗ ਅਤੇ ਚਮੜੀ ਦਾ ਸੁੰਨਾਪਨ ਹੈ, ਤਾਂ ਇਹ ਕੁਸ਼ਟ ਰੋਗ ਹੋ ਸਕਦਾ ਹੈ ਅਤੇ ਉਸਨੂੰ ਸਿਹਤ ਸੰਸਥਾ ਵਿਖੇ ਚੈਕ-ਅਪ ਕਰਵਾਉਣਾ ਚਾਹੀਦਾ ਹੈ। ਇਲਾਜ ਵਿਚ ਕਿਸੇ ਵੀ ਕਿਸਮ ਦੀ ਦੇਰੀ ਅਪੰਗਤਾ ਦਾ ਕਾਰਣ ਬਣ ਸਕਦੀ ਹੈ। ਕੁਸ਼ਟ ਰੋਗ ਦਾ ਸਮੇਂ ਸਿਰ ਇਲਾਜ ਕਰਨ ਨਾਲ ਮਰੀਜ ਪੂਰੀ ਤਰਾਂ ਠੀਕ ਹੋ ਸਕਦਾ ਹੈ ਅਤੇ ਅਪੰਗਤਾ ਤੋਂ ਬਚ ਸਕਦਾ ਹੈ। ਇਸ ਮੌਕੇ ਏ. ਐਮ. ਓ. ਵਿਰਸਾ ਸਿੰਘ, ਮ.ਪ.ਹ.ਸੁ. ਗੁਰਬਖਸ਼ ਸਿੰਘ ਅਤੇ ਕਾਰਜ ਸਿੰਘ ਆਦਿ ਹਾਜਰ ਸਨ।