Close

With mulching method, the cost of sowing paddy straw without setting fire to wheat is very less – progressive farmer Baldev Singh

Publish Date : 28/04/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਮਲਚਿੰੰਗ ਵਿਧੀ ਨਾਲ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਛਿੱਟੇ ਨਾਲ ਕਣਕ ਦੀ ਬਿਜਾਈ ਕਰਨ ‘ਤੇ ਬਹੁਤ ਹੀ ਘੱਟ ਹੁੰਦਾ ਹੈ ਖਰਚਾ-ਅਗਾਂਹਵਧੂ ਕਿਸਾਨ ਬਲਦੇਵ ਸਿੰਘ
ਖਡੂਰ ਸਾਹਿਬ, (ਤਰਨ ਤਾਰਨ) 26 ਅਪ੍ਰੈਲ :
ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਅੱਲੋਵਾਲ ਦੇ ਅਗਾਂਹਵਧੂ ਕਿਸਾਨ ਬਲਦੇਵ ਸਿੰਘ ਨੇ ਆਪਣੀ ਮਿਹਨਤ ਅਤੇ ਲਗਨ ਦੇ ਨਾਲ ਮਲਚਿੰੰਗ ਵਿਧੀ ਨਾਲ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਛਿੱਟੇ ਨਾਲ ਕਣਕ ਦੀ ਬਿਜਾਈ ਦੀ ਨਿਵੇਕਲੀ ਸਫ਼ਲਤਾ ਪ੍ਰਾਪਤ ਕੀਤੀ ਹੈ। ਜਿਸ ਦੀ ਖੇਤੀ ਨਾਲ ਜੁੜੇ ਮਾਹਿਰਾਂ ਅਤੇ ਪ੍ਰਸ਼ਾਸ਼ਨ ਵੱਲੋਂ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਦੱਸਿਆ ਕਿਸਾਨ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਸੁਰਿੰਦਰ ਸਿੰਘ ਨੇ ਕਿਹਾ ਕਿ ਜੋ ਕਿਸਾਨ ਲੀਹ ਤੋਂ ਹਟ ਕੇ ਕੁਝ ਨਵਾਂ ਕਰਨ ਵਿੱਚ ਵਿਸ਼ਵਾਸ਼ ਰੱਖਦੇ ਹਨ ਉਹ ਹੋਰ ਕਿਸਾਨਾਂ ਲਈ ਵੀ ਰਾਹ ਦਿਸੇਰਾ ਬਣ ਜਾਂਦੇ ਹਨ। ਉਹਨਾਂ ਕਿਹਾ ਕਿ ਜ਼ਿਲ੍ਹਾ ਤਰਨਤਾਰਨ ਵਿੱਚੋਂ ਕਣਕ ਅਤੇ ਝੋਨੇ ਦੀ ਰਹਿੰਦ ਖੂਹੰਦ ਨੂੰ ਅੱਗ ਲਗਾਉਣ ਦੀ ਪਿਰਤ ਨੂੰ ਖਤਮ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ।
ਅਗਾਂਹਵਧੂ ਕਿਸਾਨ ਸ੍ਰ. ਬਲਦੇਵ ਸਿੰਘ ਨੇ ਦੱਸਿਆ ਕਿ ਇਹ ਵਿਧੀ ਅਪਣਾਉਣ ਲਈ ਝੋਨੇ ਨੂੰ ਐੱਸ. ਐੱਮ. ਐੱਸ. ਕੰਬਾਈਨ ਜਾਂ ਬਿਨ੍ਹਾਂ ਐੱਸ. ਐੱਮ. ਐੱਸ. ਕੰਬਾਈਨ ਨਾਲ ਕਟਾਈ ਕਰਨ ਉਪਰੰਤ ਖੜ੍ਹੇ ਝੋਨੇ ਦੇ ਕਰਚਿਆਂ ਵਿੱਚ ਕਣਕ ਦੀ ਛਿੱਟੇ ਰਾਹੀਂ ਬਿਜਾਈ ਕੀਤੀ ਜਾ ਸਕਦੀ ਹੈ। ਕਣਕ ਦਾ ਬੀਜ 40 ਤੋਂ 45 ਕਿਲੋਗ੍ਰਾਮ ਅਤੇ ਡੀ ਏ ਪੀ ਖਾਦ 50 ਕਿਲੋ ਪ੍ਰਤੀ ਏਕੜ ਵਰਤੋਂ ਕੀਤੀ ਜਾਂਦੀ ਹੈ। ਬਿਨ੍ਹਾਂ ਐੱਸ. ਐੱਮ. ਐੱਸ. ਕੰਬਾਈਨ ਨਾਲ ਕਟਾਈ ਕਰਨ ਉਪਰੰਤ ਖੜ੍ਹੇ ਝੋਨੇ ਦੀ ਪਰਾਲੀ ਨੂੰ ਬਹੁਤ ਘੱਟ ਖਰਚੇ ਨਾਲ ਲੇਬਰ ਤੋਂ ਡੰਡੇ ਨਾਲ ਖਿਲਾਰਨ ਉਪਰੰਤ ਕਣਕ ਅਤੇ ਡੀ. ਏ. ਪੀ. ਖਾਦ ਦਾ ਛਿੱਟਾ ਦਿੱਤਾ ਜਾ ਸਕਦਾ ਹੈ। ਮਲਚਿੰਗ ਵਿਧੀ ਰਾਹੀਂ ਕਣਕ ਦਾ ਛਿੱਟਾ ਦੇਣ ਉਪਰੰਤ ਮਲਚਰ ਜਾਂ ਰੀਪਰ ਰਾਹੀਂ ਝੋਨੇ ਦੇ ਨਾੜ ਨੂੰ ਖੇਤ ਵਿੱਚ ਖਿਲਾਰ ਕੇ ਮਲਚਿੰਗ ਲਈ ਵਰਤ ਸਕਦੇ ਹਾਂ।
ਉਹਨਾਂ ਦੱਸਿਆ ਕਿ ਮਲਚਿੰਗ ਵਿਧੀ ਰਾਹੀਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਸਾਂਭ ਸੰਭਾਲ ਕਰ ਸਕਦੇ ਹਾਂ। ਮਲਚਿੰਗ ਵਿਧੀ ਰਾਹੀਂ ਖੇਤ ਨੂੰ ਤਿਆਰ ਕਰਨ ਵਾਲਾ ਖਰਚਾ ਜਿਵੇਂ ਹਲ ਚਲਾਉਣ, ਤਵੀਆਂ ਅਤੇ ਸੁਹਾਗਾ ਮਾਰਨ ਦਾ ਖਰਚਾ ਘੱਟਦਾ ਹੈ। ਮਲਚਿੰਗ ਵਿਧੀ ਨਾਲ ਜਮੀਨ ਵਿੱਚ ਆਰਗੈਨਿਕ ਮੈਟਰ ਅਤੇ ਸੂਖਮ ਜੀਵਾਣੂਆਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਹੈ। ਮਲਚਿੰਗ ਵਿਧੀ ਰਾਹੀਂ ਬੀਜੀ ਕਣਕ ਵਿੱਚ ਗੁੱਲੀ ਡੰਡੇ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ। ਮਲਚਿੰਗ ਵਿਧੀ ਰਾਹੀਂ ਖੇਤ ਵਿੱਚ ਨਮੀ ਬਰਕਰਾਰ ਰਹਿੰਦੀ ਹੈ, ਜਿਸ ਨਾਲ ਸਿੰਚਾਈ ਲਈ ਵਰਤਣ ਵਾਲੇ ਪਾਣੀ ਦੀ ਬੱਚਤ ਹੁੰਦੀ ਹੈ। ਕਿਸਾਨ ਸ੍ਰ. ਬਲਦੇਵ ਸਿੰਘ ਨੇ ਦੱਸਿਆ ਕਿ ਉਸਨੇ 2 ਸਾਲ ਪਹਿਲਾਂ ਇਕ ਏਕੜ ਤੋਂ ਕੰਮ ਸ਼ੁਰੂ ਕੀਤਾ ਸੀ ਹੁਣ 10 ਕਿਲ੍ਹੇ ਦੀ ਖੇਤੀ ਇਸ ਤਕਨੀਕ ਨਾਲ ਕਰਦੇ ਹਨ, ਜਿਸ ਉੱਤੇ ਖਰਚਾ ਬਹੁਤ ਹੀ ਘੱਟ ਹੁੰਦਾ ਹੈ। ਉਹਨਾਂ ਕਿਹਾ ਕਿ ਕਿਸਾਨ ਤਜ਼ਰਬੇ ਵਜੋਂ ਇਹ ਵਿਧੀ ਇਕ ਵਾਰ ਜਰੂਰ ਅਪਣਾਉਣ। ਇਸ ਮੌਕੇ ਖੇਤੀਬਾੜੀ ਅਫ਼ਸਰ ਡਾਕਟਰ ਮਲਵਿੰਦਰ ਸਿੰਘ ਢਿੱਲੋਂ, ਯਾਦਵਿੰਦਰ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ ਖਡੂਰ ਸਾਹਿਬ, ਖੇਤੀਬਾੜੀ ਵਿਸਥਾਰ ਅਫ਼ਸਰ ਜਸਪਾਲ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।