The purchase of wheat increased by 61 thousand 219 metric tons compared to last year in District Tarn Taran-Deputy Commissioner
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਤਰਨ ਤਾਰਨ ਵਿੱਚ ਪਿਛਲੇ ਸਾਲ ਨਾਲੋਂ 61 ਹਜ਼ਾਰ 219 ਮੀਟ੍ਰਿਕ ਟਨ ਵੱਧ ਹੋਈ ਕਣਕ ਦੀ ਖਰੀਦ-ਡਿਪਟੀ ਕਮਿਸ਼ਨਰ
ਇਸ ਸੀਜ਼ਨ ਦੌਰਾਨ ਕਣਕ ਦੀ ਖਰੀਦ ਵਿੱਚ ਦਰਜ ਕੀਤਾ ਗਿਆ 9.90 ਫੀਸਦੀ ਵਾਧਾ
ਖਰੀਦੀ ਫਸਲ ਦੀ ਕਿਸਾਨਾਂ ਨੂੰ ਕੀਤੀ ਗਈ 1231 ਕਰੋੜ 39 ਲੱਖ ਰੁਪਏ ਦੀ ਅਦਾਇਗੀ
ਤਰਨ ਤਾਰਨ, 04 ਮਈ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਦੀਆਂ ਮੰਡੀਆਂ ਵਿੱਚ ਇਸ ਸਾਲ ਹੁਣ ਤੱਕ 6,87,135 ਮੀਟ੍ਰਿਕ ਟਨ ਕਣਕ ਦੀ ਰਿਕਾਰਡ ਆਮਦ ਹੋਈ ਹੈ ਅਤੇ 03 ਮਈ ਤੱਕ ਪਿਛਲੇ ਸਾਲ ਨਾਲੋਂ 61 ਹਜ਼ਾਰ 219 ਮੀਟ੍ਰਿਕ ਟਨ ਕਣਕ ਦੀ ਵੱਧ ਖਰੀਦ ਕੀਤੀ ਜਾ ਚੁੱਕੀ ਹੈ।
ਉਹਨਾਂ ਦੱਸਿਆ ਕਿ ਪਿਛਲੇ ਸੀਜ਼ਨ ਦੌਰਾਨ ਜ਼ਿਲ੍ਹੇ ਦੀਆਂ ਮੰਡੀਆਂ ਵਿੱਚੋਂ 6,18,376 ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਸੀ, ਜਦਕਿ ਇਸ ਵਾਰ ਬੀਤੇ ਬੁੱਧਵਾਰ ਤੱਕ 6,79,595 ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਸਾਲ ਨਾਲੋਂ ਇਸ ਸੀਜ਼ਨ ਦੌਰਾਨ ਕਣਕ ਦੀ ਖਰੀਦ ਵਿਚ 9.90 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੀਦ ਕੀਤੀ ਗਈ ਕਣਕ ਦੀ ਮੰਡੀਆਂ ਵਿੱਚੋਂ ਚੁਕਾਈ ਕਰਨ ਵਿੱਚ ਤੇਜ਼ੀ ਲਿਆਂਦੀ ਗਈ ਹੈ ਅਤੇ ਹੁਣ ਤੱਕ 1,92,70 ਮੀਟ੍ਰਿਕ ਟਨ ਤੋਂ ਵੱਧ ਕਣਕ ਦੀ ਚੁਕਾਈ ਕੀਤੀ ਜਾ ਚੁੱਕੀ ਹੈ।ਮੰਡੀਆਂ ਵਿੱਚੋਂ ਖਰੀਦ ਕੀਤੀ ਗਈ ਕਣਕ ਦੀ ਚੁਕਾਈ ਨਾਲੋਂ-ਨਾਲ ਕਰਨੀ ਯਕੀਨੀ ਬਣਾਉਣ ਲਈ ਸਬੰਧਿਤ ਖਰੀਦ ਏਜੰਸੀਆਂ ਨੂੰ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਰੀਦੀ ਫਸਲ ਦੀ ਕਿਸਾਨਾਂ ਨੂੰ 48 ਘੰਟਿਆਂ ਵਿੱਚ ਅਦਾਇਗੀ ਕਰਨ ਲਈ ਖਰੀਦ ਏਜੰਸੀਆਂ ਨੂੰ ਆਦੇਸ਼ ਦਿੱਤੇ ਗਏ ਹਨ ਅਤੇ 03 ਮਈ ਤੱਕ 1231 ਕਰੋੜ 39 ਲੱਖ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 03 ਮਈ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਪਹੰੁਚੀ ਕਣਕ ਵਿੱਚੋਂ ਪਨਗਰੇਨ ਵੱਲੋਂ 2,28,589 ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ 1,74,727 ਮੀਟ੍ਰਿਕ ਟਨ, ਪਨਸਪ ਵੱਲੋਂ 1,49,326 ਮੀਟ੍ਰਿਕ ਟਨ, ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 1,04,457 ਮੀਟ੍ਰਿਕ ਟਨ ਅਤੇ ਐੱਫ਼. ਸੀ. ਆਈ. ਵੱਲੋਂ 13,165 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ।