Close

Progressive farmer Manjinder Singh Kajiwal became a source of inspiration for other farmers by adopting dairy farming as a subsidiary business.

Publish Date : 11/05/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡੇਅਰੀ ਫਾਰਮਿੰਗ ਨੂੰ ਸਹਾਇਕ ਧੰਦੇ ਵਜੋਂ ਅਪਣਾ ਕੇ ਦੂਸਰੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣੇ ਅਗਾਂਹਵਧੂ ਕਿਸਾਨ ਮਨਜਿੰਦਰ ਸਿੰਘ ਕਾਜੀਵਾਲ
ਖਡੂਰ ਸਾਹਿਬ, (ਤਰਨ ਤਾਰਨ) 10 ਮਈ :
ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਡਾ. ਸੁਰਿੰਦਰਪਾਲ ਸਿੰਘ ਦੀਆਂ ਹਦਾਇਤਾਂ ਮੁਤਾਬਕ ਕਿਸਾਨਾਂ ਨੂੰ ਸਹਾਇਕ ਧੰਦਿਆਂ ਵੱਲ ਪ੍ਰੇਰਿਤ ਕਰਨ ਵਾਸਤੇ ਬਲਾਕ ਖੇਤੀਬਾੜੀ ਅਫਸਰ ਡਾ. ਮਲਵਿੰਦਰ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਪਿੰਡ ਕਾਜੀਵਾਲ ਦੇ ਅਗਾਂਹਵਧੂ ਕਿਸਾਨ ਮਨਜਿੰਦਰ ਸਿੰਘ ਦੇ ਡੇਅਰੀ ਫਾਰਮ ਦਾ ਦੌਰਾ ਕੀਤਾ ਗਿਆ ।
ਇਸ ਮੌਕੇ ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਨੇ ਦੱਸਿਆ ਕਿ ਕੋਈ ਵੀ ਧੰਦਾ ਲਾਹੇਵੰਦ ਬਣਾਉਣ ਲਈ ਤਿੰਨ ਗੱਲਾਂ ਦੀ ਲੋੜ ਪੈਂਦੀ ਹੈ, ਗਿਆਨ, ਧਿਆਨ ਅਤੇ ਸਮਾਨ।ਜਿਹੜਾ ਕਿੱਤਾ ਸ਼ੁਰੂ ਕਰਨਾ ਹੋਵੇ, ਸਭ ਤੋਂ ਪਹਿਲਾਂ ਉਸ ਬਾਰੇ ਗਿਆਨ ਹੋਣਾ ਬਹੁਤ ਜ਼ਰੂਰੀ ਹੈ।ਬਗੈਰ ਗਿਆਨ ਤੋਂ ਉਸ ਧੰਦੇ ਨੂੰ ਕਦੇ ਵੀ ਲਾਹੇਵੰਦ ਨਹੀਂ ਬਣਾਇਆ ਜਾ ਸਕਦਾ।ਬੇਰੁਜ਼ਗਾਰ ਨੌਜਵਾਨਾਂ ਲਈ ਡੇਅਰੀ ਦਾ ਧੰਦਾ ਇੱਕ ਲਾਹੇਵੰਦ ਅਤੇ ਉਮੀਦ ਦੀ ਕਿਰਨ ਹੈ।ਇਸ ਧੰਦੇ ਨਾਲ ਲਗਾਤਾਰ ਆਮਦਨੀ ਆਉਂਦੀ ਹੈ ਅਤੇ ਹੋਰਾਂ ਨੂੰ ਰੁਜ਼ਗਾਰ ਵੀ ਦਿੱਤਾ ਜਾ ਸਕਦਾ ਹੈ।
ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਖਡੂਰ ਸਾਹਿਬ ਨੇ ਪਿੰਡ ਕਾਜੀਵਾਲ ਦੇ ਕਿਸਾਨ ਮਨਜਿੰਦਰ ਸਿੰਘ ਦੇ ਡੇਅਰੀ ਫਾਰਮ ਦਾ ਦੌਰਾ ਕਰਦਿਆਂ ਦੱਸਿਆ ਕਿ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਪਸ਼ੂ ਪਾਲਣ ਵਿਭਾਗ ਅਤੇ ਡੇਅਰੀ ਵਿਕਾਸ ਵਿਭਾਗ ਵਲੋਂ ਡੇਅਰੀ ਦੇ ਸੰਬੰਧ ਵਿੱਚ ਤਕਨੀਕੀ ਜਾਣਕਾਰੀ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਲਈ ਡੇਅਰੀ ਦਾ ਕਿੱਤਾ ਸ਼ੁਰੂ ਕਰਨ ਤੋਂ ਪਹਿਲਾਂ ਇਹਨਾਂ ਸੰਸਥਾਵਾਂ ਤੋਂ ਟ੍ਰੇਨਿੰਗ ਜ਼ਰੂਰ ਲਵੋ । ਜਿਹੜੇ ਬੰਦੇ ਨੇ ਡੇਅਰੀ ਦਾ ਧੰਦਾ ਕਰਨਾ ਹੋਵੇ ਉਸ ਨੂੰ ਇਸ ਧੰਦੇ ਵਿੱਚ ਦਿਲਚਸਪੀ ਹੋਣੀ ਬਹੁਤ ਜ਼ਰੂਰੀ ਹੈ । ਜੇਕਰ ਉਹ ਇਸ ਧੰਦੇ ਵਿੱਚ ਧਿਆਨ ਨਹੀਂ ਲਗਾ ਸਕਦਾ, ਉਸਨੂੰ ਕਦੇ ਵੀ ਕਾਮਯਾਬੀ ਨਹੀਂ ਮਿਲ ਸਕਦੀ । ਡੇਅਰੀ ਦੇ ਧੰਦੇ ਵਿੱਚ ਹਰ ਰੋਜ਼ ਹਾਜ਼ਰੀ ਦੇਣੀ ਬਹੁਤ ਜ਼ਰੂਰੀ ਕਿਉਂਕਿ ਗ਼ੈਰ ਹਾਜ਼ਰੀ ਵਿੱਚ ਡੇਅਰੀ ਫਾਰਮਿੰਗ ਦਾ ਕਿੱਤਾ ਨਹੀਂ ਚੱਲ ਸਕਦਾ।ਲਵੇਰੀਆਂ ਨੂੰ ਦਾਣਾ ਪਾਉਣ ਸਮੇਂ ਅਤੇ ਚੁਆਈ ਕਰਨ ਵੇਲੇ ਹਾਜ਼ਰੀ ਬਹੁਤ ਜ਼ਰੂਰੀ ਹੈ।ਪੰਜਾਬੀ ਦੀ ਕਹਾਵਤ “ਜਾਗਦਿਆਂ ਦੀਆਂ ਕੱਟੀਆਂ, ਸੁੱਤਿਆਂ ਦੇ ਕੱਟੇ” ਮੁਤਾਬਿਕ ਲਵੇਰਿਆਂ ਦੇ ਸੂਣ ਸਮੇਂ ਵੀ ਪਸ਼ੂ-ਪਾਲਕ ਦਾ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਿਹਾ ਅਗਾਂਹਵਧੂ ਕਿਸਾਨ ਸ੍ਰੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਸ ਕੋਲ ਮੁਰਾ ਨਸਲ ਦੀਆਂ 15 ਮੱਝਾਂ ਹਨ ਅਤੇ ਉਹ ਇਨ੍ਹਾਂ ਦੀ ਫੀਡ ਘਰ ਤਿਆਰ ਕਰਦਾ ਹੈ ਅਤੇ ਦੁੱਧ ਵੇਰਕਾ ਨੂੰ ਆਉਂਦਾ ਹੈ ਉਹਨਾ ਨੇ ਦੱਸਿਆ ਕਿ ਪਸ਼ੂਆਂ ਨੂੰ ਹਰ ਰੋਜ਼ 50 ਤੋਂ 100 ਗ੍ਰਾਮ ਧਾਤਾਂ ਦਾ ਚੂਰਾ (ਮਿਨਰਲ ਮਿਕਸਚਰ) ਚਾਰੇ ਦੇ ਨਾਲ ਖੁਆਉਣਾ ਚਾਹੀਦਾ ਹੈ ਜਾਂ 2 ਕਿਲੋ ਮਿਨਰਲ ਮਿਕਸਚਰ 01 ਕੁਇੰਟਲ ਫੀਡ ਵਿਚ ਮਿਲਾਉਣਾ ਚਾਹੀਦਾ ਹੈ।ਇਹ ਪਸ਼ੂਆਂ ਦੇ ਮਹੱਤਵਪੂਰਨ ਅੰਗਾਂ ਦੇ ਕੰਮਕਾਜ ਵਿਚ ਸੁਧਾਰ ਕਰਦਾ ਹੈ ਅਤੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਲੜਨ ਦੀ ਤਾਕਤ ਵਧਾਉਂਦਾ ਹੈ ਅਤੇ ਪਸ਼ੂਆਂ ਦੀ ਪਾਚਨ ਅਤੇ ਪ੍ਰਜਣਨ ਸ਼ਕਤੀ ਵਧਾਉਦਾ ਹੈ ਅਤੇ ਪਸ਼ੂ ਵਧੇਰੇ ਦੁੱਧ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਪਸ਼ੂ ਚਾਟ (ਯੂਰੋਮਿਨ ਲਿਕ) ਵੀ ਖੁਆਉਣੀ ਚਾਹੀਦੀ ਹੈ, ਜੋ ਕਿ ਪੋ੍ਰਟੀਨ ਅਤੇ ਧਾਤਾਂ ਦਾ ਮੁੱਖ ਸਰੋਤ ਹੈ ਅਤੇ ਇਹ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਲਵੇਰੇ ਸੂਆ ਨਹੀਂ ਭੰਨਦੇ। ਪਸ਼ੂ ਚਾਟ 06 ਮਹੀਨਿਆਂ ਤੋਂ ਘੱਟ ਉਮਰ ਦੇ ਕਟਰੂਆਂ ਅਤੇ ਵਛਰੂਆਂ ਨੂੰ ਨਹੀਂ ਖੁਆਉਣੀ ਚਾਹੀਦੀ। ਇਸ ਤੋਂ ਇਲਾਵਾ ਯਾਦਵਿੰਦਰ ਸਿੰਘ ਨੇ ਸਿਖਿਆਰਥੀਆਂ ਨੂੰ ਆਪਣੇ ਗਿਆਨ ਵਿਚ ਵਾਧਾ ਕਰਨ ਲਈ ਗਡਵਾਸੂ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਜਿਵੇਂ ਕਿ ਡੇਅਰੀ ਫਾਰਮਿੰਗ, ਬੱਕਰੀ ਪਾਲਣ, ਸੂਰ ਪਾਲਣ ਅਤੇ ਮੁਰਗੀ ਪਾਲਣ ਅਤੇ ਮਹੀਨਾਵਾਰ ਰਸਾਲਾ (ਵਿਗਿਆਨਕ ਪਸ਼ੂ ਪਾਲਣ) ਖਰੀਦਣ ਅਤੇ ਪੜ੍ਹਣ ਲਈ ਪ੍ਰੇਰਿਤ ਕੀਤਾ।