The Deputy Commissioner ordered the people of the potentially affected villages to be taken to safe places as a precaution
Publish Date : 11/07/2023
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਵਲੋਂ ਸੰਭਾਵੀ ਤੌਰ ਤੇ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਦੇ ਲੋਕਾਂ ਨੂੰ ਇਹਤਿਆਤ ਵਜੋਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦੇ ਹੁਕਮ
ਦਰਿਆਵਾਂ ਵਿਚ ਵਧਦੇ ਪਾਣੀ ਦੇ ਪੱਧਰ ਦੇ ਮੱਦੇਨਜ਼ਰ ਲਿਆ ਫੈਸਲਾ
ਫਲੱਡ ਐਕਸ਼ਨ ਪਲਾਨ ਨੂੰ ਲੋੜ ਮੁਤਾਬਿਕ ਲਾਗੂ ਕਰਨ ਲਈ ਅਧਿਕਾਰੀਆਂ/ਕਰਮਚਾਰੀਆਂ ਨੂੰ ਚੌਕਸ ਰਹਿਣ ਦੇ ਹੁਕਮ
ਤਰਨ ਤਾਰਨ,10 ਜੁਲਾਈ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ਼ੀ੍ਮਤੀ ਬਲਦੀਪ ਕੌਰ ਵਲੋਂ ਭਾਰੀ ਬਾਰਿਸ਼ ਅਤੇ ਸਤਲੁਜ ਅਤੇ ਬਿਆਸ ਦਰਿਆ ਵਿਚ ਪਾਣੀ ਦੇ ਲਗਾਤਾਰ ਵੱਧਦੇ ਪੱਧਰ ਨੂੰ ਮੁੱਖ ਰੱਖਦਿਆਂ ਇਹਤਿਆਤ ਵਲੋਂ ਦਰਿਆਵਾਂ ਦੇ ਕੰਢੇ ਜਾਂ ਸਿੱਧੇ ਤੌਰ ਤੇ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦੇ ਹੁਕਮ ਦਿੱਤੇ ਹਨ।
ਉਨਾਂ ਦੱਸਿਆ ਕਿ ਸੰਭਾਵੀ ਤੌਰ ਤੇ ਪ੍ਰਭਾਵਿਤ ਹੋਣ ਵਾਲੇ ਲੋਕਾਂ ਲਈ 07 ਰਾਹਤ ਕੈਂਪ ਬਣਾਏ ਗਏ ਹਨ । ਇਸ ਤੋਂ ਇਲਾਵਾ ਦਵਾਈਆਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਵਲੋਂ ਅੱਜ ਸਤਲੁਜ ਦਰਿਆ ਦੇ ਨਾਲ-ਨਾਲ ਬਣੇ ਬੰਨ੍ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ।
ਉਨ੍ਹਾਂ ਕਿਹਾ ਕਿ ਦਰਿਆਵਾਂ ਵਿਚ ਪਾਣੀ ਦਾ ਪੱਧਰ ਵਧਣ ਨਾਲ ਪੈਦਾ ਹੋਏ ਹਾਲਾਤ ਨੂੰ ਨਜਿੱਠਣ ਲਈ ਤਿਆਰ ਫਲੱਡ ਐਕਸ਼ਨ ਪਲਾਨ ਨੂੰ ਲਾਗੂ ਕਰਨ ਲਈ ਸਮੂਹ ਅਧਿਕਾਰੀ ਅਤੇ ਕਰਮਚਾਰੀ ਪੂਰੀ ਤਰ੍ਹਾਂ ਚੌਕਸ ਰਹਿਣ।
ਉਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਨੂੰ ਰੋਕਣਾ ਪ੍ਰਸ਼ਾਸ਼ਨ ਦੀ ਪਹਿਲ ਹੈ । ਇਸ ਤੋਂ ਇਲਾਵਾ ਪਸ਼ੂ ਧਨ ਨੂੰ ਬਚਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ।
ਉਨਾਂ ਕਿਹਾ ਕਿ ਸੰਭਾਵੀ ਤੌਰ ‘ਤੇ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਦੇ ਕਲੱਸਟਰ ਬਣਾਏ ਜਾਣ ਤਾਂ ਜੋ ਹੜ੍ਹ ਰੋਕੂ ਪ੍ਰਬੰਧਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾ ਸਕੇ । ਇਨਾਂ ਕਲੱਸਟਰਾਂ ਵਿੱਚ ਪੁਲਿਸ , ਸਿਵਲ , ਸਿਹਤ , ਮਾਲ ਤੇ ਪੇਂਡੂ ਵਿਕਾਸ ਵਿਭਾਗਾਂ ਦੇ ਅਧਿਕਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ ।
ਉਨਾਂ ਸਬੰਧਿਤ ਵਿਭਾਗਾਂ ਨੂੰ ਕਿਹਾ ਕਿ ਲੋੜ ਅਨੁਸਾਰ ਜੇ. ਸੀ . ਬੀ ਮਸ਼ੀਨਾਂ , ਪੀਣ ਵਾਲੇ ਪਾਣੀ ਦੀ ਸਪਲਾਈ ਲਈ ਟੈਂਕਰਾਂ ਨੂੰ ਤਿਆਰ ਰੱਖਿਆ ਜਾਵੇ । ਉਨਾਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਪਾਣੀ ਦੀ ਨਿਕਾਸੀ ਲਈ ਆਰਜ਼ੀ ਕੁਨੈਕਸ਼ਨ ਤੁਰੰਤ ਜਾਰੀ ਕੀਤੇ ਜਾਣ । ਇਸ ਤੋਂ ਇਲਾਵਾ ਮੋਬਾਇਲ ਟਰਾਂਸਫਾਰਮਰਾਂ ਦਾ ਪ੍ਰਬੰਧ ਕੀਤਾ ਜਾਵੇ ।
ਉਨ੍ਹਾਂ ਸਿਹਤ ਵਿਭਾਗ ਨੂੰ ਹੁਕਮ ਦਿੱਤੇ ਕਿ ਉਹ ਲੋਕਾਂ ਨੂੰ ਲੋੜ ਅਨੁਸਾਰ ਮੈਡੀਕਲ ਸਹਾਇਤਾ ਦੇਣ ਲਈ ਗਠਿਤ ਟੀਮਾਂ ਦੀ ਤੁਰੰਤ ਤਾਇਨਾਤੀ ਕਰਨ।
ਉਨਾਂ ਦਰਿਆਵਾਂ ਦੇ ਨਾਲ ਲੱਗਦੇ ਇਲਾਕਿਆਂ ਵਿਚ ਹੜ੍ਹ ਦੀ ਸਥਿਤੀ ਨਾਲ ਨਿਪਟਣ ਲਈ ਅਧਿਕਾਰੀਆਂ ਦੀਆਂ ਪਿੰਡ ਪੱਧਰ ਉਤੇ ਡਿਊਟੀਆਂ ਲਗਾਉਣ, ਲੋਕਾਂ ਨੂੰ ਸੁੱਰਖਿਅਤ ਥਾਵਾਂ ਤੇ ਲਿਜਾਣ, ਉਨਾਂ ਦੇ ਖਾਣ-ਪੀਣ ਦਾ ਪ੍ਰਬੰਧ ਕਰਨ ਅਤੇ ਪਸ਼ੂਆਂ ਦੇ ਚਾਰੇ ਆਦਿ ਦਾ ਪ੍ਰਬੰਧ ਕਰਨ ਲਈ ਤਿਆਰ ਰਹਿਣ ਵਾਸਤੇ ਕਿਹਾ।
ਉਨ੍ਹਾਂ ਸਮੂਹ ਐਸ.ਡੀ.ਐਮਜ਼ ਨੂੰ ਹੁਕਮ ਦਿੱਤੇ ਕਿ ਉਹ ਰੋਜ਼ਾਨਾ ਦੇ ਆਧਾਰ ਤੇ ਪਾਣੀ ਦੇ ਪੱਧਰ ਅਤੇ ਲੋਕਾਂ ਨੂੰ ਦਰਪੇਸ਼ ਕਿਸੇ ਵੀ ਮੁਸ਼ਕਿਲ ਬਾਰੇ ਰਿਪੋਰਟ ਪੇਸ਼ ਕਰਨ। ਇਸ ਤੋਂ ਇਲਾਵਾ ਪਸ਼ੂਆਂ ਦੇ ਹਰੇ ਚਾਰੇ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਪਸ਼ੂ ਪਾਲਣ ਵਿਭਾਗ ਨੂੰ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਅਫਵਾਹ ਉੱਪਰ ਯਕੀਨ ਨਾ ਕਰਨ।
ਉਨ੍ਹਾਂ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਨ੍ਹਾਂ ਦੀਆਂ ਟੀਮਾਂ ਜਿੱਥੇ ਭਾਖੜਾ ਅਤੇ ਪੌਂਗ ਡੈਮ ਤੋਂ ਪਾਣੀ ਛੱਡਣ ਸਬੰਧੀ ਲਗਾਤਾਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਨਾਲ ਰਾਬਤਾ ਰੱਖਣ।