Silage and feed are being distributed by the district administration with the support of social and religious organizations for the cattle of the flood affected farmers
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਪਸ਼ੂਆਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਵੰਡਿਆ ਜਾ ਰਿਹਾ ਸਾਇਲੇਜ਼ ਤੇ ਫੀਡ
ਤਰਨ ਤਾਰਨ, 21 ਅਗਸਤ :
ਹੜਾਂ੍ਹ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਤਰਨਤਾਰਨ ਵਿਖੇ ਵੱਖ-ਵੱਖ ਥਾਵਾਂ ਹਰੀਕੇ, ਕੋਟ ਬੁੱਢਾ, ਸਭਰਾ, ਤਲਵੰਡੀ ਸੋਭਾ ਸਿੰਘ, ਦੁੱਬਲੀ, ਵਲਟੋਹਾ, ਖੇਮਕਰਨ ਵਿਖੇ ਤੇ ਰਾਹਤ ਕੇਂਦਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਰਾਹਤ ਕੇਂਦਰਾਂ ਵਿੱਚ ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀਮਤੀ ਬਲਦੀਪ ਕੌਰ ਦੀ ਅਗਵਾਈ ਹੇਠ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਸਰਬੱਤ ਦਾ ਭਲਾ ਸੇਵਾ ਸੋਸਾਇਟੀ ਅਤੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੇ ਸਹਿਯੋਗ ਨਾਲ ਵੱਖ-ਵੱਖ ਤਰ੍ਹਾਂ ਦੀ ਫੌਰੀ ਰਾਹਤ ਸਮੱਗਰੀ ਦੀ ਵੰਡ ਕੀਤੀ ਜਾ ਰਹੀ ਹੈ।
ਇਸ ਦੌਰਾਨ ਪਸ਼ੂ ਚਾਰੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਮੁੱਖ ਖੇਤੀਬਾੜੀ ਅਫਸਰ ਡਾਕਟਰ ਹਰਪਾਲ ਸਿੰਘ ਪੰਨੂ ਦੀ ਅਗਵਾਈ ਹੇਠ ਖੇਤੀਬਾੜੀ ਅਫਸਰ ਭੁਪਿੰਦਰ ਸਿੰਘ ਅਤੇ ਜ਼ਿਲ੍ਹੇ ਦੇ ਸਮੁੱਚੇ ਖੇਤੀਬਾੜੀ ਸਟਾਫ਼ ਵੱਲੋਂ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਸਦਕਾ ਮੁੱਠਿਆਂ ਵਾਲਾ, ਝੁੱਗੀਆ ਨੂਰ ਮੁਹੰਮਦ, ਝੁੱਗੀਆਂ ਨੱਥਾ ਸਿੰਘ, ਰਾਮ ਸਿੰਘ ਵਾਲਾ, ਰਸੂਲਪੁਰ, ਸਭਰਾ, ਘੁੱਲੇਵਾਲਾ, ਭੂਰਾ ਹਥਾੜ ਆਦਿ ਪਿੰਡਾਂ ਵਿੱਚ ਲੋੜ ਅਨੁਸਾਰ ਧੁੱਸੀ ਬੰਨ੍ਹ ਦੇ ਨਾਲ-ਨਾਲ ਪਸ਼ੂਆਂ ਲਈ ਚਾਰਾ, ਸਾਇਲੇਜ਼ ਅਤੇ ਫੀਡ ਦੀ ਵੰਡ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਮੁੱਖ ਖੇਤੀਬਾੜੀ ਅਫਸਰ ਡਾਕਟਰ ਹਰਪਾਲ ਸਿੰਘ ਪੰਨੂ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਪਸ਼ੂਆਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਾਣਾ ਮੰਡੀ ਸਭਰਾ ਅਤੇ ਨੀਲੀ ਰਾਵੀ ਮੱਝਾਂ ਦੇ ਰਿਸਰਚ ਕੇਂਦਰ ਵਿਖੇ ਰਾਹਤ ਕੇਂਦਰ ਬਣਾਏ ਗਏ ਹਨ।ਉਹਨਾਂ ਦੱਸਿਆ ਕਿ ਪਸ਼ੂ ਪਾਲਕਾਂ ਦੇ ਪਸ਼ੂਆਂ ਲਈ ਲੱਗਭੱਗ 1100 ਕੁਇੰਟਲ ਸਾਇਲੇਜ਼ ਵੰਡਿਆ ਜਾ ਰਿਹਾ ਹੈ। ਇਸ ਤੋਂ 791 ਬੈਗ ਫੀਡ ਦੀ ਵੰਡ ਕੀਤੀ ਜਾ ਰਹੀ ਹੈ।