A meeting was held with officials from various departments by the Deputy Commissioner for the successful organization of Season 2 of ‘Khedan Watan Punjab Dian
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਦੇ ਸਫਲ ਆਯੋਜਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
ਬਲਾਕ ਪੱਧਰ ਖੇਡ ਮੁਕਾਬਲਿਆਂ ਦੀਆਂ ਤਿਆਰੀਆਂ ਲਈ ਸਬੰਧਿਤ ਅਧਿਕਾਰੀਆਂ ਨੂੰ ਦਿੱਤੇ ਦਿਸ਼ਾ-ਨਿਰਦੇਸ਼
ਖੇਡਾਂ ਵਿੱਚ ਭਾਗ ਲੈਣ ਲਈ www.khedanwatanpunjabdia.com ਪੋਰਟਲ ‘ਤੇ ਰਜਿਸਟਰ ਕਰਨ ਖਿਡਾਰੀ
ਜ਼ਿਲ੍ਹੇ ਦੇ ਸਮੂਹ ਬਲਾਕਾਂ ਵਿੱਚ 01 ਤੋਂ 10 ਸਤੰਬਰ 2023 ਤੱਕ ਹੋਣਗੇ ਬਲਾਕ ਪੱਧਰੀ ਖੇਡ ਮੁਕਾਬਲੇ
ਤਰਨ ਤਾਰਨ, 26 ਅਗਸਤ :
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਮੁੜ ਪੈਦਾ ਕਰਨ ਅਤੇ ਸੂਬੇ ਵਿੱਚ ਖਿਡਾਰੀਆਂ ਦੀ ਪ੍ਰਤਿਭਾ ਦੀ ਸ਼ਨਾਖਤ ਕਰਨ ਲਈ ਖੇਡ ਵਿਭਾਗ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਦੇ ਬਲਾਕ ਪੱਧਰ, ਜ਼ਿਲ੍ਹਾ ਪੱਧਰ ਤੇ ਸਟੇਟ ਪੱਧਰ ਦੇ ਖੇਡ ਮੁਕਾਬਲੇ ਜਾ ਰਹੇ ਹਨ।
ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਇਹਨਾਂ ਖੇਡ ਮੁਕਾਬਲਿਆਂ ਦੇ ਸਫਲ ਆਯੋਜਨ ਲਈ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ। ਇਸ ਮੌਕੇ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ ਅਤੇ ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਦੀਪਕ ਭਾਟੀਆ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ‘ਖੇਡਾਂ ਵਤਨ ਪੰਜਾਬ ਦੀਆਂ‘ ਸੀਜ਼ਨ-2 ਨੂੰ ਸਫ਼ਲ ਬਣਾਉਣ ਲਈ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਅਤੇ ਕਿਸੇ ਵੀ ਖਿਡਾਰੀ ਨੂੰ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਖੇਡਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਲਈ ਖਾਣ-ਪੀਣ, ਦਰਸ਼ਕਾਂ ਦੀ ਆਮਦ, ਸੁਰੱਖਿਆ, ਪਾਰਕਿੰਗ, ਪੀਣ ਵਾਲੇ ਪਾਣੀ, ਪਖਾਨੇ ਅਤੇ ਹੋਰ ਸਾਰੇ ਹੀ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਪੱਧਰੀ ਵਿੱਚ ਖੇਡ ਮੁਕਾਬਲਿਆਂ ਵਿੱਚ ਅਥਲੈਟਿਕਸ, ਫੁੱਟਬਾਲ, ਕਬੱਡੀ (ਸਰਕਲ ਸਟਾਈਲ), ਕਬੱਡੀ ਨੈਸ਼ਨਲ ਸਟਾਈਲ), ਖੋ-ਖੋ, ਵਾਲੀਬਾਲ (ਸਮੈਸ਼ਿੰਗ) ਵਾਲੀਬਾਲ (ਸ਼ੂਟਿੰਗ) ਦੇ ਮੁਕਾਬਲੇ ਕਰਵਾਏ ਜਾਣਗੇ।ਜ਼ਿਲ੍ਹਾ ਪੱਧਰ ‘ਤੇ ਅਥਲੈਟਿਕਸ, ਬੈਡਮਿੰਟਨ, ਬਾਕਸਿੰਗ, ਕਿੱਕ ਬਾਕਸਿੰਗ, ਚੈੱਸ, ਫੁੱਟਬਾਲ, ਗਤਕਾ, ਜੂਡੋ, ਹਾਕੀ, ਹੈਂਡਬਾਲ, ਕਬੱਡੀ ( ਸਰਕਲ ਸਟਾਈਲ), ਕਬੱਡੀ (ਨੈਸ਼ਨਲ ਸਟਾਈਲ), ਖੋ-ਖੋ, ਨੈੱਟਬਾਲ, ਪਾਵਰ ਲਿਫ਼ਟਿੰਗ, ਸ਼ੂਟਿੰਗ, ਸਾਫ਼ਟ ਬਾਲ, ਤੈਰਾਕੀ, ਟੇਬਲ ਟੈਨਿਸ, ਵਾਲੀਬਾਲ (ਸਮੈਸ਼ਿੰਗ) ਵਾਲੀਬਾਲ (ਸ਼ੂਟਿੰਗ), ਵੈਟ ਲਿਫ਼ਟਿੰਗ ਅਤੇ ਕੁਸ਼ਤੀ ਆਦਿ ਦੀਆਂ ਖੇਡਾਂ ਹੋਣਗੀਆਂ। ਤਰਨ ਤਾਰਨ ਵਿਖੇ ਰੈਸਲਿੰਗ ਦੇ ਰਾਜ ਪੱਧਰੀ ਮੁਕਾਬਲੇ ਵੀ ਕਰਵਾਏ ਜਾਣਗੇ।ਇਹਨਾਂ ਮੁਕਾਬਲਿਆਂ ਵਿੱਚ ਅੰਡਰ 14, 17, 21, 21-30, 31-40, 41-55, 56-65 ਅਤੇ 65 ਸਾਲ ਤੋਂ ਉੱਪਰ ਉਮਰ ਗਰੁੱਪਾਂ ਵਿੱਚ ਜ਼ਿਲ੍ਹੇ ਦੇ ਸਮੂਹ ਬਲਾਕਾਂ ਵਿੱਚ 01 ਸਤੰਬਰ ਤੋਂ 10 ਸਤੰਬਰ 2023 ਤੱਕ ਬਲਾਕ ਪੱਧਰ ਦੀਆਂ ਖੇਡਾਂ ਕਰਵਾਈਆਂ ਜਾਣੀਆਂ ਹਨ।
ਉਹਨਾਂ ਕਿਹਾ ਕਿ “ਖੇਡਾਂ ਵਤਨ ਪੰਜਾਬ ਦੀਆਂ 2023” ਸੀਜ਼ਨ -2 ਦੀ ਸ਼ੁਰੂਆਤ 29 ਅਗਸਤ ਨੂੰ ਬਠਿੰਡਾ ਤੋਂ ਹੋ ਰਹੀ ਹੈ, ਜਿਨ੍ਹਾਂ ਲਈ ਵੱਖ-ਵੱਖ ਉਮਰ ਵਰਗ ਦੇ ਖਿਡਾਰੀ/ਟੀਮਾਂ ਆਪਣੀ ਆਨਲਾਈਨ ਰਜਿਸਟ੍ਰੇਸ਼ਨ-ਕਮ-ਐਂਟਰੀ ਵਿਸ਼ੇਸ਼ ਪੋਰਟਲ www.khedanwatanpunjabdia.com ‘ਤੇ ਕਰਵਾ ਸਕਦੇ ਹਨ। ਉਹਨਾਂ ਦੱਸਿਆ ਕਿ ਇਨ੍ਹਾਂ ਖੇਡਾਂ ਲਈ ਰਜਿਸਟ੍ਰੇਸ਼ਨ ਲਈ ਆਖਰੀ ਮਿਤੀ 28 ਅਗਸਤ, 2022 ਹੈ। ਜਿਹੜੇ ਖਿਡਾਰੀ ਜਾਂ ਟੀਮਾਂ ਨੂੰ ਆਪਣੀ ਐਂਟਰੀ ਆੱਨਲਾਈਨ/ ਆਫ਼ ਲਾਈਨ ਕਰਵਾਉਣ ਵਿੱਚ ਕਿਸੇ ਕਿਸਮ ਦੀ ਦਿੱਕਤ ਪੇਸ਼ ਆ ਰਹੀ ਹੈ ।ਉਹ ਦਫ਼ਤਰੀ ਸਮੇਂ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ ਤਰਨ ਤਾਰਨ ਨਾਲ ਸੰਪਰਕ ਕਰ ਸਕਦੇ ਹਨ।