Tarn Taran A special meeting was held by the Additional Deputy Commissioner with the concerned officials to review the progress of the works of the Revenue Department
ਦਫ਼ਤਰ ਜਿਲਾ ਲੋਕ ਸੰਪਰਕ ਅਫਸਰ, ਤਰਨਤਾਰਨ
ਮਾਲ ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਬੰਧਿਤ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ
ਤਰਨਤਾਰਨ, 10 ਜੁਲਾਈ :
ਜ਼ਿਲੇ ਵਿੱਚ ਮਾਲ ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਵਰਿੰਦਰਪਾਲ ਸਿੰਘ ਬਾਜਵਾ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਤਹਿਸੀਲ ਖਡੂਰ ਸਾਹਿਬ ਤੇ ਸਬ-ਤਹਿਸੀਲ ਗੋਇੰਦਵਾਲ ਸਾਹਿਬ ਨਾਲ ਸਬੰਧਿਤ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਮਾਲ ਵਿਭਾਗ ਦੇ ਕੰਮਕਾਜ਼ ਦਾ ਜਾਇਜ਼ਾ ਲੈਂਦਿਆਂ ਸਬੰਧਿਤ ਅਧਿਕਾਰੀਆਂ ਨੂੰ ਬਕਾਇਆ ਪਏ ਕੇਸਾਂ ਦੇ ਜਲਦੀ ਨਿਪਟਾਰੇ ਤੇ ਫੁਟਕਲ ਬਕਾਇਆਂ ਦੀ ਵਸੂਲੀ ਦੇ ਕੰਮ ਵਿਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ।
ਇਸ ਮੌਕੇ ਜ਼ਿਲ੍ਹਾ ਸਿਸਟਮ ਮੈਨੇਜਰ ਰਮਨ ਮਲਹੋਤਰਾ ਅਤੇ ਸਦਰ ਕਾਨੂੰਨਗੋ ਸ੍ਰੀ ਰਮਨ ਕੁਮਾਰ ਤੋਂ ਇਲਾਵਾ ਮਾਲ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੂਹ ਅਧਿਕਾਰੀ ਮਿੱਥੇ ਗਏ ਟੀਚੇ ਅਨੁਸਾਰ ਕੇਸਾਂ ਦਾ ਨਿਪਟਾਰਾ ਕਰਨਾ ਯਕੀਨੀ ਬਣਾਉਣ। ਉਨਾਂ ਕਿਹਾ ਕਿ ਲੋਕਾਂ ਨੂੰ ਮਾਲ ਵਿਭਾਗ ਨਾਲ ਸਬੰਧਤ ਕਿਸੇ ਵੀ ਤਰਾਂ ਦੇ ਕੰਮ ਲਈ ਪਰੇਸ਼ਾਨੀ ਪੇਸ਼ ਨਹੀਂ ਆਉਣੀ ਚਾਹੀਦੀ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਬਕਾਇਆ ਕੋਰਟ ਕੇਸਾਂ ਦੀ ਰਿਪੋਰਟ ਤਿਆਰ ਕਰਕੇ ਇਨ੍ਹਾਂ ਦੇ ਨਿਪਟਾਰੇ ਲਈ ਆਪਸੀ ਤਾਲਮੇਲ ਨੂੰ ਯਕੀਨੀ ਬਣਾਇਆ ਜਾਵੇ।
ਉਨਾਂ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲੇ ਵਿੱਚ ਬਕਾਇਆ ਪਈਆਂ ਜਮ੍ਹਾਬੰਦੀਆਂ ਜਲਦੀ ਤੋਂ ਜਲਦੀ ਦਾਖਲ ਕਰਨੀਆਂ ਯਕੀਨੀ ਬਣਾਈਆਂ ਜਾਣ। ਇਸ ਮੌਕੇ ਉਨਾਂ ਤਕਸੀਮ ਦੇ ਅਦਾਲਤੀ ਕੇਸਾਂ, ਜ਼ਮੀਨ ਦੇ ਖਾਨਗੀ ਵੰਡ ਦੇ ਕੇਸਾਂ, ਝਗੜੇ ਤੋਂ ਰਹਿਤ ਅਤੇ ਝਗੜੇ ਵਾਲੇ ਇੰਤਕਾਲਾਂ, ਜਮਾਂਬੰਦੀ ਅਤੇ ਵਸੀਕਾ ਦੇ ਨਿਪਟਾਰੇ ਸਬੰਧੀ ਅਫ਼ਸਰ ਵਾਰ ਜਾਣਕਾਰੀ ਲਈ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸੇ ਤਰਾਂ ਉਨਾਂ ਤਹਿਸੀਲ ਵਾਰ ਵਸੂਲੀ ਦੇ ਕੰਮ ਦਾ ਜਾਇਜ਼ਾ ਵੀ ਲਿਆ।