On arrival at Tarn Taran, the ‘Mashal March’ of Khedan Watan Punjab diyan was warmly welcomed by Additional Deputy Commissioner, other officials and sportsmen.
Publish Date : 23/08/2024
ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਤਰਨ ਤਾਰਨ
‘ਖੇਡਾਂ ਵਤਨ ਪੰਜਾਬ ਦੀਆਂ‘ ਮਸ਼ਾਲ ਮਾਰਚ ਦਾ ਤਰਨ ਤਾਰਨ ਵਿਖੇ ਪਹੁੰਚਣ ‘ਤੇ ਵਧੀਕ ਡਿਪਟੀ ਕਮਿਸ਼ਨਰ, ਹੋਰ ਅਧਿਕਾਰੀਆਂ ਤੇ ਖਿਡਾਰੀਆਂ ਵੱਲੋਂ ਜ਼ੋਰਦਾਰ ਸਵਾਗਤ
22 ਅਗਸਤ ਨੂੰ ਅੰਮ੍ਰਿਤਸਰ ਤੇ ਗੁਰਦਾਸਪੁਰ ਲਈ ਹੋਵੇਗੀ ਰਵਾਨਾ
ਖੇਡ ਮੁਕਾਬਲਿਆਂ ਲਈ ਆਨਲਾਈਨ ਰਜਿਸਟਰੇਸ਼ਨ ਸ਼ੁਰੂ
ਤਰਨ ਤਾਰਨ, 21 ਅਗਸਤ : ਸਿਹਤਮੰਦ ਤੇ ਰੰਗਲੇ ਪੰਜਾਬ ਦੀ ਸਿਰਜਣਾ ਅਤੇ ਰਾਜ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੇ ਮੰਤਵ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ੁਰੂ ਕੀਤੀਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’-2024 ਸੀਜ਼ਨ-3 ਖੇਡਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਸ਼ਾਲ ਮਾਰਚ ਦਾ ਤਰਨ ਤਾਰਨ ਪਹੁੰਚਣ ‘ਤੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਦੀ ਅਗਵਾਈ ਹੇਠ ਖੇਡ ਪ੍ਰੇਮੀਆਂ, ਖਿਡਾਰੀਆਂ ਤੇ ਅਧਿਕਾਰੀਆਂ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਨੇ ਸਮੂਹ ਖੇਡ ਪ੍ਰੇਮੀਆਂ, ਖਿਡਾਰੀਆਂ ਅਤੇ ਕੋਚਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਸਿਹਤਮੰਦ, ਨਰੋਏ ਤੇ ਰੰਗਲੇ ਪੰਜਾਬ ਦੀ ਸਿਰਜਣਾ ਅਤੇ ਰਾਜ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ‘ ਨੂੰ ਭਰਵਾਂ ਹੁੰਗਾਰਾ ਮਿਲਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਸ. ਭਗਵੰਤ ਮਾਨ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਨਾਲ ਖਿਡਾਰੀਆਂ ਨੂੰ ਅੰਤਰਾਸ਼ਟਰੀ ਪੱਧਰ ਦਾ ਖਿਡਾਰੀ ਬਣਾਉਣ ਲਈ ਇਕ ਚੰਗਾ ਮੰਚ ਪ੍ਰਦਾਨ ਕੀਤਾ ਹੈ।
ਉਨ੍ਹਾਂ ਵੱਧ ਤੋਂ ਵੱਧ ਖਿਡਾਰੀਆਂ ਨੂੰ ‘ਖੇਡਾਂ ਵਤਨ ਪੰਜਾਬ ਦੀਆਂ‘ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ਤੱਕ ਖੇਡਾਂ ਕਰਾਈਆਂ ਜਾਣਗੀਆਂ ਅਤੇ ਖਿਡਾਰੀਆਂ ਨੂੰ ਇਨਾਮ ਵੀ ਦਿੱਤੇ ਜਾਣਗੇ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਖਿਡਾਰੀਆਂ ਨੂੰ ਖੇਡਾਂ ਵਤਨ ਪੰਜਾਬ ਦੀਆਂ 2024 ਵਿੱਚ ਹਿੱਸਾ ਲੈਣ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਾਉਣ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਇਹ ਮਸ਼ਾਲ ਪੂਰੇ ਪੰਜਾਬ ਵਿੱਚ ਮਾਰਚ ਕਰਨ ਤੋਂ ਬਾਅਦ ਸੰਗਰੂਰ ਵਿਖੇ 29 ਅਗਸਤ ਨੂੰ ਪਹੁੰਚੇਗੀ, ਜਿੱਥੇ ਖੇਡਾਂ ਦੇ ਤੀਜੇ ਸੀਜ਼ਨ ਦਾ ਉਦਘਾਟਨ ਹੋਵੇਗਾ। ਹਰ ਜ਼ਿਲਾ ਹੈਡਕੁਆਟਰ ਉਤੇ ਮਸ਼ਾਲ ਮਾਰਚ ਵਿੱਚ ਸਥਾਨਕ ਉੱਘੇ ਖਿਡਾਰੀ, ਖੇਡ ਵਿਭਾਗ ਦੇ ਕਰਮਚਾਰੀ, ਸਥਾਨਕ ਨੁਮਾਇੰਦੇ ਅਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਹੋਣਗੇ।
ਉਨ੍ਹਾਂ ਕਿਹਾ ਕਿ ਇਹ ਮਸ਼ਾਲ 22 ਅਗਸਤ ਨੂੰ ਅੰਮ੍ਰਿਤਸਰ ਤੇ ਗੁਰਦਾਸਪੁਰ, 23 ਅਗਸਤ ਨੂੰ ਪਠਾਨਕੋਟ ਤੇ ਹੁਸ਼ਿਆਰਪੁਰ, 24 ਅਗਸਤ ਨੂੰ ਜਲੰਧਰ ਤੇ ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, 25 ਅਗਸਤ ਨੂੰ ਰੂਪਨਗਰ, ਐਸ.ਏ.ਐਸ.ਨਗਰ, ਫਤਹਿਗੜ੍ਹ ਸਾਹਿਬ , 26 ਅਗਸਤ ਨੂੰ ਪਟਿਆਲਾ, ਮਲੇਰਕੋਟਲਾ, ਬਰਨਾਲਾ, 27 ਅਗਸਤ ਨੂੰ ਫਰੀਦਕੋਟ, ਫਾਜ਼ਿਲਕਾ, 28 ਅਗਸਤ ਨੂੰ ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ 29 ਅਗਸਤ ਨੂੰ ਮਾਨਸਾ ਤੇ ਸੰਗਰੂਰ ਵਿਖੇ ਮਸ਼ਾਲ ਮਾਰਚ ਪਹੁੰਚੇਗੀ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਤੋਂ ਇਲਾਵਾ ਜ਼ਿਲ੍ਹੇ ਦੇ ਅਧਿਕਾਰੀ, ਖਿਡਾਰੀ, ਕੋਚ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।