Close

The tradition of Sangat and Pangat carried on by the Gurus is a great example of social equality : Governor Mr. Gulab Chand Kataria

Publish Date : 16/09/2024

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਗੂਰੂ ਸਾਹਿਬਾਨ ਵੱਲੋਂ ਸੰਗਤ ਅਤੇ ਪੰਗਤ ਦੀ ਚਲਾਈ ਗਈ ਪਰੰਪਰਾ ਸਮਾਜਿਕ ਬਰਾਬਰੀ ਦੀ ਮਹਾਨ ਉਦਾਹਰਣ-ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ
ਸ਼ਤਾਬਦੀ ਸਮਾਗਮਾਂ ਦੌਰਾਨ ਪੰਜਾਬ ਦੇ ਰਾਜਪਾਲ ਵਿਖੇ ਸ੍ਰੀ ਗੁਲਾਬ ਚੰਦ ਕਟਾਰੀਆ ਗੁਰੂਦੁਆਰਾ ਸ੍ਰੀ ਬਾਉਲੀ ਸਾਹਿਬ ਹੋਏ ਨਤਮਸਤਕ
ਗੋਇੰਦਵਾਲ ਸਾਹਿਬ (ਤਰਨ ਤਾਰਨ), 13 ਸਤੰਬਰ :
ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾਂ ਗੁਰਿਆਈ ਤੇ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾਂ ਜੋਤੀ-ਜੋਤਿ ਦਿਵਸ ਸਬੰਧੀ ਕਰਵਾਏ ਜਾ ਰਹੇ ਸ਼ਤਾਬਦੀ ਸਮਾਗਮਾਂ ਦੇ ਦੌਰਾਨ ਪੰਜਾਬ ਦੇ ਰਾਜਪਾਲ ਮਾਨਯੋਗ ਸ੍ਰੀ ਗੁਲਾਬ ਚੰਦ ਕਟਾਰੀਆ ਅੱਜ ਗੁਰੂਦੁਆਰਾ ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸੂਬੇ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਅਰਦਾਸ ਕੀਤੀ ਤਾਂ ਜੋ ਪੰਜਾਬ ਅਮਨ, ਸ਼ਾਂਤੀ ਅਤੇ ਤਰੱਕੀ ਦਾ ਪ੍ਰਤੀਕ ਬਣ ਕੇ ਉੱਭਰੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਇਸ ਪਵਿੱਤਰ ਧਰਤੀ `ਤੇ ਨਤਮਸਤਕ ਹੋਣ ਦਾ ਸੁਭਾਗਾ ਮੌਕਾ ਮਿਲਿਆ ਹੈ। ਉਹਨਾਂ ਕਿਹਾ ਕਿ ਸਿੱਖ ਗੂਰੂ ਸਾਹਿਬਾਨ ਨੇ ਦੇਸ਼ ਦੀ ਧਰਮ ਸੰਸਕ੍ਰਿਤੀ ਨੂੰ ਬਚਾਉਣ ਲਈ ਜੋ ਮਹਾਨ ਬਲੀਦਾਨ ਦਿੱਤਾ ਹੈ, ਉਹ ਕੇਵਲ ਪੰਜਾਬ ਹੀ ਨਹੀਂ ਸਗੋਂ ਭਾਰਤ ਦਾ ਕੋਈ ਬੱਚਾ ਐਸਾ ਨਹੀਂ ਹੈ ਜੋ ਗੁਰੂਆਂ ਦੀ ਇਸ ਮਹਾਨ ਪਰੰਪਰਾ ਤੋਂ ਜਾਣੂ ਨਹੀਂ ਹੈ।ਉਹਨਾਂ ਕਿਹਾ ਕਿ ਮਹਾਨ ਸਿੱਖ ਗੁਰੂਆਂ ਦੇ ਜੀਵਨ ਅਤੇ ਫਲਸਫੇ ਨੇ ਮਨੁੱਖਤਾ ਨੂੰ ਨਿਰਸਵਾਰਥ ਸੇਵਾ ਲਈ ਪ੍ਰੇਰਿਤ ਕੀਤਾ ਹੈ।
ਉਹਨਾਂ ਕਿਹਾ ਕਿ ਸਿੱਖ ਗੂਰੂ ਸਾਹਿਬਾਨ ਵੱਲੋਂ ਸੰਗਤ ਅਤੇ ਪੰਗਤ ਦੀ ਚਲਾਈ ਗਈ ਪਰੰਪਰਾ ਸਮਾਜਿਕ ਬਰਾਬਰੀ ਦੀ ਮਹਾਨ ਉਦਾਹਰਣ ਹੈ, ਇੱਥੇ ਨਾ ਕੋਈ ਜਾਤ ਤੋਂ ਵੱਡਾ ਹੈ, ਨਾ ਹੀ ਪਦ ਤੋਂ ਵੱਡਾ ਹੈ, ਸਭ ਨੂੰ ਇੱਕ ਪੰਗਤ ਵਿੱਚ ਬੈਠਕੇ ਲੰਗਰ ਛੱਕਣਾ ਪੈਂਦਾ ਹੈ।ਇਸ ਮੌਕੇ ਉਹਨਾਂ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ  ਨੂੰ ਯਾਦ ਕਰਦਿਆਂ ਕਿਹਾ ਕਿ ਅਜਿਹੇ ਸ਼੍ਰੇਸ਼ਠ ਪੁਰਖਾਂ ਦੇ ਜੀਵਨ ਦੇ ਤਿਆਗ ਕਾਰਨ ਹੀ ਸਾਡੇ ਦੇਸ਼ ਦੀ ਧਰਮ ਤੇ ਸੰਸਕ੍ਰਿਤੀ ਬਚੀ ਹੈ।ਉਹਨਾਂ ਕਿਹਾ ਕਿ ਇਹਨਾਂ ਮਹਾਨ ਪੁਰਖਾਂ ਦੇ ਜੀਵਨ ਤੋਂ ਸੇਧ ਲੈ ਕੇ ਸਾਨੂੰ ਵੀ ਦੇਸ਼ ਦੀ ਇਸ ਮਹਾਨ ਧਰਮ-ਸੰਸਕ੍ਰਿਤੀ ਨੂੰ ਬਰਕਰਾਰ ਰੱਖਣ ਲਈ ਆਪਣਾ-ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਇਸ ਪਵਿੱਤਰ ਸਥਾਨ ‘ਤੇ ਮੱਥਾ ਟੇਕ ਕੇ ਉਹਨਾਂ ਅਰਦਾਸ ਕੀਤੀ ਹੈ ਕਿ ਪੰਜਾਬ ਪ੍ਰਦੇਸ਼ ਸੁਖ-ਸ਼ਾਂਤੀ ਤੇ ਅਮਨ-ਚੈਨ ਨਾਲ ਹੋਰ ਤਰੱਕੀ ਕਰੇ ਅਤੇ ਆਪਸੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਵੇ।