Close

Farmer awareness camp organized under straw management scheme – Dr. Navtej Singh

Publish Date : 04/10/2024
ਪਰਾਲੀ ਪ੍ਰਬੰਧਨ ਸਕੀਮ ਅਧੀਨ ਕਿਸਾਨ ਜਾਗਰੂਕਤਾ ਕੈਂਪ ਲਗਾਇਆ -ਡਾਕਟਰ ਨਵਤੇਜ ਸਿੰਘ 
ਪਰਾਲੀ ਨੂੰ ਅੱਗ ਲਾਉਣ ਨਾਲ ਨਾਈਟ੍ਰੋਜਨ, ਫਾਸਫੋਰਸ,ਸਲਫਰ ਅਤੇ ਪੋਟਾਸ਼ ਤੱਤਾਂ ਦੀ ਘਾਟ ਹੁੰਦੀ ਹੈ-ਯਾਦਵਿੰਦਰ ਸਿੰਘ 
 
ਤਰਨ ਤਾਰਨ, 30 ਸਤੰਬਰ :
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਤਰਨ ਤਾਰਨ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਥਾਂ ੳਸ ਦੇ ਸੁਚੱਜੇ ਪ੍ਰਬੰਧਾਂ ਸਬੰਧੀ ਜਾਣਕਾਰੀ ਦੇਣ ਲਈ ਸਹਿਕਾਰੀ ਸਭਾ ਵੈਰੋਵਾਲ ਦੇ ਸਹਿਯੋਗ ਨਾਲ ਵਿਖੇ  ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। ਇਹ ਕੈਂਪ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਡਾ. ਹਰਪਾਲ ਸਿੰਘ ਪੰਨੂ ਦੀ ਪ੍ਰਧਾਨਗੀ ਤੇ ਖੇਤੀਬਾੜੀ ਅਫ਼ਸਰ ਡਾ. ਨਵਤੇਜ ਸਿੰਘ ਦੀ ਅਗਵਾਈ ਹੇਠ ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਵੱਲੋਂ ਲਗਾਇਆ ਗਿਆ। ਉਹਨਾਂ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਮਿੱਤਰ ਕੀੜੇ ਮਰ ਜਾਂਦੇ ਹਨ ਅਤੇ ਜਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ। ਪਰਾਲੀ ਨੂੰ ਅੱਗ ਲਾਉਣ ਨਾਲ ਸੜਕੀ ਹਾਦਸੇ ਵਾਪਰਦੇ ਹਨ ਅਤੇ ਜ਼ਹਿਰੀਲੇ ਧੂਏ ਨਾਲ ਗਰਭਵਤੀ ਮਹਿਲਾਵਾਂ ਅਤੇ ਬਜ਼ੁਰਗਾਂ ਦਾ ਵਾਤਾਵਰਨ ਵਿੱਚ ਸਾਹ ਲੈਣਾ ਔਖਾ ਹੋ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਜਿੰਨਾ ਕਿਸਾਨਾਂ ਨੇ ਆਲੂ ਅਤੇ ਮਟਰ ਦੀ ਬਿਜਾਈ ਕਰਨੀ ਹੈ ਉਹ ਬੇਲਰ ਨਾਲ ਪਰਾਲੀ ਦੀਆਂ ਗੰਢਾਂ ਬਣਾ ਸਕਦੇ ਹਨ ਜਾਂ ਫਿਰ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਮਲਚਰ ਨਾਲ ਕੁਤਰਾ ਕਰਨ ਤੋਂ ਬਾਅਦ ਰਿਵਰਸੀਬਲ ਪਲੋਅ ਨਾਲ ਪਰਾਲੀ ਨੂੰ ਜਮੀਨ ਵਿੱਚ ਦਬਾਇਆ ਜਾ ਸਕਦਾ ਹੈ । ਪਰਾਲੀ ਨੂੰ ਅੱਗ ਲਾਉਣ ਨਾਲ ਨਾਈਟ੍ਰੋਜਨ ,ਫਾਸਫੋਰਸ , ਸਲਫਰ, ਪੋਟਾਸ਼ ਅਤੇ ਜੈਵਿਕ ਮਾਦੇ ਵਰਗੇ ਜਰੂਰੀ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਫਿਰ ਸਾਨੂੰ ਕੈਮੀਕਲ ਖਾਦਾਂ ਦੀ ਵਰਤੋਂ ਕਰਨੀ ਪੈਂਦੀ ਹੈ ਜਿਸ ਨਾਲ ਖੇਤੀ ਖਰਚੇ ਵਧ ਜਾਂਦੇ ਹਨ। ਇਕ ਏਕੜ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਸਾਡਾ ਤਕਰੀਬਨ ਤਿੰਨ ਹਜਾਰ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ । ਦਸ ਕੁਇੰਟਲ ਜਾਂ ਇਕ ਟਨ ਪਰਾਲੀ ਨੂੰ ਅੱਗ ਲਾਉਣ ਨਾਲ 400 ਕਿਲੋ ਜੈਵਿਕ ਮਾਦਾ 5.5 ਕਿਲੋ ਨਾਈਟਰੋਜਨ 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼,1.2 ਕਿਲੋ ਗੰਧਕ ਦਾ ਨੁਕਸਾਨ ਹੋ ਜਾਂਦਾ ਹੈ।ਇਸ ਮੌਕੇ ਯਾਦਵਿੰਦਰ ਸਿੰਘ ਨੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਦੇ ਨਾਲ ਨਾਲ ਝੋਨੇ ਤੇ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਨੇ ਖੇਤੀਬਾੜੀ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਬਾਰੇ ਦੱਸਿਆ।ਸਹਿਕਾਰੀ ਸਭਾ ਦੇ ਸੈਕਟਰੀ ਰਾਕੇਸ਼ ਕੁਮਾਰ  ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ, ਅਤੇ ਸੜਕੀ ਹਾਦਸੇ ਵਾਪਰਦੇ ਹਨ । ਇਸ ਮੌਕੇ ਤੇ ਰਕੇਸ਼ ਕੁਮਾਰ ਸੈਕਟਰੀ, ਮੁਖਤਾਰ ਸਿੰਘ ਸਾਬਕਾ ਸਰਪੰਚ, ਸੁਖਬੀਰ ਸਿੰਘ, ਗੁਰਚਰਨ ਸਿੰਘ, ਸਤਨਾਮ ਸਿੰਘ ,ਕਸ਼ਮੀਰ ਸਿੰਘ, ਗੁਰਦੀਪ ਸਿੰਘ, ਗੁਲਜਾਰ ਸਿੰਘ, ਮੁਖਤਾਰ ਸਿੰਘ , ਮੰਨਾ ਸਿੰਘ ,ਹਰਪ੍ਰੀਤ ਸਿੰਘ, ਗੁਰਲਾਲ ਸਿੰਘ ਅਤੇ ਹੋਰ ਕਿਸਾਨ ਹਾਜ਼ਰ ਸਨ ।