Close

Instructions issued to Returning Officers regarding No Due Certificate or No Objection Certificate

Publish Date : 04/10/2024

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਪੰਚਾਇਤੀ ਚੋਣਾਂ-2024
ਰਿਟਰਨਿੰਗ ਅਫਸਰਾਂ ਨੂੰ ਨੋ ਡਿਊ ਸਰਟੀਫਿਕੇਟ ਜਾਂ ਨੋ ਆਬਜੈਕਸ਼ਨ ਸਰਟੀਫਿਕੇਟ ਸਬੰਧੀ ਹਦਾਇਤਾਂ ਜਾਰੀ
ਤਰਨ ਤਾਰਨ, 30 ਸਤੰਬਰ :
ਜਿਲ੍ਹਾ ਚੋਣ ਅਫਸਰ -ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸੀ੍ ਗੁਲਪੀ੍ਤ ਸਿੰਘ ਔਲਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜਿਲ੍ਹੇ ਵਿੱਚ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ 15 ਅਕਤੂਬਰ, 2024 ਨੂੰ ਹੋਣ ਜਾ ਰਹੀਆਂ ਹਨ ਅਤੇ ਚਾਹਵਾਨ ਉਮੀਦਵਾਰੀ 4 ਅਕਤੂਬਰ 2024 ਸ਼ਾਮ 03 ਵਜੇ ਤੱਕ ਆਪਣੇ ਨਾਮਜਦਗੀ ਫਾਰਮ ਸਬੰਧਤ ਰਿਟਰਨਿੰਗ ਅਫਸਰ ਕੋਲ ਜਮਾਂ ਕਰਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਉਮੀਦਵਾਰਾਂ ਵੱਲੋਂ ਸਬੰਧਤ ਅਥਾਰਟੀਆਂ ਦੇ ਨਿਯਮਾਂ ਜਾਂ ਪ੍ਰਕਿਰਿਆਵਾਂ ਅਨੁਸਾਰ ਨਾਮਜ਼ਦਗੀ ਪੱਤਰਾਂ ਦੇ ਨਾਲ ਨੋ ਡਿਊ ਸਰਟੀਫਿਕੇਟ ਜਾਂ ਨੋ ਆਬਜੈਕਸ਼ਨ ਸਰਟੀਫਿਕੇਟ ਨੱਥੀ ਕਰਨਾ ਜ਼ਰੂਰੀ ਹੈ ਅਤੇ ਜੇਕਰ ਕਿਸੇ ਉਮੀਦਵਾਰ ਨੂੰ ਕੇਸਿਸਾਂ ਦੇ ਬਾਵਜੂਦ ਉਕਤ ਸਰਟੀਫਿਕੇਟ ਪ੍ਰਾਪਤ ਨਹੀਂ ਹੁੰਦਾ ਤਾਂ ਉਹ ਇੱਕ ਹਲਫਨਾਮਾ, ਜਿਸ ਵਿੱਚ ਸਪੱਸ਼ਟ ਕੀਤਾ ਹੋਵੇ ਕਿ ਉਹ ਸਬੰਧਤ ਅਥਾਰਟੀ ਦੇ ਕਿਸੇ ਟੈਕਸ ਜਾਂ ਹੋਰ ਬਕਾਏ ਦਾ ਦੇਣਦਾਰ ਨਹੀਂ ਹੈ ਅਤੇ ਪੰਜਾਬ ਰਾਜ ਚੋਣ ਕਮਿਸ਼ਨ ਐਕਟ, 1994 ਦੀ ਧਾਰਾ 11 ਦੇ ਅਨੁਸਾਰ ਉਸ ਕੋਲ ਕਿਸੇ ਵੀ ਸਥਾਨਕ ਅਥਾਰਟੀ ਨਾਲ ਸਬੰਧਤ ਜਾਇਦਾਦ ਦਾ ਅਣ-ਅਧਿਕਾਰਤ ਕਬਜ਼ਾ ਨਹੀਂ ਹੈ, ਦਿੰਦੇ ਹੋਏ ਆਪਣੇ ਨਾਮਜਦਗੀ ਪਰਚੇ ਦਾਖਲ ਕਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਹਲਫ਼ੀਆ ਬਿਆਨ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਹੋਰ ਸਰਲ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕਾਰਜਕਾਰੀ ਮੈਜਿਸਟਰੇਟ/ਓਥ ਕਮਿਸ਼ਨਰ ਵੱਲੋਂ ਤਸਦੀਕ ਉਪਰੰਤ ਜਾਰੀ ਕੀਤੇ ਜਾਂ ਨੋਟਰੀ ਤੋਂ ਤਸਦੀਕਸ਼ੁੁਦਾ ਹਲਫ਼ੀਆ ਬਿਆਨ ਹੀ ਪ੍ਰਵਾਨ ਕੀਤੇ ਜਾਣਗੇ। ਰਿਟਰਨਿੰਗ ਅਫ਼ਸਰ ਸਬੰਧਤ ਨਾਮਜ਼ਦਗੀ ਪੱਤਰਾਂ ਨੂੰ ਸਵੀਕਾਰ ਕਰੇਗਾ ਅਤੇ ਹਲਫ਼ੀਆ ਬਿਆਨ ਸਬੰਧਤ ਅਥਾਰਟੀ ਨੂੰ ਭੇਜਣ ਦੇ ਨਾਲ ਹੀ ਇਸ ਸਬੰਧੀ 24 ਘੰਟਿਆਂ ਦੇ ਅੰਦਰ-ਅੰਦਰ ਰਿਪੋਰਟ ਜਮਾਂ ਕਰਵਾਉਣ ਲਈ ਨਿਰਦੇਸ਼ ਜਾਰੀ ਕਰੇਗਾ ਅਤੇ ਕੋਈ ਰਿਪੋਰਟ ਨਾ ਆਉਣ ਦੀ ਸੂਰਤ ਵਿੱਚ ਇਹ ਮੰਨਿਆ ਜਾਵੇਗਾ ਕਿ ਪੰਜਾਬ ਰਾਜ ਚੋਣ ਕਮਿਸ਼ਨ ਐਕਟ, 1994 ਦੇ ਅਨੁਸਾਰ ਸਬੰਧਤ ਉਮੀਦਵਾਰ ਡਿਫਾਲਟਰ ਜਾਂ ਅਣਅਧਿਕਾਰਤ ਕਬਜ਼ਾਧਾਰੀ ਨਹੀਂ ਹੈ।
ਉਨ੍ਹਾ ਕਿਹਾ ਕਿ ਉਪਰੋਕਤ ਤੋਂ ਇਲਾਵਾ ਰਾਜ ਚੋਣ ਕਮਿਸ਼ਨ ਵੱਲੋਂ ਇਹ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਕਿ ਬੀ. ਡੀ. ਪੀ. ਓ. ਦਫ਼ਤਰ ਦੇ ਰਿਕਾਰਡ ਅਨੁਸਾਰ ਜੇਕਰ ਗ੍ਰਾਮ ਪੰਚਾਇਤ ਜਾਂ ਸਬੰਧਤ ਅਥਾਰਟੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਬਕਾਇਆ ਵਸੂਲੀ ਯੋਗ ਹੈ ਤਾਂ ਇਸਦੀ ਪੰਚਾਇਤ-ਵਾਰ ਸੂਚੀ ਬੀ. ਡੀ. ਪੀ. ਓ. ਦਫ਼ਤਰ ਵੱਲੋਂ ਤਿਆਰ ਕਰਨ ਉਪਰੰਤ ਸਬੰਧਤ ਰਿਟਰਨਿੰਗ ਅਫਸਰ ਨੂੰ ਮੁਹੱਈਆ ਕਰਵਾਈ ਜਾਵੇ, ਜੋ ਨਾਮਜ਼ਦਗੀਆਂ ਸਵੀਕਾਰ ਕਰਨ ਸਮੇਂ ਉਕਤ ਸੂਚੀ ਨੂੰ ਹਵਾਲੇ ਲਈ ਆਪਣੇ ਕੋਲ ਰੱਖੇਗਾ। ਜੇਕਰ ਸੂਚੀ ਵਿੱਚ ਕਿਸੇ ਉਮੀਦਵਾਰ ਵਿਰੁੱਧ ਕੋਈ ਬਕਾਇਆ ਦਰਜ ਹੈ ਤਾਂ ਸਬੰਧਤ ਉਮੀਦਵਾਰ ਬਕਾਏ ਦੀ ਅਦਾਇਗੀ ਸਬੰਧੀ ਸਬੂਤ ਜਮਾ ਕਰਵਾ ਸਕਦਾ ਹੈ । ਉਨ੍ਹਾਂ ਕਿਹਾ ਕਿ ਜੇਕਰ ਉਮੀਦਵਾਰ ਵੱਲੋਂ ਬਕਾਇਆ ਦੀ ਅਦਾਇਗੀ ਨਹੀਂ ਕੀਤੀ ਗਈ ਤਾਂ ਉਸ ਨੂੰ ਸਬੰਧਤ ਅਥਾਰਟੀ ਅੱਗੇ ਬਕਾਇਆ ਜਮ੍ਹਾਂ ਕਰਵਾਉਣ ਦਾ ਉਚਿਤ ਮੌਕਾ ਦਿੱਤਾ ਜਾਵੇਗਾ ਅਤੇ ਉਸਨੂੰ ਬਕਾਏ ਦੀ ਅਦਾਇਗੀ ਦਾ ਸਬੂਤ ਪੇਸ਼ ਕਰਨ ਲਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਸ਼ੁਰੂ ਹੋਣ ਭਾਵ 05 ਅਕਤੂਬਰ, 2024 ਸਵੇਰੇ 11 ਵਜੇ ਤੱਕ ਦਾ ਸਮਾਂ ਦਿੱਤਾ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਪੰਚਾਇਤੀ ਚੋਣਾ ਪੂਰੀ ਤਰਾਂ ਨਿਰਪੱਖ, ਪਾਰਦਰਸ਼ੀ ਤਰੀਕੇ ਨਾਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਰਵਾਈਆ ਜਾਣਗੀਆ।