Sellers of China Door Warning by SDM Bhikhiwind
ਚਾਈਨਾ ਡੋਰ ਵੇਚਣ ਵਾਲਿਆਂ ਨੂੰ ਐਸਡੀਐਮ ਭਿੱਖੀਵਿੰਡ ਦੀ ਚੇਤਾਵਨੀ
ਜੇਕਰ ਕੋਈ ਚਾਈਨਾ ਡੋਰ ਵੇਚਤਾ ਫੜਿਆ ਗਿਆ ਤਾਂ ਉਸ ਖਿਲਾਫ ਕੀਤੀ ਜਾਵੇਗੀ ਕਾਨੂੰਨ ਅਨੁਸਾਰ ਕਾਰਵਾਈ : ਐਸਡੀਐਮ ਭਿੱਖੀਵਿੰਡ
ਤਰਨ ਤਾਰਨ 31 ਦਸੰਬਰ
ਲੋਹੜੀ ਦਾ ਤਿਉਹਾਰ ਪੰਜਾਬ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਲੋਕਾਂ ਵੱਲੋਂ ਵੱਡੇ ਪੱਧਰ ਉੱਤੇ ਪਤੰਗਬਾਜ਼ੀ ਕੀਤੀ ਜਾਂਦੀ ਹੈ। ਜੇਕਰ ਪਿਛਲੇ ਕੁਝ ਸਾਲਾਂ ਦੀ ਗੱਲ ਕੀਤੀ ਜਾਵੇ ਬਸੰਤ ਪੰਚਮੀ ਮੌਕੇ ਲੋਕਾਂ ਵੱਲੋ ਚਾਈਨਾ ਡੋਰ ਦਾ ਵੱਡੇ ਪੱਧਰ ਉਤੇ ਇਸਤਮਾਲ ਕੀਤਾ ਜਾ ਰਿਹਾ ਹੈ। ਇਹ ਡੋਰ ਹਾਨੀਕਾਰਕ ਹੀ ਨਹੀਂ, ਬਲਕਿ ਜਾਨਲੇਵਾ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸਬ ਡਿਵੀਜ਼ਨ ਭਿੱਖੀਵਿੰਡ ਦੇ ਐਸਡੀਐਮ ਗੁਰਦੇਵ ਸਿੰਘ ਧੰਮ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ ਉਹਨਾਂ ਕਿਹਾ ਕਿ ਡਰੈਗਨ ਡੋਰ ਜਿਸ ਨੂੰ ਚਾਈਨਾ ਡੋਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦੀ ਚਪੇਟ ਵਿੱਚ ਆਉਣ ਨਾਲ ਕਈ ਮੌਤਾਂ ਅਤੇ ਕਈ ਜਖ਼ਮੀ ਵੀ ਹੋ ਚੁੱਕੇ ਹਨ। ਇਸ ਬਾਬਤ ਪੰਜਾਬ ਸਰਕਾਰ ਵੱਲੋਂ ਇਸ ਡੋਰ ਨੂੰ ਬੈਨ ਕਰ ਦਿੱਤਾ ਗਿਆ ਹੈ। ਪਰ, ਫਿਰ ਵੀ ਕੁਝ ਲੋਕ ਪ੍ਰਸ਼ਾਸਨ ਤੋਂ ਚੋਰੀ ਲੁਕੋ ਕੇ ਇਸ ਡੋਰ ਨੂੰ ਬਜ਼ਾਰਾਂ ਵਿੱਚ ਵੇਚ ਰਹੇ ਹਨ।ਇਸ ਤੋਂ ਪੰਜਾਬ ਵਿੱਚ ਕਈ ਥਾਵਾਂ ਤੇ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ। ਜਿਸ ਨੂੰ ਮੁੱਖ ਰੱਖਦਿਆਂ ਹੁਣ ਪੰਜਾਬ ਸਰਕਾਰ ਵੱਲੋਂ ਇਸ ਡੋਰ ਨੂੰ ਵੇਚਣ ਵਾਲਿਆਂ ਉੱਤੇ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ ਅਤੇ ਇਸ ਡੋਰ ਨੂੰ ਮੁਕੰਮਲ ਤੌਰ ਉੱਤੇ ਬੈਨ ਕਰ ਦਿੱਤਾ ਗਿਆ ਹੈ । ਇਸ ਮੌਕੇ ਐਸਡੀਐਮ ਗੁਰਦੇਵ ਸਿੰਘ ਧੰਮ ਵੱਲੋਂ ਸਭ ਡਿਵੀਜ਼ਨ ਦੇ ਸਮੁੱਚੇ ਦੁਕਾਨਦਾਰਾਂ ਅਤੇ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲੇ ਨੌਜਵਾਨਾਂ ਅਤੇ ਲੋਕਾਂ ਨੂੰ ਸਖਤ ਸ਼ਬਦਾਂ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਬੈਨ ਕੀਤੀ ਗਈ ਚਾਈਨਾ ਡੋਰ ਨੂੰ ਚੋਰੀ ਡੋਰ ਵੇਚਣ ਵਾਲਿਆਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਉੱਥੇ ਹੀ ਇਸ ਡੋਰ ਦਾ ਇਸਤੇਮਾਲ ਕਰਨ ਵਾਲੇ ਨੌਜਵਾਨਾਂ ਅਤੇ ਲੋਕਾਂ ਨੂੰ ਵੀ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ । ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਉਹਨਾਂ ਵੱਲੋਂ ਸਭ ਡਵੀਜ਼ਨ ਭਿੱਖੀਵਿੰਡ ਦੇ ਡੀਐਸਪੀ ਸਾਹਿਬ ਨੂੰ ਨਿਰਦੇਸ਼ ਦਿੱਤੇ ਗਏ ਹਨ ਅਤੇ ਉਹ ਆਪ ਵੀ ਖੁਦ ਨਿੱਜੀ ਤੌਰ ਉੱਤੇ ਜਾ ਕੇ ਦੁਕਾਨਾਂ ਉਤੇ ਚੈਕਿੰਗ ਕਰਨਗੇ। ਇਸ ਮੌਕੇ ਜੇਕਰ ਕੋਈ ਵੀ ਵਿਅਕਤੀ ਚਾਈਨਾ ਡੋਰ ਦੀ ਵਿਕਰੀ ਕਰਦਾ ਹੋਇਆ ਫੜਿਆ ਗਿਆ ਤਾਂ ਉਸ ਖਿਲਾਫ ਕਾਨੂੰਨ ਦੀਆਂ ਧਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਉਹ ਲੋਕਾਂ ਨੂੰ ਬੇਨਤੀ ਕਰਦੇ ਹਨ ਕਿ ਨਾ ਹੀ ਚਾਈਨਾ ਡੋਰ ਦੀ ਵਿਕਰੀ ਕੀਤੀ ਜਾਵੇ ਅਤੇ ਨਾ ਹੀ ਪਤੰਗ ਉਡਾਉਣ ਲਈ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲੋਕ ਨੂੰ ਅਪੀਲ ਹੈ ਕਿ ਲੋਹੜੀ ਦੇ ਤਿਉਹਾਰ ਦੇ ਮੱਦੇਨਜਰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਅਤੇ ਸਾਰੇ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ ਹੀ ਪਤੰਗ ਆਮ ਡੋਰ ਨਾਲ ਉਡਾਉਣ, ਤਾਂ ਜੋ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਅਤੇ ਲੋਹੜੀ ਤੇ ਤਿਉਹਾਰ ਨੂੰ ਖੁਸ਼ੀ ਖੁਸ਼ੀ ਮਨਾਇਆ ਜਾ ਸਕੇ ।