Farmers should contact the Agriculture Department to get gypsum on 50 percent subsidy

ਹਾੜ੍ਹੀ ਦੀਆਂ ਫ਼ਸਲਾਂ ਵਿਚ ਸਲਫ਼ਰ ਤੱਤ ਦੀ ਪੂਰਤੀ ਲਈ ਜਿਪਸਮ ਇੱਕ ਸਸਤਾ ਅਤੇ ਬੇਹਤਰ ਸਰੋਤ – ਪੰਨੂ
ਕਿਸਾਨ 50 ਫੀਸਦੀ ਸਬਸਿਡੀ ਉੱਪਰ ਜਿਪਸਮ ਲੈਣ ਲਈ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ
ਤਰਨ ਤਾਰਨ, 03 ਫਰਵਰੀ :
ਹਾੜ੍ਹੀ ਦੀਆਂ ਫ਼ਸਲਾਂ ਤੋਂ ਵਧੇਰੇ ਪੈਦਾਵਾਰ ਲੈਣ ਲਈ 16 ਖੁਰਾਕੀ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਅਤੇ ਇਹ ਖੁਰਾਕੀ ਤੱਤ ਫ਼ਸਲ ਨੂੰ ਹਵਾ, ਪਾਣੀ ਅਤੇ ਮਿੱਟੀ ਤੋਂ ਮਿਲਦੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ.ਹਰਪਾਲ ਸਿੰਘ ਪੰਨੂ ਨੇ ਦੱਸਿਆ ਕਿ ਕਿਸੇ ਵੀ ਫ਼ਸਲ ਨੂੰ 16 ਖੁਰਾਕੀ ਤੱਤਾਂ ਵਿਚੋਂ ਚਾਰ ਖੁਰਾਕੀ ਤੱਤ ਜਿਵੇਂ ਹਾਈਡ੍ਰੋਜਨ,ਕਾਰਬਨ,ਨਾਈਟ੍ਰੋਜਨ ਅਤੇ ਆਕਸੀਜਨ ਹਵਾ,ਪਾਣੀ ਅਤੇ ਮਿੱਟੀ ਤੋਂ ਮਿਲਦੇ ਹਨ ਜਦ ਕਿ ਫਾਸਫੋਰਸ,ਪੋਟਾਸ਼,ਜ਼ਿੰਕ, ਮੈਂਗਨੀਜ਼,ਮੈਗਨੀਸ਼ੀਅਮ, ਕਾਪਰ,
ਬੋਰੋਨ,ਕੈਲਸ਼ੀਅਮ,ਸਲਫ਼ਰ,ਕਲੋਰਾਈਡ,ਲੋਹਾ, ਮੋਲੀਬਿਡਨਮ ਖੁਰਾਕੀ ਤੱਤ ਮਿੱਟੀ ਅਤੇ ਰਸਾਇਣਕ ਅਤੇ ਦੇਸੀ ਖਾਦਾਂ ਤੋਂ ਮਿਲਦੇ ਹਨ। ਉਨਾਂ ਦੱਸਿਆ ਕਿ ਸਲਫ਼ਰ ਇੱਕ ਅਜਿਹਾ ਖੁਰਾਕੀ ਤੱਤ ਹੈ ਜੋ ਫ਼ਸਲ ਲਈ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਜੇਕਰ ਇਸ ਤੱਤ ਦੀ ਕਣਕ ਜਾਂ ਹੋਰ ਫ਼ਸਲ ਵਿਚ ਘਾਟ ਆ ਜਾਵੇ ਤਾਂ ਪੈਦਾਵਾਰ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਉਨਾਂ ਦੱਸਿਆ ਕਿ ਕਣਕ ਦੀ ਫ਼ਸਲ ਵਿਚ ਸਲਫ਼ਰ ਤੱਤ ਦੀ ਘਾਟ ਆਉਣ ਨਾਲ ਨਵੇਂ ਪੱਤਿਆਂ ਦੀਆਂ ਨੋਕਾਂ ਹਰੀਆਂ ਰਹਿੰਦੀਆਂ ਹਨ ਜਦ ਕਿ ਪੱਤੇ ਦਾ ਬਾਕੀ ਹਿੱਸਾ ਪੀਲਾ ਹੋ ਜਾਂਦਾ ਹੈ।ਉਨਾਂ
ਦੱਸਿਆ ਕਿ ਸਲਫ਼ਰ ਖੁਰਾਕੀ ਤੱਤ ਦੀ ਪੂਰਤੀ ਲਈ ਜਿਪਸਮ ਬਹੁਤ ਹੀ ਸਸਤਾ ਅਤੇ ਬੇਹਤਰ ਸਰੋਤ ਹੈ ਜੋ ਪ੍ਰਤੀ ਏਕੜ 100 ਕਿਲੋ ਪਾਇਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਿਪਸਮ 50 ਫੀਸਦੀ ਸਬਸਿਡੀ ਤੇ ਮੁਹਈਆ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਪ੍ਰਤੀ 50 ਕਿਲੋ ਬੈਗ 205/- ਦਾ ਮੁਹਈਆ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਜਿਪਸਮ, ਕਲਰਾਠੀ ਜ਼ਮੀਨਾਂ ਨੂੰ ਸੁਧਾਰਨ ਲਈ ਵੀ ਵਰਤੀ ਜਾ ਸਕਦੀ ਹੈ। ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਖਡੂਰ ਸਾਹਿਬ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ 50 ਫੀਸਦੀ ਸਬਸਿਡੀ ਉੱਪਰ ਜਿਪਸਮ ਲੈਣ ਲਈ ਆਪਣੇ ਬਲਾਕ ਦੇ ਖੇਤੀਬਾੜੀ ਦਫਤਰ ਨਾਲ ਸੰਪਰਕ ਕਰਨਾ ਉਨਾਂ ਨੇ ਦੱਸਿਆ ਕਿ ਜੇ ਕਿਸੇ ਕਿਸਾਨ ਨੇ ਜਿਪਸਮ ਲੈਣੀ ਹੋਵੇ ਤਾਂ ਉਹ ਹੇਠ ਦਿੱਤੇ ਨੰਬਰ ਨਾਲ ਸੰਪਰਕ ਕਰਨ ਡਾ: ਯਾਦਵਿੰਦਰ ਸਿੰਘ ਮੋਬਾਈਲ ਨੰਬਰ 9041500307 ।