Close

Students are getting world-class facilities in government schools – Navjot Kaur Hundal

Publish Date : 08/05/2025

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਲ ਰਹੀਆਂ ਨੇ ਵਿਸ਼ਵ ਪੱਧਰੀ ਸਹੂਲਤਾਂ- ਨਵਜੋਤ ਕੌਰ ਹੁੰਦਲ

ਤਰਨ ਤਾਰਨ 06 ਮਈ

ਆਪਣੇ ਪਿਛਲੇ ਤਿੰਨ ਸਾਲਾਂ ਦੇ ਕਾਰਜ ਕਾਲ ਦੌਰਾਨ ਪੰਜਾਬ ਸਰਕਾਰ ਹਰੇਕ ਖੇਤਰ ਵਿੱਚ ਨਵੀਆਂ ਪੁਲਾਂਘਾਂ ਪੁੱਟਦੀ ਹੋਈ ਅੱਗੇ ਵਧ ਰਹੀ ਹੈ । ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਸਰਕਾਰ ਹਰੇਕ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਨਵੇਂ ਮੁਕਾਮ ਹਾਸਲ ਕਰ ਰਹੀ ਹੈ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਰੇਕ ਖੇਤਰ ਵਿੱਚ ਅੱਗੇ ਵਧਣ ਲਈ ਉਹਨਾਂ ਦੀ ਸਿਲੇਬਸ ਨੂੰ ਆਧੁਨਿਕ ਬਣਾ ਕੇ ਸਿੱਖਿਆ ਦੇ ਨਾਲ-ਨਾਲ ਕਿੱਤਾ ਮੁਖੀ ਵੀ ਬਣਾਇਆ ਗਿਆ ਹੈ। ਸਰਕਾਰੀ ਸਕੂਲਾਂ ਵਿੱਚ ਸਾਰੇ ਵਿਦਿਆਰਥੀਆਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾ ਰਹੀ । ਇਸ ਸਮੇਂ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵਿਸ਼ਵ ਪੱਧਰੀ ਮਾਹੌਲ ਵਿੱਚ ਬੈਠ ਕੇ ਸਿੱਖਿਆ ਹਾਸਲ ਕਰ ਰਹੇ ਹਨ।

ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀਮਤੀ ਨਵਜੋਤ ਕੌਰ ਹੁੰਦਲ ਸੁਪਤਨੀ ਡਾ. ਕਸ਼ਮੀਰ ਸਿੰਘ ਸੋਹਲ ਨੇ ਸਰਕਾਰੀ ਐਲੀਮੈਂਟਰੀ ਸਕੂਲ ਭੁੱਚਰ ਖੁਰਦ, ਸਰਕਾਰੀ ਹਾਈ ਸਕੂਲ ਭੁੱਚਰ ਖੁਰਦ, ਸਰਕਾਰੀ ਐਲੀਮੈਂਟਰੀ ਸਕੂਲ ਭੁੱਚਰ ਕਲਾਂ ਅਤੇ ਸਰਕਾਰੀ ਮਿਡਲ ਸਕੂਲ ਭੁੱਚਰ ਕਲਾਂ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਪੂਰੇ ਹੋ ਚੁੱਕੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਉਪਰੰਤ ਕਹੇ। ਸ਼੍ਰੀਮਤੀ ਨਵਜੋਤ ਕੌਰ ਹੁੰਦਲ ਵੱਲੋਂ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਵਿਸ਼ਵ ਪੱਧਰੀ ਆਧੁਨਿਕ ਮਾਹੌਲ ਵਿੱਚ ਟ੍ਰੇਨਿੰਗ ਲੈਣ ਉਪਰੰਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਰੇਕ ਖੇਤਰ ਵਿੱਚ ਬਿਹਤਰੀਨ ਬਣਾਉਣ ਲਈ ਆਪਣਾ ਅਣਥੱਕ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਕੂਲਾਂ ਨੂੰ ਦਿੱਤੀਆਂ ਜਾ ਰਹੀਆਂ ਗਰਾਂਟਾਂ ਨਾਲ ਜਿੱਥੇ ਵਿਦਿਆਰਥੀ ਬਿਹਤਰੀਨ ਸਿੱਖਿਆ ਹਾਸਿਲ ਕਰਨਗੇ, ਉੱਥੇ ਸਕੂਲ ਵਿੱਚ ਬੁਨਿਆਦੀ ਢਾਂਚੇ ਦਾ ਮੁਕੰਮਲ ਵਿਕਾਸ ਵੀ ਹੋਵੇਗਾ। ਉਹਨਾਂ ਕਿਹਾ ਕਿ ਭਵਿੱਖ ਵਿੱਚ ਸਰਕਾਰੀ ਸਕੂਲਾਂ ਨੂੰ ਅਤਿ ਆਧੁਨਿਕ ਸਹੂਲਤਾਂ ਮੁਹੱਇਆ ਹੋਣਗੀਆਂ ਅਤੇ ਵਿਦਿਆਰਥੀ ਵਿਸ਼ਵ ਪੱਧਰੀ ਮਾਹੌਲ ਵਿੱਚ ਬੈਠ ਕੇ ਬਿਹਤਰੀਨ ਸਿੱਖਿਆ ਹਾਸਲ ਕਰਨਗੇ।

ਇਸ ਮੌਕੇ ਹਲਕਾ ਕੋਆਰਡੀਨੇਟਰ ਸ੍ਰ ਗੁਰਵਿੰਦਰ ਸਿੰਘ, ਬਲਾਕ ਨੋਡਲ ਅਫਸਰ ਪ੍ਰਭਜੋਤ ਸਿੰਘ ਗੋਹਲਵੜ, ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਸ੍ਰ ਜਸਵਿੰਦਰ ਸਿੰਘ ਸੰਧੂ, ਬਲਾਕ ਕੋਆਰਡੀਨੇਟਰ ਮੋਹਨਜੀਤ ਸਿੰਘ, ਸਰਪੰਚ ਸ੍ਰ ਸਰਬਜੀਤ ਸਿੰਘ, ਸ੍ਰ ਜਸਬੀਰ ਸਿੰਘ, ਸਰਪੰਚ ਸ੍ਰ ਸੋਨਾ ਸਿੰਘ, ਸਰਪੰਚ ਸ੍ਰ ਮਲਕੀਤ ਸਿੰਘ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਸ੍ਰ ਰੇਸ਼ਮ ਸਿੰਘ, ਸ੍ਰ ਗਗਨਦੀਪ ਸਿੰਘ, ਕਮੇਟੀ ਮੈਂਬਰ, ਸੈਂਟਰ ਹੈਡ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਭੁੱਚਰ ਕਲਾਂ ਸ੍ਰ ਸਰਬਜੀਤ ਸਿੰਘ, ਸਕੂਲ ਮੁਖੀ ਸਰਕਾਰੀ ਹਾਈ ਸਕੂਲ ਭੁੱਚਰ ਕਲਾਂ ਸਾਈਮੋਨਬੀਰ ਸਿੰਘ, ਸਕੂਲ ਮੁਖੀ ਸਰਕਾਰੀ ਐਲੀਮੈਂਟਰੀ ਸਕੂਲ ਭੁੱਚਰ ਖੁਰਦ ਸ੍ਰੀਮਤੀ ਰੁਪਿੰਦਰ ਕੌਰ, ਸਕੂਲ ਮੁਖੀ ਸਰਕਾਰੀ ਮਿਡਲ ਸਕੂਲ ਭੁੱਚਰ ਖੁਰਦ ਸ੍ਰ ਸੁਖਜਿੰਦਰ ਸਿੰਘ, ਇਹਨਾਂ ਸਕੂਲਾਂ ਦਾ ਸਮੂਹ ਸਟਾਫ, ਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।