De-addiction yatras to create awareness against drugs through Raksha Committees in villages and wards will start from May 7: Deputy Commissioner Shri Rahul

ਦਫ਼ਤਰ, ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪਿੰਡਾਂ ਤੇ ਵਾਰਡਾਂ ਵਿੱਚ ਰੱਖਿਆ ਕਮੇਟੀਆਂ ਰਾਹੀਂ ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਲਈ ਨਸ਼ਾ ਮੁਕਤੀ ਯਾਤਰਾਵਾਂ 07 ਮਈ ਨੂੰ ਹੋਣਗੀਆਂ ਸ਼ੁਰੂ : ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ
ਹਲਕਾ ਤਰਨ ਤਾਰਨ ਵਿੱਚ ਐਮ ਐਲ ਏ. ਡਾ. ਕਸ਼ਮੀਰ ਸਿੰਘ ਸੋਹਲ, ਖਡੂਰ ਸਾਹਿਬ ਵਿੱਚ ਐਮ ਐਲ ਏ ਸ਼੍ਰੀ ਮਨਜਿੰਦਰ ਸਿੰਘ ਲਾਲਪੂਰਾ ਅਤੇ ਖੇਮਕਰਨ ਵਿੱਚ ਐਮ ਐਲ ਏ ਸ੍. ਸਰਵਣ ਸਿੰਘ ਧੁੰਨ ਕਰਨਗੇ ਯਾਤਰਾਵਾਂ ਦੀ ਅਗਵਾਈ
ਤਰਨ ਤਾਰਨ, 06 ਮਈ:
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ 07 ਮਈ ਤੋਂ ਆਰੰਭੀ ਨਸ਼ਿਆਂ ਖਿਲਾਫ ਫੈਸਲਾ-ਕੁੰਨ ਲੜਾਈ ਦੇ ਅਗਲੇ ਪੜਾਅ ਵਿੱਚ ਹੁਣ ਸਰਕਾਰ ਵੱਲੋਂ ਪਿੰਡ ਪੱਧਰ ਅਤੇ ਵਾਰਡ ਪੱਧਰ ‘ਤੇ ਜਾ ਕੇ ਰੱਖਿਆ ਕਮੇਟੀਆਂ ਨਾਲ ਨਸ਼ਾ ਮੁਕਤੀ ਜਾਗਰੂਕਤਾ ਯਾਤਰਾਵਾਂ ਦਾ ਸਿਲਸਿਲਾ ਆਰੰਭਿਆ ਗਿਆ ਹੈ। ਇਨ੍ਹਾਂ ਯਾਤਰਾਵਾਂ ਦਾ ਮੰਤਵ ਪਿੰਡ ਰੱਖਿਆ ਕਮੇਟੀਆਂ ਅਤੇ ਵਾਰਡ ਰੱਖਿਆ ਕਮੇਟੀਆਂ ਦੇ ਮੈਂਬਰਾਂ ਨੂੰ ਨਸ਼ਾ ਤਸਕਰਾਂ ਦੀਆਂ ਗਤੀ-ਵਿਧੀਆਂ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚਾਉਣ, ਨਸ਼ਾ ਪੀੜਤਾਂ ਦੇ ਇਲਾਜ ਲਈ ਉਹਨਾਂ ਨੂੰ ਪ੍ਰੇਰ ਕੇ ਨਸ਼ਾ ਮੁਕਤੀ ਕੇਂਦਰਾਂ ਤੱਕ ਲਿਆਉਣ ਲਈ ਜਾਗਰੂਕ ਕਰਨਾ ਹੋਵੇਗਾ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ ਏ ਐਸ. ਨੇ ਦੱਸਿਆ ਕਿ ਜ਼ਿਲਾ ਤਾਰਨ ਵਿੱਚ ਇਹ ਯਾਤਰਾਵਾਂ 07 ਮਈ ਤੋਂ ਸ਼ੁਰੂ ਹੋਣਗੀਆਂ ਅਤੇ ਵਿਧਾਨ ਸਭਾ ਹਲਕਾ ਤਰਨ ਤਾਰਨ ਹਲਕੇ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਐਮ ਐਲ ਏ ਡਾ ਕਸ਼ਮੀਰ ਸਿੰਘ ਸੋਹਲ ਵੱਲੋਂ ਕੀਤੀ ਜਾਵੇਗੀ, ਜਦੋਂ ਕਿ ਖਡੂਰ ਸਾਹਿਬ ਹਲਕੇ ਵਿੱਚ ਨਸ਼ਾ ਮੁਕਤੀ ਯਾਤਰਾਵਾਂ ਦੀ ਅਗਵਾਈ ਐਮ ਐਲ ਏ ਸ਼੍ਰੀ ਮਨਜਿੰਦਰ ਸਿੰਘ ਲਾਲਪੂਰਾ ਵੱਲੋਂ ਕੀਤੀ ਜਾਵੇਗੀ। ਖੇਮਕਰਨ ਹਲਕੇ ਵਿੱਚ ਨਸ਼ਾ ਮੁਕਤੀ ਯਾਤਰਾਵਾਂ ਦੀ ਅਗਵਾਈ ਐਮ ਐਲ ਏ ਸ਼੍ਰੀ. ਸਰਵਣ ਸਿੰਘ ਧੁੰਨ ਵੱਲੋਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਅੱਜ ਸਾਰੀਆਂ ਸਬ ਡਵੀਜ਼ਨਾਂ ਦੇ ਉਪ ਮੰਡਲ ਮੈਜਿਸਟਰੇਟਾਂ ਨਾਲ ਮੀਟਿੰਗ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਨੇ ਸਮੂਹ ਪਿੰਡਾਂ ਅਤੇ ਵਾਰਡਾਂ ਦੇ ਲੋਕਾਂ ਨੂੰ ਆਪੋ-ਆਪਣੇ ਪਿੰਡ ਤੇ ਵਾਰਡ ਵਿੱਚ ਨੀਯਤ ਮਿਤੀ ਨੂੰ ਹੋਣ ਵਾਲੀ ਯਾਤਰਾ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਨਸ਼ਿਆਂ ਖਿਲਾਫ ਅਸੀਂ ਜ਼ਮੀਨੀ ਪੱਧਰ ਤੇ ਇੱਕ-ਜੁੱਟ ਨਾ ਹੋਏ, ਤਾਂ ਇਸ ਦਾ ਨੁਕਸਾਨ ਸਾਡੀ ਨੌਜਵਾਨ ਪੀੜ੍ਹੀ ਨੂੰ ਝੱਲਣਾ ਪਵੇਗਾ। ਉਹਨਾਂ ਕਿਹਾ ਕਿ ਇਹ ਸਾਡਾ ਕਰਤਵ ਬਣ ਜਾਂਦਾ ਹੈ, ਕਿ ਅਸੀਂ ਵੀ ਸਰਕਾਰ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਵਿੱਚ ਡੱਟ ਕੇ ਸਾਥ ਦੇਈਏ।
ਉਨਾਂ ਨੇ ਜ਼ਿਲ੍ਹੇ ਵਿੱਚ ਇਹਨਾਂ ਯਾਤਰਾਵਾਂ ਦੀ ਤੈਅ ਸਮਾਂ ਸਾਰਣੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰਨ ਤਾਰਨ ਹਲਕੇ ਵਿੱਚ 07 ਮਈ ਨੂੰ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵਲੋਂ ਪਿੰਡ ਮੁਰਾਦਪੁਰ ਕਲਾਂ ਵਿਖੇ ਸ਼ਾਮ 04.00 ਵਜੇ, ਪਿੰਡ ਮੁਰਾਦਪੁਰ ਖੁਰਦ ਵਿਖੇ ਸ਼ਾਮ 05.00 ਵਜੇ, ਅਤੇ ਪਿੰਡ ਮਾਲੀਅਨ ਵਿਖੇ ਸ਼ਾਮ 06.00 ਵਜੇ ਤੱਕ ਨਸ਼ਿਆਂ ਵਿਰੁੱਧ ਜਾਗਰੂਕਤਾ ਯਾਤਰਾ ਕੱਢੀ ਜਾਵੇਗੀ।
ਖਡੂਰ ਸਾਹਿਬ ਹਲਕੇ ਵਿੱਚ ਵਿਧਾਇਕ ਸ਼੍ਰੀ ਮਨਜਿੰਦਰ ਸਿੰਘ ਲਾਲਪੂਰਾ ਵੱਲੋਂ 07 ਮਈ ਨੂੰ ਪਿੰਡ ਕੋਟ ਧਰਮ ਚੰਦ ਖੁਰਦ ਸ਼ਾਮ 04.00 ਵਜੇ, ਪਿੰਡ ਬਕੀਪੁਰ ਵਿੱਚ 05.00 ਵਜੇ ਅਤੇ ਪਿੰਡ ਜਰਮਸਤਪੁਰ ਵਿਚ 06.00 ਵਜੇ ਤੱਕ, ਨਸ਼ਿਆਂ ਵਿਰੁੱਧ ਜਾਗਰੂਕਤਾ ਯਾਤਰਾ ਕੱਢੀ ਜਾਵੇਗੀ।
ਖੇਮਕਰਨ ਹਲਕੇ ਵਿੱਚ ਵਿਧਾਇਕ ਸ਼੍ਰੀ. ਸਰਵਣ ਸਿੰਘ ਧੁੰਨ ਵੱਲੋਂ 07 ਮਈ ਨੂੰ ਪਿੰਡ ਬੈਂਕਾ ਵਿਖੇ ਸ਼ਾਮ 04.00 ਵਜੇ, ਪਿੰਡ ਸੁਗਾ ਵਿਖੇ ਸ਼ਾਮ 05.00 ਵਜੇ, ਅਤੇ ਪਿੰਡ ਲਖਨਾ ਵਿਖੇ ਸ਼ਾਮ 06.00 ਵਜੇ, ਤੱਕ ਨਸ਼ਿਆਂ ਵਿਰੁੱਧ ਜਾਗਰੂਕਤਾ ਯਾਤਰਾ ਕੱਢੀ ਜਾਵੇਗੀ।