The campaign launched by the government against drugs will continue with the support of the people until the complete eradication of drugs – Dr. Kashmir Singh Sohal
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਲੋਕਾਂ ਦੇ ਸਮਰਥਨ ਨਾਲ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗੀ-ਡਾ. ਕਸ਼ਮੀਰ ਸਿੰਘ ਸੋਹਲ
ਪੰਜਾਬ ਸਰਕਾਰ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਵਚਨਬੱਧ, ਨੌਜਵਾਨ ਪੀੜ੍ਹੀ ਨੂੰ ਖ਼ਰਾਬ ਕਰਨ ਵਾਲੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ-ਸ. ਸਰਵਨ ਸਿੰਘ ਧੁੰਨ
ਲੋਕਾਂ ਦੇ ਸਹਿਯੋਗ ਸਦਕਾ ਰਾਜ ਨੂੰ ਨਸ਼ਾ ਤਸਕਰਾਂ ਅਤੇ ਨਸ਼ੇ ਤੋਂ ਮੁਕਤ ਕਰਵਾਇਆ ਜਾਵੇਗਾ-ਸ. ਮਨਜਿੰਦਰ ਸਿੰਘ ਲਾਲਪੁਰਾ
ਯੁੱਧ ਨਸ਼ਿਆਂ ਵਿਰੁੱਧ ਤਹਿਤ ਜ਼ਿਲੇ ਦੇ ਵੱਖ-ਵੱਖ ਪਿੰਡਾਂ ਵਿੱਚ ਕੱਢੀ ਗਈ “ਨਸ਼ਾ ਮੁਕਤੀ ਯਾਤਰਾ”
ਤਰਨ ਤਾਰਨ, 22 ਮਈ :
ਰਾਜ ‘ਚੋ ਨਸ਼ਿਆਂ ਦੇ ਮੁਕਮੰਲ ਖਾਤਮੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਜ਼ਿਲੇ ਦੇ ਵੱਖ-ਵੱਖ ਪਿੰਡਾਂ ਵਿੱਚ ਹਲਕਾ ਵਿਧਾਇਕਾਂ ਦੀ ਅਗਵਾਈ ਹੇਠ “ਨਸ਼ਾ ਮੁਕਤੀ ਯਾਤਰਾ” ਕੱਢੀ ਗਈ, ਜਿੰਨ੍ਹਾਂ ਵਿੱਚ ਪਿੰਡਾਂ ਦੇ ਪੰਚਾਂ-ਸਰਪੰਚਾਂ, ਮੋਹਤਬਰ ਵਿਅਕਤੀਆਂ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ।
ਇਸ ਦੌਰਾਨ ਹਲਕਾ ਵਿਧਾਇਕ ਤਰਨ ਤਾਰਨ ਡਾ. ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਹੇਠ ਪਿੰਡ ਸ਼ੋਹਲ ਸੈਨ ਭਗਤ, ਸੋਹਲ ਅਤੇ ਪਿੰਡ ਠੱਠਾ ਵਿਖੇ ‘ਨਸ਼ਾ ਮੁਕਤੀ ਯਾਤਰਾ’ ਕੱਢੀ ਗਈ।ਇਸ ਮੌਕੇ ਸੰਬੋਧਨ ਕਰਦਿਆਂ ਡਾ. ਸੋਹਲ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਿੱਢੀ ਮੁਹਿੰਮ ਦਾ ਹੁਣ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਸਾਥ ਦਿੱਤਾ ਜਾ ਰਿਹਾ ਹੈ ਅਤੇ ਲੋਕਾਂ ਦੇ ਸਹਿਯੋਗ ਸਦਕਾ ਪੁਲਿਸ ਨੇ ਕਈ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਇਸ ਤੋਂ ਇਲਾਵਾ ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਉੱਪਰ ਬੁਲਡੋਜ਼ਰ ਫੇਰ ਕੇ ਨਜਾਇਜ਼ ਕਬਜ਼ਾ ਛੁਡਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਇਹ ਮੁਹਿੰਮ ਲੋਕਾਂ ਦੇ ਸਮਰਥਨ ਨਾਲ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗੀ।
ਇਸ ਦੌਰਾਨ ਹਲਕਾ ਵਿਧਾਇਕ ਖੇਮਕਰਨ ਸ੍ਰ. ਸਰਵਨ ਸਿੰਘ ਧੁੰਨ ਵੱਲੋਂ ਪਿੰਡ ਨਾਰਲੀ, ਅਮੀਸ਼ਾਹ ਅਤੇ ਖਾਲੜਾ ਵਿਖੇ ‘ਨਸ਼ਾ ਮੁਕਤੀ ਯਾਤਰਾ’ ਦੀ ਅਗਵਾਈ ਕਰਦਿਆਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਗਿਆ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖ਼ਾਤਮੇ ਲਈ ਵਚਨਬੱਧ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਖ਼ਰਾਬ ਕਰਨ ਵਾਲੇ ਇਨ੍ਹਾਂ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਕਿਹਾ ਕਿ ਨਸ਼ੇ ਦੀ ਬੁਰੀ ਆਦਤ ਵਿੱਚ ਫਸੇ ਲੋਕਾਂ ਨੂੰ ਮੁੜ ਤੋਂ ਸਮਾਜ ਦਾ ਜ਼ਿੰਮੇਵਾਰ ਹਿੱਸਾ ਬਣਾਉਣ ਲਈ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਮੁਫ਼ਤ ਇਲਾਜ ਲਈ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਆਪਣੇ ਜ਼ਿਲ੍ਹੇ ਅਤੇ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਹਰ ਵਿਅਕਤੀ ਨੂੰ ਸਹਿਯੋਗ ਕਰਨ ਦਾ ਸੱਦਾ ਦਿੱਤਾ।
ਇਸ ਤੋਂ ਇਲਾਵਾ ਹਲਕਾ ਵਿਧਾਇਕ ਖਡੂਰ ਸਾਹਿਬ ਸ੍ਰੀ ਮਨਜਿੰਦਰ ਸਿੰਘ ਲਾਲਪੁਰਾ ਨੇ ਪਿੰਡ ਮੰਮਣਕੇ, ਮੰਮਣਕੇ ਖੁਰਦ, ਡਿਆਲ ਰਾਜਪੂਤਾਂ ਅਤੇ ਮਾਣੋਚਾਹਲ ਵਿਖੇ “ਨਸ਼ਾ ਮੁਕਤੀ ਯਾਤਰਾ” ਵਿੱਚ ਸ਼ਾਮਲ ਹੋਣ ਉਪਰੰਤ ਲੋਕਾਂ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਸੁਨੇਹਾ ਦਿੱਤਾ।ਇਸ ਮੌਕੇ ਪਿੰਡ ਪੱਧਰੀ ਸੁਰੱਖਿਆ ਕਮੇਟੀ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਲੋਕਾਂ ਦੇ ਜੋਸ਼ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਜਲਦ ਹੀ ਸੂਬਾ ਨਸ਼ਾ ਮੁਕਤ ਹੋ ਜਾਵੇਗਾ ਅਤੇ ਲੋਕਾਂ ਦੇ ਸਹਿਯੋਗ ਸਦਕਾ ਰਾਜ ਨੂੰ ਨਸ਼ਾ ਤਸਕਰਾਂ ਅਤੇ ਨਸ਼ੇ ਤੋਂ ਮੁਕਤ ਕਰਵਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਸਭ ਲਈ ਲੋਕਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ।
ਉਹਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ, ਉਸਨੂੰ ਪੂਰੀ ਸਹਾਇਤਾ ਦਿੱਤੀ ਜਾਵੇਗੀ ਅਤੇ ਨਸ਼ਾ ਛੁਡਾਉ ਕੇਂਦਰ ਵਿਚ ਦਾਖ਼ਲ ਵੀ ਕਰਾਇਆ ਜਾਵੇਗਾ।ਜੇਕਰ ਕਿਸੇ ਵੀ ਵਿਅਕਤੀ ਨੂੰ ਆਪਣੇ ਆਸ-ਪਾਸ ਨਸ਼ਾ ਵੇਚਣ ਦੀ ਜਾਣਕਾਰੀ ਮਿਲਦੀ ਹੈ, ਤਾਂ ਓਹ ਇਸਦੀ ਸੂਚਨਾ ਪੁਲਿਸ ਨੂੰ ਦੇਵੇ। ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ।