Close

One day, with the Deputy Commissioner and SSP

Publish Date : 04/06/2025

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
“ਇੱਕ ਦਿਨ ਡਿਪਟੀ ਕਮਿਸ਼ਨਰ ਤੇ ਐੱਸ. ਐੱਸ. ਪੀ. ਦੇ ਸੰਗ”
ਮੈਰਿਟ ਵਿੱਚ ਆਉਣ ਵਾਲੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀ ਦੇ ਸੁਪਨਿਆਂ ਨੂੰ ਮਿਲੀ ਨਵੀਂ ਉਡਾਨ
ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਤੇ ਐੱਸ. ਐੱਸ. ਪੀ. ਸ੍ਰੀ ਅਭਿਮਨਿਊ ਰਾਣਾ ਨੇ ਵਿਦਿਆਰਥੀਆਂ ਨਾਲ ਗੁਜ਼ਾਰਿਆ ਸਾਰਾ ਦਿਨ, ਜ਼ਿੰਦਗੀ ਵਿੱਚ ਸਫਲਤਾ ਲਈ ਸਾਂਝੇ ਕੀਤੇ ਤਜ਼ਰਬੇ
ਤਰਨ ਤਾਰਨ, 29 ਮਈ :
ਜ਼ਿਲ੍ਹਾ ਤਰਨ ਤਾਰਨ ਦੇ 10ਵੀਂ ਤੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਮੈਰਿਟ ‘ਚ ਆਉਣ ਵਾਲੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਲਈ ਅੱਜ ਦਾ ਦਿਨ ਯਾਦਗਾਰੀ ਹੋ ਨਿਬੜਿਆ ਜਦ ਉਨ੍ਹਾਂ ਦੇ ਸੁਪਨਿਆਂ ਨੂੰ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਅਤੇ ਐੱਸ. ਐੱਸ. ਪੀ. ਸ੍ਰੀ ਅਭਿਮਨਿਊ ਰਾਣਾ ਦੀ ਸੁਚੱਜੀ ਅਗਵਾਈ ਨੇ ਨਵੀਂ ਉਡਾਨ ਦਿੱਤੀ।
ਪੰਜਾਬ ਸਰਕਾਰ ਵਲੋਂ ਰਾਜ ਭਰ ਵਿੱਚੋਂ ਮੈਰਿਟ ‘ਚ ਆਉਣ ਵਾਲੇ ਵਿਦਿਆਰਥੀਆਂ ਲਈ ਸ਼ੁਰੂ ਕੀਤੇ ਪ੍ਰੋਗਰਾਮ “ਇੱਕ ਦਿਨ ਡੀ. ਸੀ. ਤੇ ਐਸ. ਐਸ. ਪੀ. ਸੰਗ” ਪ੍ਰੋਗਰਾਮ ਤਹਿਤ ਜਿਲ੍ਹੇ ਦੇ 6 ਵਿਦਿਆਰਥੀਆਂ ਜਿੰਨ੍ਹਾਂ ਵਿੱਚ ਬਾਰਵੀਂ ਜਮਾਤ ਵਿੱਚੋਂ ਜ਼ਿਲ੍ਹਾ ਤਰਨ ਤਾਰਨ ਦੇ ਸਕੂਲ ਆਫ਼ ਐਮੀਨੈਂਸ ਪੱਟੀ ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਜਿਸ ਨੇ 98.2 ਫੀਸਦੀ, ਬਾਬਾ ਗੁਰਮੁਖ ਸਿੰਘ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਦੀ ਵਿਦਿਆਰਥਣ ਸੰਦੀਪ ਕੌਰ ਜਿਸ ਨੇ 97.6 ਫੀਸਦੀ ਤੇ ਜਸਪ੍ਰੀਤ ਕੌਰ ਜਿਸ ਨੇ 97.6 ਫੀਸਦੀ ਅਤੇ ਦਸਵੀਂ ਜਮਾਤ ਵਿੱਚੋਂ ਸਕੂਲ ਆਫ਼ ਐਮੀਨੈਂਸ ਪੱਟੀ ਦੇ ਵਿਦਿਆਰਥੀ ਕਾਰਤਿਕ ਜਿਸ ਨੇ 97.69 ਫੀਸਦੀ, ਬਾਬਾ ਗੁਰਮੁਖ ਸਿੰਘ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਦੇ ਵਿਦਿਆਰਥੀ ਪਰਮਵੀਰ ਸਿੰਘ ਜਿਸ ਨੇ 96.77 ਫੀਸਦੀ ਅਤੇ ਗੁਰੂਕੁਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਦੀ ਵਿਦਿਆਰਥਣ ਪਵਨਦੀਪ ਕੌਰ ਜਿਸ ਨੇ 96.62 ਫੀਸਦੀ ਅੰਕ ਹਾਸਿਲ ਕੀਤੇ ਹਨ, ਨੇ ਸਾਰਾ ਦਿਨ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਨਾਲ ਰਹਿਕੇ ਦਫ਼ਤਰੀ ਕੰਮ-ਕਾਜ ਨੂੰ ਨੇੜੇ ਤੋਂ ਦੇਖਿਆ।
ਸਾਰੇ ਵਿਦਿਆਰਥੀ ਅੱਜ ਸਵੇਰੇ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਦੀ ਸਰਕਾਰੀ ਰਿਹਾਇਸ਼ ‘ਤੇ ਪਹੁੰਚੇ ਅਤੇ ਇੱਥੇ ਉਨ੍ਹਾਂ ਦੇ ਕੈਂਪ ਆਫਿਸ ਦੀ ਜਾਣਕਾਰੀ ਲੈਣ ਦੇ ਨਾਲ-ਨਾਲ ਇਨ੍ਹਾਂ ਨੇ ਆਪਣੇ ਦਿਨ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਉਨ੍ਹਾਂ ਨੂੰ ਆਪਣੇ ਦਫ਼ਤਰ ਲੈ ਕੇ ਆਏ ਅਤੇ ਇੱਥੇ ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਆਪਣੇ ਦਫ਼ਤਰ ਸਮੇਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਬਣੇ ਵੱਖ-ਵੱਖ ਦਫ਼ਤਰ ਵਿਖਾਏ ਅਤੇ ਇੱਥੋਂ ਦੀ ਕਾਰਜ ਵਿਧੀ ਅਤੇ ਸਰਕਾਰੀ ਦਫ਼ਤਰਾਂ ਵਿਚ ਕਿਵੇਂ ਕੰਮ ਹੁੰਦਾ ਹੈ, ਸਬੰਧੀ ਜਾਣਕਾਰੀ ਸਾਂਝੀ ਕੀਤੀ।
ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਤੇ ਐੱਸ. ਐੱਸ. ਪੀ. ਇਹਨਾਂ ਵਿਦਿਆਰਥੀਆਂ ਨੂੰ ਨਾਲ ਲੈ ਕੇ ਫੀਲਡ ਵਿਜ਼ਟ ‘ਤੇ ਗਏ।ਇਸ ਦੌਰਾਨ ਇਹਨਾਂ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਤੇ ਐੱਸ. ਐੱਸ. ਪੀ. ਨਾਲ ਦੁਪਹਿਰ ਦਾ ਭੋਜਨ ਵੀ ਕੀਤਾ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਤੇ ਐੱਸ. ਐੱਸ. ਪੀ. ਸ੍ਰੀ ਅਭਿਮਨਿਊ ਰਾਣਾ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੇ ਅੱਠਵੀਂ, ਦਸਵੀਂ ਤੇ ਬਾਰਵੀਂ ਜਮਾਤ ਦੇ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਮੋਬਾਇਲ ਫੋਨ ਤੇ ਟੈਬ ਦੇ ਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਤੇ ਐੱਸ. ਐੱਸ. ਪੀ. ਨੇ ਕਿਹਾ ਕਿ ‘ਇਸ ਪ੍ਰੋਗਰਾਮ ਦਾ ਮਕਸਦ ਲਾਇਕ ਬੱਚਿਆਂ ਨੂੰ ਉਨ੍ਹਾਂ ਦੇ ਸੁਪਨੇ ਦੀ ਪੂਰਤੀ ਲਈ ਅਗਵਾਈ ਦੇਣਾ ਹੈ’। ਇਸ ਦੌਰਾਨ ਉਹਨਾਂ ਵੱਲੋਂ ਸਮੂਹ ਵਿਦਿਆਰਥੀਆਂ ਨਾਲ ਇਸ ਮੁਕਾਮ ਤੱਕ ਪੁੱਜਣ ਸਬੰਧੀ ਵਿਸਥਾਰ ਵਿੱਚ ਆਪਣਾ ਤਜ਼ਰਬਾ ਸਾਂਝਾ ਕੀਤਾ ਗਿਆ।ਉੁਹਨਾਂ ਕਿਹਾ ਕਿ ਜੇਕਰ ਨਿਸ਼ਾਨਾ ਮਿੱਥ ਕੇ ਮਿਹਨਤ ਕੀਤੀ ਜਾਵੇ ਤਾਂ ਕੋਈ ਵੀ ਮੰਜ਼ਿਲ ਹਾਸਿਲ ਕੀਤੀ ਜਾ ਸਕਦੀ ਹੈ।
ਉਹਨਾਂ ਬੱਚਿਆਂ ਨੂੰ ਵੱਖ ਵੱਖ ਖੇਤਰਾਂ ਵਿੱਚ ਅੱਗੇ ਜਾਣ ਲਈ ਵਿਸ਼ਿਆਂ ਦੀ ਚੋਣ ਅਤੇ ਪੜ੍ਹਾਈ ਲਈ ਜਰੂਰੀ ਨੁਕਤੇ ਵੀ ਸਾਂਝੇ ਕੀਤੇ। ਉਹਨਾਂ ਵਿਦਿਆਰਥੀਆਂ ਨੂੰ ਸਵੈ ਵਿਸ਼ਵਾਸ, ਮਿਹਨਤ, ਇਮਾਨਦਾਰੀ ਅਤੇ ਅਨੁਸ਼ਾਸਨ ਨਾਲ ਆਪਣੀ ਸਿੱਖਿਆ ਪੂਰੀ ਕਰਨ ਲਈ ਪ੍ਰੇਰਿਆ ਅਤੇ ਸ਼ੁਭ ਇਛਾਵਾਂ ਦਿੰਦੇ ਹੋਏ ਭਵਿੱਖ ਵਿੱਚ ਹਰ ਸੰਭਵ ਸਹਾਇਤਾ ਅਤੇ ਅਗਵਾਈ ਦਿੰਦੇ ਰਹਿਣ ਦਾ ਵਚਨ ਵੀ ਦਿੱਤਾ।
ਇਸ ਦੌਰਾਨ ਵਿਦਿਆਰਥੀਆਂ ਨੇ ਕਿਹਾ ਕਿ ਅੱਜ ਸਾਰਾ ਦਿਨ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਰਹਿਕੇ ਇਹ ਮਹਿਸੂਸ ਹੋਇਆ ਹੈ ਕਿ ਕਿਸੇ ਵੀ ਮੁਕਾਮ ’ਤੇ ਪਹੁੰਚਣ ਲਈ ਬਹੁਤ ਮਿਹਨਤ ਦੀ ਲੋੜ ਹੈ ਅਤੇ ਅਸੀਂ ਆਪਣੀ ਜ਼ਿੰਦਗੀ ਵਿੱਚ ਹੋਰ ਮਿਹਨਤ ਕਰਕੇ ਜ਼ਿਲ੍ਹੇ ਤੇ ਪੰਜਾਬ ਦਾ ਨਾਮ ਰੋਸ਼ਨ ਕਰਾਂਗੇਂ।