Close

18 more training students are conducting yoga asanas to people daily through 166 yoga classes in the district.

Publish Date : 13/06/2025

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ

ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਯੋਗਾ ਬਹੁਤ ਜ਼ਰੂਰੀ ਹੈ- ਡਿਪਟੀ ਕਮਿਸ਼ਨਰ

ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਸੀ. ਐੱਮ. ਦੀ ਯੋਗਸ਼ਾਲਾ

ਜ਼ਿਲ੍ਹੇ ਵਿੱਚ 166 ਯੋਗਾ ਕਲਾਸਾਂ ਰਾਹੀਂ 18 ਅਤੇ ਟਰੇਨਿੰਗ ਵਿਦਿਆਰਥੀ ਲੋਕਾਂ ਨੂੰ ਰੋਜ਼ਾਨਾ ਕਰਵਾ ਰਹੇ ਹਨ ਯੋਗਾ ਆਸਣ

ਤਰਨ ਤਾਰਨ, 12 ਜੂਨ :

ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਸੀ. ਐਮ. ਦੀ ਯੋਗਸ਼ਾਲਾ ਚਲਾਈ ਜਾ ਰਹੀ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਵਾਸੀ ਭਾਗ ਲੈ ਕੇ ਯੋਗ ਨਾਲ ਜੁੜ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਨੇ ਦੱਸਿਆ ਕਿ ਕਈ ਰੋਗੀਆਂ ਵਾਸਤੇ ਇਹ ਯੋਗਸ਼ਾਲਾ ਇੱਕ ਵਰਦਾਨ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਤਰਨ ਤਾਰਨ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਸੀ. ਐੱਮ. ਦੀ ਯੋਗਸ਼ਾਲਾ ਤਹਿਤ ਕੁੱਲ 166 ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਯੋਗਾ ਕਲਾਸਾਂ ਰਾਹੀਂ ਯੋਗਾ ਦੇ 18 ਟਰੇਨਰ ਲੋਕਾਂ ਨੂੰ ਰੋਜ਼ਾਨਾਂ ਯੋਗਾ ਕਰਵਾ ਰਹੇ ਹਨ, ਜਿਸ ਦਾ ਫ਼ਾਇਦਾ ਇਹ ਹੋਇਆ ਹੈ ਕਿ ਯੋਗਾ ਕਲਾਸਾਂ ਲਗਾਉਣ ਵਾਲੇ ਕਈ ਵਿਅਕਤੀਆਂ ਦੇ ਰੋਗ ਠੀਕ ਹੋਏ ਹਨ। ਉਨ੍ਹਾਂ ਦੱਸਿਆ ਕਿ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਯੋਗਾ ਬਹੁਤ ਜ਼ਰੂਰੀ ਹੈ ਅਤੇ ਇਸ ਦਾ ਲਾਭ ਹਰ ਕਿਸੇ ਨੂੰ ਉਠਾਉਣਾ ਚਾਹੀਦਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਵਾਸੀ ਆਪਣੇ ਮੁਹੱਲੇ ਵਿੱਚ ਸੀਐੱਮ. ਦੀ ਯੋਗਸ਼ਾਲਾ ਸ਼ੁਰੂ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਮੋਬਾਈਲ 76694-00500 ਨੰਬਰ ਉੱਪਰ ਇੱਕ ਮਿਸ ਕਾਲ ਕਰ ਸਕਦੇ ਹਨ, ਇਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਓਥੇ ਇੱਕ ਯੋਗਾ ਟਰੇਨਰ ਭੇਜਿਆ ਜਾਵੇਗਾ ਜੋ ਉਹ ਮੁਹੱਲੇ ਦੇ ਵਸਨੀਕਾਂ ਨੂੰ ਰੋਜ਼ਾਨਾਂ ਮੁਫ਼ਤ ਯੋਗਾ ਕਰਵਾਏਗਾ।
ਉਨ੍ਹਾਂ ਕਿਹਾ ਕਿ ਯੋਗਾ ਕਲਾਸਾਂ ਸਬੰਧੀ ਵਧੇਰੇ ਜਾਣਕਾਰੀ ਲਈ ਸੀ. ਐੱਮ. ਦੀ ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਹਰਮਨਦੀਪ ਸਿੰਘ ਦੇ ਮੋਬਾਈਲ ਨੰਬਰ 99155 01377 ਉੱਪਰ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਜ਼ਿਲ੍ਹਾ ਕੋਆਰਡੀਨੇਟਰ ਸੀ. ਐੱਮ. ਯੋਗਸ਼ਾਲਾ ਹਰਮਨਦੀਪ ਸਿੰਘ ਸਿੰਘ ਨੇ ਦੱਸਿਆ ਕਿ ਸੀ. ਐੱਮ. ਦੀ ਯੋਗਸ਼ਾਲਾ ਨਾਲ ਜ਼ਿਲ੍ਹੇ ਵਿੱਚ 4000 ਦੇ ਕਰੀਬ ਵਿਅਕਤੀ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾ ਯੋਗ ਕਰਨ ਨਾਲ ਲੋਕਾਂ ਨੂੰ ਕਾਫ਼ੀ ਲਾਭ ਮਿਲ ਰਿਹਾ ਹੈ ਅਤੇ ਬਿਮਾਰੀਆਂ ਤੋਂ ਨਿਜਾਤ ਪਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜੋ ਵਿਅਕਤੀ ਰੋਜ਼ਾਨਾ ਯੋਗ ਕਰ ਰਹੇ ਹਨ, ਉਨ੍ਹਾਂ ਵੱਲੋਂ ਦੱਸਿਆ ਗਿਆ ਹੈ ਕਿ ਯੋਗ ਕਰਨ ਨਾਲ ਉਨ੍ਹਾਂ ਨੂੰ ਸਰਵਾਈਕਲ, ਬੈਕਪੇਨ, ਜੋੜਾਂ ਦਾ ਦਰਦ, ਮਾਨਸਿਕ ਤਣਾਅ ਤੋਂ ਰਾਹਤ ਮਿਲੀ ਹੈ ਅਤੇ ਜਿਨ੍ਹਾਂ ਨੂੰ ਸ਼ੂਗਰ ਜਾਂ ਬੀ.ਪੀ. ਦੇ ਰੋਗ ਹਨ, ਉਨ੍ਹਾਂ ਦੀ ਰਿਪੋਰਟ ਵੀ ਨਾਰਮਲ ਆਉਣ ਲੱਗੀ ਹੈ। ਉਨ੍ਹਾਂ ਕਿਹਾ ਕਿ ਟ੍ਰੇਨਰਾਂ ਵੱਲੋਂ ਜਿੱਥੇ ਲੋਕਾਂ ਨੂੰ ਵੱਖ-ਵੱਖ ਯੋਗ ਆਸਣ ਕਰਵਾਏ ਜਾਂਦੇ ਹਨ, ਉੱਥੇ ਹੀ ਉਨ੍ਹਾਂ ਨੂੰ ਯੋਗ ਆਸਣ ਦੇ ਕੀ-ਕੀ ਫ਼ਾਇਦੇ ਹੁੰਦੇ ਹਨ, ਉਨ੍ਹਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਂਦੀ ਹੈ।