Close

Farm Advisory Service Center organizes awareness camp on prevention of fruit fly in vegetables

Publish Date : 25/06/2025

ਫਾਰਮ ਸਲਾਹਕਾਰ ਸੇਵਾ ਕੇਂਦਰ ਵਲੋਂ ਸਬਜ਼ੀਆਂ ਵਿੱਚ ਫ਼ਲ ਦੀ ਮੱਖੀ ਦੀ ਰੋਕਥਾਮ ਸਬੰਧੀ ਲਗਾਇਆ ਗਿਆ ਜਾਗਰੁਕਤਾ ਕੈਂਪ

ਤਰਨ ਤਾਰਨ 24 ਜੂਨ:

ਸਬਜ਼ੀਆਂ ਵਿੱਚ ਫਲ ਦੀ ਮੱਖੀ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਵਲੋਂ ਅੱਜ ਪਿੰਡ ਖਡੂਰ ਸਾਹਿਬ ਵਿਖੇ ਜਾਗਰੁਕਤਾ ਕੈਂਪ  ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਕੱਦੂ ਜਾਤੀ ਦੀਆਂ ਸਬਜ਼ੀਆਂ ਵਿੱਚ ਫ਼ਲ ਦੀ ਮੱਖੀ ਦੀ ਰੋਕਥਾਮ ਲਈ ਵਾਤਾਵਰਣ ਪੱਖੀ ਤਕਨੀਕਾਂ ਬਾਰੇ ਜਾਗਰੁਕ ਕਰਨਾ ਸੀ ।

 ਡਾ. ਪਰਵਿੰਦਰ ਸਿੰਘ, ਇੰਚਾਰਜ਼, ਫਾਰਮ ਸਲਾਹਕਾਰ ਸੇਵਾ ਕੇਂਦਰ ਨੇ ਫਾਰਮ ਸਲਾਹਕਾਰ ਸੇਵਾ ਕੇਂਦਰ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ । ਉਹਨਾਂ ਨੇ ਵੱਖ-ਵੱਖ ਸਬਜ਼ੀਆਂ ਵਿੱਚ ਫ਼ਲ ਦੀ ਮੱਖੀ ਤੋਂ ਹੋਣ ਵਾਲੇ ਨੁਕਸਾਨ ਬਾਰੇ ਚਾਨਣਾ ਪਾਇਆ । ਉਹਨਾਂ ਨੇ ਬਰਸਾਤ ਰੁੱਤ ਵਿੱਚ ਟਮਾਟਰ, ਬੈਂਗਣ ਅਤੇ ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਸਫਲ ਕਾਸ਼ਤ ਬਾਰੇ ਨੁਕਤੇ ਸਾਂਝੇ ਕੀਤੇ ।

ਡਾ. ਪਰਮਿੰਦਰ ਕੌਰ ਸਹਿਜਪਾਲ, ਪੌਦਾ ਰੋਗ ਮਾਹਿਰ ਨੇ ਫ਼ਲ ਦੀ ਮੱਖੀ ਦੀ ਸਮੇਂ ਸਿਰ ਪਛਾਣ ਅਤੇ ਇਸ ਦੇ ਸੰਯੁਕਤ ਕੀਟ ਪ੍ਰਬੰਧ ਬਾਰੇ ਕਿਸਾਨਾਂ ਨਾਲ ਗੱਲਬਾਤ ਕੀਤੀ । ਉਹਨਾਂ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਫਰੂਟ ਫਲਾਈ ਟਰੈਪ ਇੱਕ ਵਾਤਾਵਰਨ ਸਹਾਈ ਤਕਨੀਕ ਹੈ ਅਤੇ ਇਸਨੂੰ ਸਮੇਂ ਸਿਰ ਅਪਨਾਉਣਾ ਚਾਹੀਦਾ ਹੈ ।

ਡਾ. ਪਰਮਿੰਦਰ ਸਿੰਘ ਸੰਧੂ, ਫ਼ਸਲ ਵਿਗਿਆਨੀ ਨੇ ਕਿਸਾਨਾਂ ਨੂੰ ਝੋਨਾ-ਕਣਕ ਫਸਲੀ ਚੱਕਰ ਨੂੰ ਛੱਡ ਕੇ ਹੋਰ ਫਸਲੀ ਚੱਕਰ ਅਪਨਾਉਣ ਉੱਤੇ ਜੋਰ ਦਿੱਤਾ ਅਤੇ ਯੂਨੀਵਰਸਿਟੀ ਵਲੋਂ ਸਿਫਾਰਿਸ਼ ਖਾਦਾਂ, ਨਦੀਨ ਨਾਸ਼ਕਾਂ ਆਦਿ ਦੀ ਵਰਤੋਂ ਵਿਗਿਆਨੀਆਂ ਦੀ ਸਲਾਹ ਨਾਲ ਕਰਨ ਲਈ ਕਿਹਾ । ਇਸ ਦੇ ਨਾਲ ਪਾਣੀ ਦੀ ਸਾਂਭ ਸੰਭਾਲ ਲਈ  ਝੋਨੇ ਦੀ ਸਿੱਧੀ ਬਿਜਾਈ ਅਪਨਾਉਣ ਲਈ ਅਤੇ ਕੱਦੂ ਵਾਲੇ ਝੋਨੇ ਨੂੰ ਸੁਕਾ-ਸੁਕਾ ਕੇ ਪਾਣੀ ਲਾਉਣ ਲਈ ਪ੍ਰੇਰਿਤ ਕੀਤਾ ।