Schools will reopen on July 1 after summer vacations

ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਮੁੜ 1 ਜੁਲਾਈ ਨੂੰ ਖੁੱਲਣਗੇ ਸਕੂਲ
ਪਹਿਲਾ ਦਿਨ ਤਿਉਹਾਰ ਵਾਂਗ ਮਨਾਇਆ ਜਾਵੇਗਾ
ਤਰਨਤਾਰਨ, 29 ਜੂਨ
ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਮਿਤੀ 01 ਜੁਲਾਈ ਦਿਨ ਮੰਗਲਵਾਰ ਨੂੰ ਸਰਕਾਰੀ ਸਕੂਲ ਮੁੜ ਖੁੱਲ ਰਹੇ ਹਨ। ਇਸ ਸਬੰਧੀ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਡੀ ਈ ਓ ਸੈਕੰਡਰੀ ਤਰਨ ਤਾਰਨ ਸਤਿਨਾਮ ਸਿੰਘ ਬਾਠ ਅਤੇ ਡੀ ਈ ਓ ਐਲੀਮੈਂਟਰੀ ਤਰਨ ਤਾਰਨ ਜਗਵਿੰਦਰ ਸਿੰਘ ਲਹਿਰੀ ਨੇ ਦੱਸਿਆ ਕਿ ਗਰਮੀ ਦੀਆਂ ਛੁੱਟੀਆਂ 30 ਜੂਨ ਨੂੰ ਸਮਾਪਤ ਹੋ ਰਹੀਆਂ ਹਨ, ਜਿਸ ਦੇ ਚੱਲਦਿਆਂ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਸਕੂਲ ਮੁੜ ਖੁੱਲ ਰਹੇ ਹਨ ਅਤੇ ਇਸ ਨੂੰ ਮੁੱਖ ਰੱਖਦਿਆਂ ਵਿਦਿਆਰਥੀਆਂ ਵਿੱਚ ਸਕੂਲ ਪ੍ਰਤੀ ਹੋਰ ਖਿੱਚ ਪੈਦਾ ਕਰਨ ਅਤੇ ਵਿਦਿਆਰਥੀ ਅਧਿਆਪਕ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਬੱਚਿਆਂ ਨੂੰ ਪਹਿਲੇ ਦਿਨ ਸਕੂਲ ਖੁੱਲਣ ਤੇ ਇੱਕ ਤਿਉਹਾਰ ਵਰਗਾ ਦਿਨ ਮਨਾਉਣ ਦੇ ਇਰਾਦੇ ਨਾਲ ਸਕੂਲਾਂ ਵਿੱਚ ਆਉਣ ਲਈ ਸੱਦਾ ਦਿੱਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਇਸ ਉਪਰਾਲੇ ਨਾਲ ਵਿਦਿਆਰਥੀਆਂ ਵਿੱਚ ਛੁੱਟੀਆਂ ਤੋਂ ਬਾਅਦ ਦੀ ਝਿਜਕ ਦੂਰ ਹੋਵੇਗੀ ਅਤੇ ਇਹ ਉਪਰਾਲਾ ਵਿਦਿਆਰਥੀਆਂ ਦੀ ਸਕੂਲਾਂ ਵਿੱਚ 100 ਫ਼ੀਸਦੀ ਹਾਜ਼ਰੀ ਯਕੀਨੀ ਬਣਾਉਣ ਲਈ ਮਦਦਗਾਰ ਸਾਬਤ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡੀ ਈ ਓ ਸੈਕੰਡਰੀ ਪਰਮਜੀਤ ਸਿੰਘ ਅਤੇ ਡਿਪਟੀ ਡੀ ਈ ਓ ਐਲੀਮੈਂਟਰੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਬੱਚਿਆਂ ਨੂੰ ਸਕੂਲਾਂ ਦੀ ਹਰ ਤਰਾਂ ਦੀ ਸੁਰੱਖਿਆ ਦੇਣ ਲਈ ਸਕੂਲ ਬਿਲਡਿੰਗ ਦੀ ਅੰਦਰੂਨੀ ਅਤੇ ਬਾਹਰੀ ਹਾਈਜੈਨਿਕ ਸਾਫ਼-ਸਫ਼ਾਈ ਕਰਵਾਉਣ ਲਈ ਸਕੂਲਾਂ ਨੂੰ ਪਹਿਲਾਂ ਹੀ ਕਿਹਾ ਗਿਆ ਹੈ। ਸਕੂਲ ਪ੍ਰਬੰਧਕਾਂ ਵੱਲੋਂ ਸਕੂਲਾਂ ਦੇ ਕਮਰੇ, ਬੈਂਨਚ, ਫਰਸ਼, ਦੀਵਾਰਾਂ, ਦਰਵਾਜ਼ੇ, ਪਰਦੇ, ਕੰਪਿਊਟਰ ਸਿਸਟਮ ਸਮੇਤ ਹਰ ਤਰਾਂ ਦੀ ਵਿੱਦਿਅਕ ਸਮੱਗਰੀ ਨੂੰ ਸਵੱਛਤਾ ਨਾਲ ਚੰਗੀ ਤਰਾਂ ਸਾਫ਼ ਕਰਵਾਉਣ ਲਈ ਕਿਹਾ ਗਿਆ ਹੈ।
ਪੀਣ ਯੋਗ ਪਾਣੀ ਦੀਆਂ ਥਾਵਾਂ, ਪਾਣੀ ਦੀਆਂ ਟੈਂਕੀਆਂ, ਪਖਾਨਿਆਂ ਨੂੰ ਹਾਈਜੈਨਿਕ ਤਰੀਕੇ ਨਾਲ ਸਾਫ਼ ਕਰਨ ਲਈ ਕਿਹਾ ਗਿਆ ਹੈ। ਵਿਭਾਗ ਵੱਲੋਂ ਛੁੱਟੀਆਂ ਤੋਂ ਬਾਅਦ ਮੁੜ ਸਕੂਲ ਖੁੱਲਣ ਤੇ ਬੱਚਿਆਂ ਦੀ ਪੜਾਈ ਦੇ ਨਾਲ-ਨਾਲ ਸੁਖਾਵਾਂ ਮਾਹੌਲ ਸਿਰਜਣ ਲਈ ਸਕੂਲ ਪ੍ਰਬੰਧਕਾਂ ਨੂੰ ਤਿਆਰੀਆਂ ਕਰਨ ਲਈ ਕਿਹਾ ਗਿਆ ਹੈ ਅਤੇ ਸਮੂਹ ਸਕੂਲ ਮੁੱਖੀਆਂ ਅਤੇ ਅਧਿਆਪਕਾਂ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਮੁੜ ਖੁੱਲਣ ਜਾ ਰਹੇ ਸਕੂਲਾਂ ਨੂੰ ਮੱਦੇਨਜ਼ਰ ਰੱਖਦਿਆਂ ਢੁੱਕਵਾਂ ਇੰਤਜ਼ਾਮ ਕੀਤਾ ਜਾ ਰਿਹਾ ਹੈ।
ਫੋਟੋ 1- ਸਤਿਨਾਮ ਸਿੰਘ ਬਾਠ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਤਰਨਤਾਰਨ।
ਫੋਟੋ 2- ਜਗਵਿੰਦਰ ਸਿੰਘ ਲਹਿਰੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ।