Extension of working hours of Sewa Kendra located at Tehsil Complex Tarn Taran – Deputy Commissioner

ਤਹਿਸੀਲ ਕੰਪਲੈਕਸ ਤਰਨ ਤਾਰਨ ਵਿਖੇ ਸਥਿਤ ਸੇਵਾ ਕੇਂਦਰ ਦੇ ਕੰਮ-ਕਾਜ (ਵਰਕਿੰਗ) ਸਮੇਂ ਵਿੱਚ ਵਾਧਾ-ਡਿਪਟੀ ਕਮਿਸ਼ਨਰ
ਸੇਵਾ ਕੇਂਦਰ ਲੋਕਾਂ ਦੀ ਸਹੂਲਤ ਲਈ ਸਵੇਰੇ 08 ਵਜੇ ਤੋਂ ਸ਼ਾਮ 08 ਵਜੇ ਤੱਕ ਰਹੇਗਾ ਖੁੱਲ੍ਹਾ
ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਵਧੇ ਹੋਏ ਸਮੇਂ ਦਾ ਲਾਹਾ ਲੈਣ ਦੀ ਅਪੀਲ
ਤਰਨ ਤਾਰਨ, 14 ਜੁਲਾਈ:
ਲੋਕਾਂ ਦੀ ਸਹੂਲਤ ਅਤੇ ਸਰਕਾਰੀ ਸੇਵਾਵਾਂ ਦੀ ਸੁਗਮ ਪ੍ਰਾਪਤੀ ਨੂੰ ਯਕੀਨੀ ਬਣਾਉਂਦਿਆਂ, ਤਹਿਸੀਲ ਕੰਪਲੈਕਸ ਤਰਨ ਤਾਰਨ ਵਿਖੇ ਸਥਿਤ ਸੇਵਾ ਕੇਂਦਰ ਦੇ ਕੰਮ-ਕਾਜ (ਵਰਕਿੰਗ) ਸਮੇਂ ਵਿੱਚ ਵਾਧਾ ਕੀਤਾ ਗਿਆ ਹੈ। ਹੁਣ ਇਹ ਸੇਵਾ ਕੇਂਦਰ (14 ਜੁਲਾਈ) ਤੋਂ ਸਵੇਰੇ 08 ਵਜੇ ਤੋਂ ਸ਼ਾਮ 08 ਵਜੇ ਤੱਕ, ਲਗਾਤਾਰ 12 ਘੰਟੇ ਖੁੱਲ੍ਹਾ ਰਹੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਨੇ ਦੱਸਿਆ ਕਿ ਇਹ ਫ਼ੈਸਲਾ ਆਮ ਲੋਕਾਂ ਦੀ ਰਾਇ ਅਤੇ ਉਨ੍ਹਾਂ ਦੇ ਰੋਜ਼ਾਨਾ ਰੁਝੇਵਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਜਿਨ੍ਹਾਂ ਲੋਕਾਂ ਨੂੰ ਦਿਨ ਦੌਰਾਨ ਕੰਮ ਕਾਰਨ ਜਾਂ ਹੋਰ ਕਾਰਨਾਂ ਕਰਕੇ ਸੇਵਾ ਕੇਂਦਰ ਆਉਣ ਵਿੱਚ ਮੁਸ਼ਕਲ ਹੁੰਦੀ ਸੀ, ਉਹ ਹੁਣ ਸਵੇਰੇ ਜਾਂ ਸ਼ਾਮ ਨੂੰ ਵੀ ਆਪਣਾ ਕੰਮ ਕਰਵਾ ਸਕਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੇਵਾ ਕੇਂਦਰ ‘ਤੇ ਆਉਣ ਵਾਲੇ ਨਾਗਰਿਕਾਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ। ਇਸ ਕਰਕੇ ਅਧਿਕਾਰੀ ਕੰਮ-ਕਾਜ (ਵਰਕਿੰਗ) ਸਮੇਂ ਨੂੰ ਵਧਾ ਕੇ ਇਨ੍ਹਾਂ ਸੇਵਾਵਾਂ ਦੀ ਪਹੁੰਚ ਹੋਰ ਵੀ ਆਸਾਨ ਅਤੇ ਸੁਚੱਜਾ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਜਨ-ਕੇਂਦਰਿਤ ਸਰਕਾਰ ਦੀ ਨੀਤੀ ਤਹਿਤ ਹਮੇਸ਼ਾ ਇਹ ਯਤਨ ਰਹਿੰਦਾ ਹੈ ਕਿ ਲੋਕਾਂ ਨੂੰ ਘਰ ਦੇ ਨੇੜੇ ਤੇ ਘੱਟ ਸਮੇਂ ‘ਚ ਉਚਿੱਤ ਸਰਵਿਸ ਮਿਲੇ।
ਸੇਵਾ ਕੇਂਦਰਾਂ ਰਾਹੀਂ ਅਜਿਹੀਆਂ ਅਨੇਕਾਂ ਸਰਕਾਰੀ ਸੇਵਾਵਾਂ ਜਿਵੇਂ ਕਿ ਆਧਾਰ ਕਾਰਡ,ਜਨਮ-ਮੌਤ, ਜਾਤੀ,ਆਮਦਨ, ਰਿਹਾਇਸ਼ ਪ੍ਰਮਾਣ ਪੱਤਰ,ਮੈਰਿਜ ਸਰਟੀਫਿਕੇਟ, ਪੈਨਸ਼ਨ ਸਬੰਧੀ ਸੇਵਾਵਾਂ ਆਦਿ ਵਰਗੀਆਂ 445 ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਹੁਣ ਨਵੀਂ ਸਮਾਂ-ਸੂਚੀ ਅਨੁਸਾਰ ਲੋਕ ਆਪਣੇ ਕੰਮ ਦੇ ਸਮੇਂ ਤੋਂ ਬਾਅਦ ਵੀ ਆਸਾਨੀ ਨਾਲ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਣਗੇ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਧੇ ਹੋਏ ਸਮੇਂ ਦਾ ਪੂਰਾ ਲਾਭ ਲੈਣ ਅਤੇ ਕਿਸੇ ਵੀ ਜਾਣਕਾਰੀ ਲਈ ਸੇਵਾ ਕੇਂਦਰ ‘ਤੇ ਸਿੱਧਾ ਸੰਪਰਕ ਕਰਨ।