Soil health weakens due to decrease in the number of organic matter and microorganisms: Dr. Bhupinder Singh AO

ਜੈਵਿਕ ਮਾਦਾ ਅਤੇ ਸੂਖਮ ਜੀਵਾਂ ਦੀ ਗਿਣਤੀ ਘਟਣ ਨਾਲ ਮਿੱਟੀ ਦੀ ਸਿਹਤ ਕਮਜ਼ੋਰ ਹੋ ਜਾਂਦੀ ਹੈ: ਡਾ ਭੁਪਿੰਦਰ ਸਿੰਘ ਏਓ
ਸਬਸਿਡੀ ਤਹਿਤ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਫਿਜੀਕਲ ਵੈਰੀਫਿਕੇਸ਼ਨ 22 ਅਗਸਤ ਦਿਨ ਸ਼ੁਕਰਵਾਰ ਨੂੰ ਸਵੇਰੇ 10 ਵਜੇ ਕੀਤੀ ਜਾਵੇਗੀ
ਤਰਨ ਤਾਰਨ, 20 ਅਗਸਤ
ਡਿਪਟੀ ਕਮਿਸ਼ਨਰ ਤਰਨ ਤਰਨ ਸ੍ਰੀ ਰਾਹੁਲ ਆਈ ਏ ਐਸ ਅਤੇ ਜ਼ਿਲ੍ਹਾ ਸਿਖਲਾਈ ਅਫਸਰ ਤਰਨ ਤਾਰਨ ਡਾ ਜਸਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਬਲਾਕ ਖੇਤੀਬਾੜੀ ਅਫਸਰ ,ਪੱਟੀ ਡਾ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਸ਼ਹੀਦ ਵਿਖੇ ਸਰਕਲ ਇੰਚਾਰਜ ਰਜਿੰਦਰ ਕੁਮਾਰ ਕੁਮਾਰ ਏ ਈ ਓ ਅਤੇ ਗੁਰਪ੍ਰੀਤ ਸਿੰਘ ਬੀ ਟੀ ਐਮ ਨੇ ਜਾਗਰੂਕਤਾ ਕੈਂਪ ਲਗਾਇਆ। ਇਸ ਮੌਕੇ ਮਾਹਿਰਾਂ ਨੇ ਕਿਹਾ ਕਿ ਧਰਤੀ ਦੀ ਬਨਾਵਟ ਅਤੇ ਇਸ ਵਿੱਚ ਪਾਈ ਜਾਣ ਵਾਲੀ ਜੈਵਿਕ ਸੰਪਤੀ ਦੇ ਮਹੱਤਵ ਬਾਰੇ ਜਾਣਕਾਰੀ ਨਾ ਹੋਣਾ ਸਾਡੀ ਇੱਕ ਬਹੁਤ ਵੱਡੀ ਕਮਜ਼ੋਰੀ ਹੈ।
ਇਹ ਇੱਕ ਪ੍ਰਮਾਣਿਕ ਸੱਚ ਹੈ, ਕਿ ਧਰਤੀ ਕੇਵਲ ਮਿੱਟੀ ਨਹੀਂ ਇਹ ਆਪਣੀ ਤਰ੍ਹਾਂ ਹੀ ਸੰਜੀਵ ਜਿਉਂਦੀ ਜਾਗਦੀ ਹੈ ਅਤੇ ਇਸ ਵਿੱਚ ਪਾਇਆ ਜਾਣ ਵਾਲਾ ਜੈਵਿਕ ਧਨ ਭਾਵ ਕਿ ਕਾਰਬਨਿਕ ਮਾਦਾ ਅਤੇ ਬਹੁਤ ਸਾਰੇ ਵੱਖ-ਵੱਖ ਤਰ੍ਹਾਂ ਦੇ ਸੂਖਮ ਜੀਵਾਣੂ ਇਸ ਦੀ ਜ਼ਿੰਦਗੀ ਦਾ ਆਧਾਰ ਹਨ। ਜਿਵੇਂ ਜਿਵੇਂ ਮਿੱਟੀ ਵਿੱਚ ਜੈਵਿਕ ਮਾਦਾ ਅਤੇ ਸੂਖਮ ਜੀਵਾਂ ਦੀ ਗਿਣਤੀ ਘਟਦੀ ਜਾਂਦੀ ਹੈ, ਤਿਵੇਂ ਤਿਵੇਂ ਮਿੱਟੀ ਕਮਜ਼ੋਰ ਹੋ ਜਾਂਦੀ ਹੈ। ਨਤੀਜਨ ਧਰਤੀ ਦੀ ਉਪਜਾਊ ਸ਼ਕਤੀ ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ ਅਤੇ ਇਹ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ।
ਜ਼ਮੀਨ ਨੂੰ ਹਮੇਸ਼ਾ ਲਈ ਉਪਜਾਊ ਬਣਾਏ ਰੱਖਣ ਲਈ ਕਿਸਾਨਾਂ ਨੂੰ ਚਾਹੀਦਾ ਹੈ, ਕਿ ਉਹ ਅਜਿਹੇ ਉੱਦਮ ਕਰਨ ਜਿਸ ਦੇ ਵਿੱਚ ਭੂਮੀ ਦੇ ਜੈਵਿਕ ਮਾਦੇ ਦਾ ਨਿਰੰਤਰ ਨਿਰਮਾਣ ਕਰਨਾ ਜਾਂ ਇਸ ਕੰਮ ਨੂੰ ਕਰਨ ਲਈ ਅਨੁਕੂਲ ਹਾਲਾਤ ਮੁੱਹਈਆ ਹੋ ਸਕਣ। ਇਸ ਉਦੇਸ਼ ਲਈ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ ਬੰਦ ਕਰਨਾ ਜਰੂਰੀ ਹੈ। ਫਸਲ ਲੈਣ ਤੋਂ ਬਾਅਦ ਫਸਲਾਂ ਦੀ ਰਹਿੰਦ-ਖੂੰਹਦ ਨੂੰ ਵਾਪਸ ਧਰਤੀ ਵਿੱਚ ਮਿਲਾ ਕੇ ਅਤੇ ਨਾਲ ਹੀ ਸਮੇਂ-ਸਮੇਂ ਤੇ ਹਰੀ ਖਾਦ ਨੂੰ ਖੇਤ ਵਿੱਚ ਮਿਲਾ ਕੇ ਜੈਵਿਕ ਮਾਦੇ ਦਾ ਲਗਾਤਾਰ ਨਿਰਮਾਣ ਸੰਭਵ ਹੈ।
ਇਸ ਮੌਕੇ ਜਾਣਕਾਰੀ ਦਿੱਤੀ ਗਈ ਕਿ ਸਬਸਿਡੀ ਤਹਿਤ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਫਿਜੀਕਲ ਵੈਰੀਫਿਕੇਸ਼ਨ 22 ਅਗਸਤ ਦਿਨ ਸ਼ੁਕਰਵਾਰ ਨੂੰ ਸਵੇਰੇ 10 ਵਜੇ ਦਾਣਾ ਮੰਡੀ ਨੇੜੇ ਬਲਾਕ ਖੇਤੀਬਾੜੀ ਦਫਤਰ ਪੱਟੀ ਕੀਤੀ ਜਾਵੇਗੀ । ਇਸ ਦੌਰਾਨ ਕਿਸਾਨਾਂ ਨੂੰ ਪੀ ਐਮ ਕਿਸਾਨ ਸਨਮਾਨ ਨਿਧੀ ਯੋਜਨਾ ਸਬੰਧੀ ਆ ਰਹੀ ਮੁਸ਼ਕਲਾਂ ਦਾ ਹੱਲ ਕੀਤਾ ਗਿਆ। ਇਸ ਮੌਕੇ ਸਰਪੰਚ ਮਨਦੀਪ ਸਿੰਘ , ਨਵਦੀਪ ਸਿੰਘ ਘਰਿਆਲਾ, ਰਜਿੰਦਰ ਸਿੰਘ, ਦਵਿੰਦਰ ਸਿੰਘ ਧਰਮ ਸਿੰਘ ਮੈਂਬਰ ਪੰਚਾਇਤ, ਬਲਰਾਜ ਸਿੰਘ ਖੇਤੀ ਉਪ ਨਿਰੀਖਕ, ਦਿਲਬਾਗ ਸਿੰਘ ਫੀਲਡ ਵਰਕਰ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ ਗਈ।