Keeping in mind the flood situation, the Health Department has set up medical camps in the affected areas.

ਹੜ੍ਹਾਂ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਵੱਲੋਂ ਪ੍ਰਭਾਵਿਤ ਖੇਤਰਾਂ ਵਿੱਚ ਲਗਾਏ ਗਏ ਮੈਡੀਕਲ ਕੈਂਪ
ਸਿਹਤ ਵਿਭਾਗ ਵੱਲੋਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਮੁਕੰਮਲ- ਸਿਵਲ ਸਰਜਨ
ਤਰਨ ਤਾਰਨ, 01 ਸਤੰਬਰ :
ਜਿਲ੍ਹੇ ਵਿਚ ਚੱਲ ਰਹੀ ਹੜ੍ਹਾਂ ਵਰਗੀ ਸਥਿਤੀ ਨੂੰ ਦੇਖਦਿਆਂ ਹੋਇਆਂ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ ਅਤੇ ਵਿਭਾਗ ਵੱਲੋਂ ਪ੍ਰਭਾਵਿਤ ਖੇਤਰਾਂ ਵਿੱਚ ਜਾ ਕੇ ਲਗਾਤਾਰ ਮੈਡੀਕਲ ਕੈਂਪਾਂ ਦੌਰਾਨ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਸਿਹਤ ਮੰਤਰੀ ਡਾ: ਬਲਬੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਆਈ. ਏ. ਐਸ. ਵੱਲੋਂ ਪ੍ਰਾਪਤ ਹੋਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਿਹਤ ਵਿਭਾਗ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਲਗਾਤਾਰ ਵਿਸ਼ੇਸ਼ ਮੈਡੀਕਲ ਕੈਂਪਾਂ ਰਾਹੀਂ ਪ੍ਰਭਾਵਿਤ ਲੋਕਾਂ ਨੂੰ ਸਾਰੀਆਂ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਚਾਰ ਬਲਾਕ, ਜਿੰਨਾਂ ਵਿੱਚ ਮੀਆਂਵਿੰਡ, ਸਰਹਾਲੀ, ਘਰਿਆਲਾ, ਖੇਮਕਰਨ, ਜਿੱਥੇ ਕਿ ਹੜ੍ਹਾਂ ਵਰਗੀ ਸਥਿਤੀ ਕਾਰਨ ਕਈ ਪਿੰਡਾਂ ਦੇ ਲੋਕ ਦਰਿਆਈ ਪਾਣੀ ਆਉਣ ਕਰਕੇ ਪ੍ਰਭਾਵਿਤ ਹੋਏ ਹਨ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ 08 ਰੈਪਿਡ ਰਿਸਪੌਂਸ ਟੀਮਾਂ, 08 ਮੋਬਾਈਲ ਟੀਮਾਂ, 14 ਐਂਬੂਲੈਂਸਾਂ (ਐਮਰਜੈਂਸੀ) ਤਾਇਨਾਤ ਕੀਤੀਆਂ ਗਈਆਂ ਹਨ ਜੋ ਕਿ ਤਰਤੀਬਵਾਰ 24 ਘੰਟੇ ਕੰਮ ਕਰ ਰਹੇ ਹਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਕਾਰਜਕਾਰੀ ਸਿਵਲ ਸਰਜਨ ਡਾ. ਸਤਵਿੰਦਰ ਕੁਮਾਰ ਭਗਤ ਨੇ ਕਿਹਾ ਕਿ ਹੜ੍ਹ ਪੀੜ੍ਹਤ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਸਥਿਤੀ ਨਾਲ ਨਜਿੱਠਣ ਲਈ ਭੋਜਨ ਬਣਾਉਣ ਅਤੇ ਭੋਜਨ ਖਾਣ ਸੰਬੰਧੀ ਸਾਫ਼ ਪਾਣੀ ਦੀ ਵਰਤੋਂ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਪਾਣੀ ਇਕੱਠਾ ਹੋਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਸਿਹਤ ਸੰਸਥਾਵਾਂ ਵਿਚ ਦਵਾਈਆਂ ਦੀ ਕੋਈ ਘਾਟ ਨਹੀਂ ਹੈ ਅਤੇ ਹੋਰ ਸਟਾਕ ਲਈ ਦਵਾਈਆਂ ਦੇ ਅਗਾਊਂ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਸੱਪ ਦੇ ਕੱਟਣ ਅਤੇ ਹੋਰ ਜ਼ਹਿਰੀਲੇ ਜਾਨਵਰਾਂ ਹਰ ਐਂਟੀ ਸਨੇਕ ਵੈਨਮ ਅਤੇ ਐਂਟੀ ਰੈਬਿਜ ਟੀਕੇ ਸਿਹਤ ਸੰਸਥਾਵਾਂ ਵਿੱਚ ਮੌਜੂਦ ਹਨ।
ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਸੁਰਿੰਦਰ ਕੁਮਾਰ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ-ਕਮ-ਨੋਡਲ ਅਫ਼ਸਰ ਡਾ. ਰਾਘਵ ਗੁਪਤਾ ਨੇ ਕਿਹਾ ਕਿ ਹੜ੍ਹਾਂ ਦੀ ਸਥਿਤੀ ਨੂੰ ਨਜਿੱਠਣ ਉਪਰੋਕਤ ਬਲਾਕਾਂ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਕਿ ਜੇਕਰ ਕੋਈ ਵਿਅਕਤੀ ਨੂੰ ਬੁਖਾਰ, ਦਸਤ, ਉਲਟੀਆਂ ਆਦਿ ਜਾਂ ਹੋਰ ਕੋਈ ਵੀ ਸਿਹਤ ਸੰਬੰਧੀ ਸਮੱਸਿਆਵਾਂ ਆਉਂਦੀਆਂ ਹਨ ਤਾਂ ਉਹ ਤੁਰੰਤ ਨਜ਼ਦੀਕੀ ਮੈਡੀਕਲ ਕੈਂਪ ਸਰਕਾਰੀ ਸਿਹਤ ਸੰਸਥਾਵਾਂ ਤੇ ਹਸਪਤਾਲਾਂ ਵਿਖੇ ਤੁਰੰਤ ਜਾ ਕੇ ਆਪਣਾ ਇਲਾਜ ਕਰਵਾਉਣ।