A special meeting was held by the Deputy Commissioner with the concerned officials to review the “Mera Ghar, Mere Naam” scheme in the district
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿੱਚ “ਮੇਰਾ ਘਰ, ਮੇਰੇ ਨਾਮ” ਸਕੀਮ ਦਾ ਜਾਇਜ਼ਾ ਲੈਣ ਲਈ ਸਬੰਧਿਤ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ
ਸਮੂਹ ਮਾਲ ਅਧਿਕਾਰੀਆਂ ਨੂੰ ਕੰਮ `ਚ ਤੇਜ਼ੀ ਲਿਆਉਣ ਦੇ ਦਿੱਤੇ ਦਿਸ਼ਾ-ਨਿਰਦੇਸ਼
ਤਰਨ ਤਾਰਨ, 20 ਦਸੰਬਰ :
ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਪੇਂਡੂ ਇਲਾਕਿਆਂ `ਚ ਲਾਲ ਲਕੀਰ/ਆਬਾਦੀ ਦੇਹ ਦੇ ਖੇਤਰਾਂ ਵਿੱਚ ਵਸਨੀਕਾਂ ਨੂੰ ਉਨ੍ਹਾਂ ਦੀ ਜਾਇਦਾਦ ਦਾ ਕਾਨੂੰਨੀ ਮਾਲਕਾਨਾ ਹੱਕ ਦੇਣ ਲਈ “ਮੇਰਾ ਘਰ, ਮੇਰੇ ਨਾਮ” ਕੇਂਦਰ ਸਰਕਾਰ ਦੀ ਸਵਾਮੀਤਵ ਯੋਜਨਾ ਨੂੰ ਜੰਗੀ ਪੱਧਰ `ਤੇ ਲਾਗੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸਬੰਧਿਤ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ “ਮੇਰਾ ਘਰ, ਮੇਰੇ ਨਾਮ” ਯੋਜਨਾ ਦਾ ਲਾਭ ਦੇਣ ਲਈ ਜ਼ਿਲ੍ਹਾ ਤਰਨ ਤਾਰਨ ਦੇ ਲਾਲ ਲਕੀਰ ਤਹਿਤ ਆਉਂਦੇ 460 ਪਿੰਡਾਂ ਨੂੰ ਅਧਿਸੂਚਿਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਪਿੰਡ ਦਾ ਡਰੋਨ ਸਰਵੇਖਣ ਸਰਵੇ ਆਫ਼ ਇੰਡੀਆ, ਭਾਰਤ ਸਰਕਾਰ ਨੂੰ ਭੇਜਿਆ ਜਾਂਦਾ ਹੈ। ਉਸ ਨੂੰ ਅਧਿਕਾਰੀਆਂ/ਕਰਮਚਾਰੀਆਂ ਵਲੋਂ ਸਰਵੇ ਆਫ਼ ਇੰਡੀਆ ਵਲੋਂ ਮੁਹੱਈਆ ਕਰਵਾਏ ਨਕਸ਼ੇ ਵਿੱਚ ਦਿਖਾਏ ਯੂਨਿਟਾਂ ਦੀ ਜ਼ਮੀਨੀ ਪੱਧਰ `ਤੇ ਪੜਤਾਲ (ਗਰਾਊਂਡ ਟਰੁਥਿੰਗ ਕੀਤੀ ਜਾਂਦੀ ਹੈ ਅਤੇ ਉਸ ਉਪਰੰਤ ਠੀਕ ਹੋ ਕੇ ਆਏ ਨਕਸ਼ੇ ਨੂੰ ਪਿੰਡ ਵਿਚ ਸਾਂਝੇ ਸਥਾਨ `ਤੇ ਲਗਾ ਕੇ 90 ਦਿਨਾਂ ਦੇ ਅੰਦਰ ਇਤਰਾਜ਼ਾਂ ਦੀ ਮੰਗ ਕੀਤੀ ਜਾਂਦੀ ਹੈ। ਇਤਰਾਜ ਦੂਰ ਹੋਣ ਉਪਰੰਤ ਇਸ ਨੂੰ ਦੁਬਾਰਾ ਸਰਵੇ ਆਫ਼ ਇੰਡੀਆ ਨੂੰ ਭੇਜਿਆ ਜਾਂਦਾ ਹੈ, ਜਿਥੇ ਅੰਤਿਮ ਰੂਪ ਵਿਚ ਮਾਲਕਾਨਾ ਕਾਨੂੰਨੀ ਹੱਕ ਦੇਣ ਦਾ ਨਿਪਟਾਰਾ ਹੁੰਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਹੁਣ ਤੱਕ 128 ਪਿੰਡਾਂ ਦਾ ਡਰੋਨ ਸਰਵੇਖਣ ਕੀਤਾ ਜਾ ਚੁੱਕਾ ਹੈ, ਜਿਸ ਦੀ ਗਰਾਊਂਡ ਟਰੁਥਿੰਗ ਤੋਂ ਬਾਅਦ ਇਤਰਾਜ਼ ਮੰਗ ਕੇ ਅੰਤਿਮ ਰੂਪ ਦੇਣ ਲਈ ਸਰਵੇ ਆਫ਼ ਇੰਡੀਆ ਨੂੰ ਭੇਜਿਆ ਜਾਵੇਗਾ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਕੰਮ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ, ਤਾਂ ਜੋ ਸਾਰੇ ਨੋਟੀਫਾਈ ਪਿੰਡਾਂ ਵਿਚ ਕੰਮ ਸੁਚੱਜੇ ਢੰਗ ਨਾਲ ਜਲਦ ਮੁਕੰਮਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਚਲਾਈ ਜਾ ਰਹੀ “ਮੇਰਾ ਘਰ, ਮੇਰੇ ਨਾਮ” ਸਕੀਮ ਯੋਜਨਾਬੰਦੀ ਅਤੇ ਮਾਲੀਆ ਉਗਰਾਹੀ ਨੂੰ ਸੁਚਾਰੂ ਬਣਾਉਣ ਵਿਚ ਸਹਾਈ ਸਾਬਤ ਹੋਵੇਗੀ, ਇਸੇ ਤਰ੍ਹਾਂ ਇਹ ਪੇਂਡੂ ਹਲਕਿਆਂ ਵਿਚ ਜਾਇਦਾਦ ਦੇ ਅਧਿਕਾਰਾਂ ਬਾਰੇ ਸਪੱਸ਼ਟਤਾ ਨੂੰ ਯਕੀਨੀ ਬਣਾਏਗੀ, ਜਿਸ ਨਾਲ ਜਾਇਦਾਦ ਸਬੰਧੀ ਵਿਵਾਦ ਨੂੰ ਸੁਲਝਾਉਣ ਵਿੱਚ ਮੱਦਦ ਮਿਲੇਗੀ।
ਉਹਨਾਂ ਕਿਹਾ ਕਿ ਇਸ ਸਕੀਮ ਤਹਿਤ ਲਾਲ ਲਕੀਰ ਅੰਦਰ ਆਉਂਦੀ ਜਾਇਦਾਦ ਦੇ ਮਾਲਕ ਕਾਨੂੰਨੀ ਤੌਰ `ਤੇ ਆਪਣੀ ਜਾਇਦਾਦ ਦੇ ਦਸਤਾਵੇਜ਼ ਪ੍ਰਾਪਤ ਕਰਨ ਦੇ ਹੱਕਦਾਰ ਹੋਣਗੇ, ਜਿਸ ਨਾਲ ਉਨ੍ਹਾਂ ਨੂੰ ਆਪਣੀ ਜਾਇਦਾਦ ਦੀ ਖਰੀਦ-ਵੇਚ ਅਤੇ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਵਿਚ ਕੋਈ ਔਕੜ ਨਹੀਂ ਆਵੇਗੀ।
ਇਸ ਮੌਕੇ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਸਿਮਰਨਦੀਪ ਸਿੰਘ, ਐੱਸ. ਡੀ. ਐੱਮ. ਪੱਟੀ ਸ੍ਰੀ ਰਾਜੇਸ਼ ਸ਼ਰਮਾ ਅਤੇ ਜ਼ਿਲ੍ਹਾ ਮਾਲ ਅਫ਼ਸਰ ਤਰਨ ਤਾਰਨ ਸ੍ਰੀ ਸਰਬਜੀਤ ਸਿੰਘ ਤੋਂ ਇਲਾਵਾ ਸਮੂਹ ਮਾਲ ਅਧਿਕਾਰੀ ਤੇ ਪਟਵਾਰੀ ਹਾਜ਼ਰ ਸਨ।