Approved quality seeds should be sold: Dr. Bhupinder Singh AO

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਖੇਤੀ ਬੀਜ਼ ਡੀਲਰਾਂ ਦੀ ਮੀਟਿੰਗ ਦਾ ਆਯੋਜਨ
ਮਨਜ਼ੂਰ ਸ਼ੁਦਾ ਮਿਆਰੀ ਬੀਜ ਵਿਕਰੀ ਕੀਤੇ ਜਾਣ : ਡਾ ਭੁਪਿੰਦਰ ਸਿੰਘ ਏ ਓ
ਝੋਨੇ ਦੀ ਕਵਾਲਟੀ ਅਤੇ ਪਾਣੀ ਦੀ ਬੱਚਤ ਲਈ ਪਨੀਰੀ ਦੀ ਬਿਜਾਈ ਮਈ ਦੇ ਦੂਜੇ ਪੰਦਰਵਾੜੇ ਕਰਨਾ ਲਾਹੇਵੰਦ
ਖੇਤੀ ਵਿੱਚ ਮਿਆਰੀ ਬੀਜਾਂ ਦੀ ਉਪਲੱਬਧਤਾ ਨਾਲ ਉਤਪਾਦਨ ਅਤੇ ਆਮਦਨ ਵਿੱਚ ਹੁੰਦਾਂ ਹੈ ਵਾਧਾ
ਤਰਨ ਤਾਰਨ, 25 ਅਪ੍ਰੈਲ
ਮੁੱਖ ਖੇਤੀਬਾੜੀ ਅਫਸਰ, ਤਰਨਤਾਰਨ ਡਾ ਜਸਵਿੰਦਰ ਸਿੰਘ ਦੇ ਦਿਸ਼ਾ- ਨਿਰਦੇਸ਼ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ , ਬਲਾਕ ਪੱਟੀ ਨੇ ਖੇਤੀ ਬੀਜ ਡੀਲਰਾਂ ਦੀ ਮੀਟਿੰਗ ਦਾ ਆਯੋਜਨ ਕੀਤਾ। ਇਸ ਮੌਕੇ ਬਲਾਕ ਖੇਤੀਬਾੜੀ ਅਫਸਰ, ਪੱਟੀ ਡਾ ਭੁਪਿੰਦਰ ਸਿੰਘ, ਗੁਰਬਰਿੰਦਰ ਸਿੰਘ ਏ ਡੀ ਓ ਅਤੇ ਦਇਆਪ੍ਰੀਤ ਸਿੰਘ ਏ ਈ ਓ ਨੇ ਡੀਲਰਾਂ ਨੂੰ ਮੀਟਿੰਗ ਦੌਰਾਨ ਕਿਹਾ ਕਿ ਖੇਤੀ ਵਿੱਚ ਬੀਜ਼ਾਂ ਦਾ ਬਹੁਤ ਮਹੱਤਵ ਹੈ। ਜੇਕਰ ਬੀਜ ਵਧੀਆ ਹੋਵੇਗਾ, ਤਾਂ ਉਪਜ ਵਧੀਆ ਹੋਵੇਗੀ ਅਤੇ ਕਿਸਾਨ ਦੀ ਹੱਡ ਭੰਨ ਵੀ ਮਿਹਨਤ ਦਾ ਪੂਰਾ ਮੁੱਲ ਪਵੇਗਾ।
ਖੇਤੀ ਲਈ ਵਧੀਆ ਬੀਜਾਂ ਦੀ ਉਪਲੱਬਧਤਾ ਨਾਲ ਉਤਪਾਦਨ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਣ ਦੇ ਨਾਲ-ਨਾਲ ਦੇਸ਼ ਦੀ ਅਰਥ ਵਿਵਸਥਾ ਨੂੰ ਲਾਭ ਹੁੰਦਾ ਹੈ। ਕਿਉਂ ਜੋ ਜਿਆਦਾਤਰ ਕਿਸਾਨ ਬੀਜ ਦੀ ਲੋੜ ਨੂੰ ਪੂਰਾ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਇਲਾਵਾ ਖੇਤੀ ਇਨਪੁਟ ਡੀਲਰਾਂ ਤੇ ਨਿਰਭਰ ਕਰਦੇ ਹਨ। ਇਸ ਲਈ ਜ਼ਰੂਰੀ ਹੈ, ਕਿ ਲਾਇਸੰਸ ਹੋਲਡਰ ਡੀਲਰ ਸਰਕਾਰ ਦੁਆਰਾ ਮਨਜ਼ੂਰ ਸ਼ੁਦਾ ਮਿਆਰੀ ਬੀਜ਼ ਹੀ ਕਿਸਾਨਾਂ ਨੂੰ ਵਿਕਰੀ ਕਰਨਾ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੈ, ਜੇਕਰ ਡੀਲਰ ਸਰਕਾਰ ਦੁਆਰਾ ਤਸਦੀਕ ਸ਼ੁਦਾ ਬੀਜ਼ ਲਾਇਸੰਸ ਵਿੱਚ ਦਰਜ ਕਰਾਉਣ ਉਪਰੰਤ ਸਬੰਧਤ ਖਰੀਦ ਏਜੰਸੀ ਤੋਂ ਬਿੱਲ ਤੇ ਖਰੀਦ ਕਰਨ ਅਤੇ ਵਿਕਰੀ ਕਰਨ ਮੌਕੇ ਸਬੰਧਤ ਬੀਜ਼ ਦਾ ਬਿੱਲ ਖਰੀਦਦਾਰ ਨੂੰ ਦੇਣ।
ਇਸ ਮੌਕੇ ਉਹਨਾਂ ਕਿਹਾ ਕਿ ਪਿਛਲੇ ਸਾਲ ਝੋਨੇ ਵਿੱਚ ਆਈ ਨਮੀਂ ਅਤੇ ਪਰਾਲੀ ਪ੍ਰਬੰਧਨ ਲਈ ਮਿਲਦੇ ਘੱਟ ਸਮੇਂ ਦੀ ਮੁਸ਼ਕਿਲ ਨੂੰ ਮੁੱਖ ਰੱਖਦਿਆਂ ਹੋਇਆ, ਇਸ ਸਾਲ ਜ਼ਿਲ੍ਹਾ ਤਰਨ ਤਾਰਨ ਵਿੱਚ 5 ਜੂਨ ਤੋਂ ਝੋਨੇ ਦੀ ਲਵਾਈ ਦਾ ਨੋਟੀਫਿਕੇਸ਼ਨ ਕੀਤਾ ਹੈ। ਇਸ ਲਈ ਸਮੂਹ ਡੀਲਰ ਸੰਬੰਧਿਤ ਕਿਸਾਨਾਂ ਨੂੰ ਝੋਨੇ ਦੀ ਕੁਆਲਿਟੀ ਅਤੇ ਪਾਣੀ ਦੀ ਬੱਚਤ ਲਈ ਪਨੀਰੀ ਦੀ ਬਿਜਾਈ ਮਈ ਦੇ ਦੂਜੇ ਪੰਦਰਵਾੜੇ ਵਿੱਚ ਕਰਨ ਲਈ ਜਾਗਰੂਕ ਕਰਨ ਤਾਂ ਜੋ ਕੋਈ ਵੀ ਕਿਸਾਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਲਵਾਈ 5 ਜੂਨ ਤੋਂ ਪਹਿਲਾਂ ਨਾ ਕਰੇ। ਨਾਲ ਹੀ ਨਾਲ ਉਹਨਾਂ ਸਮੂਹ ਡੀਲਰਾਂ ਤੋ ਆਸ ਕਰਦਿਆਂ ਹਦਾਇਤ ਕੀਤੀ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਘੱਟ ਸਮਾਂ ਲੈਣ ਵਾਲੀਆਂ ਪਰਮਲ ਦੀਆਂ ਕਿਸਮਾਂ ਨੂੰ ਹੀ ਉਤਸਾਹਿਤ ਤੇ ਵਿਕਰੀ ਕੀਤਾ ਜਾਵੇ ਅਤੇ ਵੱਧ ਪਾਣੀ ਅਤੇ ਵੱਧ ਸਮਾਂ ਲੈਣ ਵਾਲੀ ਪੂਸਾ 44 ਦੀ ਵਿਕਰੀ ਨਾ ਕੀਤੀ ਜਾਵੇ।
ਉਨਾਂ ਕਿਹਾ ਕਿ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਜਿਨ੍ਹਾਂ ਦੀ ਮੰਡੀਕਰਨ ਵਿੱਚ ਮੁਸ਼ਕਲ ਆਉਂਦੀ ਹੈ, ਉਨ੍ਹਾਂ ਦੀ ਵਿਕਰੀ ਵੀ ਨਾਂ ਕੀਤੀ ਜਾਵੇ। ਇਸ ਮੌਕੇ ਇਲਾਕੇ ਦੇ ਵੱਖ-ਵੱਖ ਡੀਲਰਾਂ ਨੇ ਸਹਿਯੋਗ ਦਾ ਵਿਸ਼ਵਾਸ ਦਿਵਾਉਂਦਿਆਂ ਸੁਝਾਅ ਅਤੇ ਮੁਸ਼ਕਲਾਂ ਸਾਂਝੀਆਂ ਕੀਤੀਆਂ। ਮੀਟਿੰਗ ਦਾ ਆਯੋਜਨ ਦੌਰਾਨ ਖੇਤੀ ਉਪ ਨਿਰੀਖਕ ਨਿਸ਼ਾਨ ਸਿੰਘ, ਬਲਰਾਜ ਸਿੰਘ, ਗੁਰਸਿਮਰਨ ਸਿੰਘ, ਰਣਜੀਤ ਸਿੰਘ, ਫੀਲਡ ਵਰਕਰ ਦਿਲਬਾਗ ਸਿੰਘ ਗੁਰਲਾਲ ਸਿੰਘ ਨੇ ਸਹਿਯੋਗ ਕੀਤਾ।