Close

Asha workers conducting door to door survey from town to village level under “Door to Door Monitoring” campaign – Deputy Commissioner

Publish Date : 22/06/2020

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
“ਘਰ-ਘਰ ਨਿਗਰਾਨੀ” ਮੁਹਿੰਮ ਤਹਿਤ ਆਸ਼ਾ ਵਰਕਰਾਂ ਵੱਲੋਂ ਸ਼ਹਿਰ ਤੋਂ ਲੈ ਕੇ ਪਿੰਡ ਪੱਧਰ ਤੱਕ ਘਰ-ਘਰ ਜਾ ਕੇ ਕੀਤਾ ਜਾ ਰਿਹਾ ਸਰਵੇਖਣ-ਡਿਪਟੀ ਕਮਿਸ਼ਨਰ
ਜ਼ਿਲ੍ਹੇ ਪੱਧਰ ‘ਤੇ 30 ਸਾਲ ਤੱਕ ਦੇ 51,413 ਲੋਕਾਂ ਦਾ ਕੀਤਾ ਜਾ ਚੁੱਕਾ ਸਰਵੇ
ਸਰਵੇ ਦੌਰਾਨ ਖਾਂਸੀ, ਬੁਖਾਰ ਦੇ ਲੱਛਣ ਜਾਣ ‘ਤੇ ਕੀਤਾ ਜਾਵੇਗਾ ਕੋਰੋਨਾ ਟੈੱਸਟ-ਸਿਵਲ ਸਰਜਨ
ਤਰਨ ਤਾਰਨ, 22 ਜੂਨ :
 “ਮਿਸ਼ਨ ਫਤਿਹ” ਅਧੀਨ “ਘਰ-ਘਰ ਨਿਗਰਾਨੀ” ਮੁਹਿੰਮ ਤਹਿਤ ਮੋਬਾਇਲ ਐੱਪ ਰਾਹੀਂ ਜ਼ਿਲ੍ਹਾ ਤਰਨ ਤਾਰਨ ਦੀਆਂ ਆਸ਼ਾ ਵਰਕਰਾਂ ਵੱਲੋਂ ਸ਼ਹਿਰ ਤੋਂ ਲੈ ਕੇ ਪਿੰਡ ਪੱਧਰ ਤੱਕ ਸਮਾਰਟ ਫੋਨ ਰਾਹੀਂ ਘਰ-ਘਰ ਜਾ ਕੇ ਸਰਵੇਖਣ ਕੀਤਾ ਜਾ ਰਿਹਾ ਹੈ।ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਪੱਧਰ ‘ਤੇ 30 ਸਾਲ ਤੱਕ ਦੇ 51,413 ਲੋਕਾਂ ਦਾ ਸਰਵੇ ਕੀਤਾ ਜਾ ਚੁੱਕਿਆ ਹੈ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਕੀਤੇ ਗਏ ਸਰਵੇ ਦੌਰਾਨ 51,266 ਲੋਕੀ ਠੀਕ ਪਾਏ ਗਏ ਹਨ ਅਤੇ 147 ਲੋਕਾਂ ਨੂੰ ਬੁਖ਼ਾਰ ਅਤੇ ਖ਼ਾਸੀ ਦੇ ਲੱਛਣ ਪਾਏ ਗਏ।ਉਹਨਾਂ ਦੱਸਿਆ ਹੁਣ ਤੱਕ ਜ਼ਿਲ੍ਹੇ ਦੇ 352 ਪਿੰਡ ਕਵਰ ਕੀਤੇ ਗਏ ਹਨ। ਇਸ ਤੋਂ ਇਲਾਵਾ ਸ਼ਹਿਰੀ ਖੇਤਰ ਦੇ 53 ਵਾਰਡਾਂ ਵਿੱਚ ਵੀ ਸਰਵੇ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਤੋਂ ਇਲਾਵਾ ਫਲੂ ਕਾਰਨਰ ’ਤੇ ਜਿੰਨੇ ਵੀ ਮਰੀਜ਼ ਆਉਂਦੇ ਹਨ, ਉਨਾਂ ਦੇ ਨਾਲ ਆਏ ਵਿਅਕਤੀਆਂ ਦੀ ਵੀ ਸਕਰੀਨਿੰਗ ਕੀਤੀ ਜਾਵੇ।ਉਨਾਂ ਕਿਹਾ ਕਿ ਕੋਰੋਨਾ ਦੇ ਸ਼ੱਕੀ ਮਰੀਜ਼ਾਂ, ਕੁਆਰੰਟੀਨ ਕੀਤੇ ਗਏ ਵਿਅਕਤੀਆਂ, ਟ੍ਰੈਵਲਰਸ ਆਦਿ ਦੇ ਫੋਨਾਂ ’ਤੇ ਕੋਵਾ ਐਪ ਡਾੳੂਨਲੋਡ ਕਰਨਾ ਯਕੀਨੀ ਬਣਾਇਆ ਜਾਵੇ।
ਇਸ ਸੰਬੰਧ ਵਿੱਚ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਪਹਿਲਾ ਤੋਂ ਹਦਾਇਤਾਂ ਦਿੱਤੀਆਂ ਗਈਆ ਹਨ ਕਿ ਜਿੰਨ੍ਹਾਂ ਵਿੱਚ ਖਾਸੀ, ਬੁਖਾਰ ਦੇ ਲੱਛਣ ਪਾਏ ਜਾਂਦੇ ਹਨ, ਉਨ੍ਹਾਂ ਦਾ ਕੋਰੋਨਾ ਟੈੱਸਟ ਕੀਤੇ ਜਾਣਗੇ।ਉਨਾਂ ਕਿਹਾ ਕਿ ਆਸ਼ਾ ਵੱਲੋਂ ਹਾਊਸ-ਟੂ-ਹਾਊਸ ਸਰਵੇ ਦੌਰਾਨ ਜੇਕਰ ਕੋਈ ਵੀ ਵਿਅਕਤੀ ਦੂਸਰੇ ਸ਼ਹਿਰ ਜਾਂ ਸੂਬੇ ਤੋਂ ਪਿੰਡ ਦੀ ਹੱਦ ਪਾਰ ਕਰ ਕੇ ਅੰਦਰ ਦਾਖ਼ਲ ਹੋਇਆ ਹੈ, ਤਾਂ ਉਸ ਦੀ ਤੁਰੰਤ ਪਹਿਚਾਣ ਹੋ ਸਕੇਗੀ।
ਸਿਵਲ ਸਰਜਨ ਨੇ ਇਹ ਵੀ ਕਿਹਾ ਕਿ ਫੀਲਡ ਵਿਚ ਤਾਇਨਾਤ ਟੀਮਾਂ ਲੋਕਾਂ ਨੂੰ ਜਿੰਮੇਵਾਰ ਨਾਗਰਿਕ ਬਣਨ ਲਈ ਵੀ ਪ੍ਰੇਰਣ ਕਿ ਬਾਹਰੋਂ ਆਏ ਵਿਅਕਤੀ ਦੀ ਸੂਚਨਾ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਨੂੰ ਦਿੱਤੀ ਜਾਵੇ, ਤਾਂ ਜੋ ਉਸ ਦਾ ਮੁਆਇਨਾ ਕੀਤਾ ਜਾ ਸਕੇ ਅਤੇ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਬਾਹਰ ਦੇ ਸੂਬੇ, ਸ਼ਹਿਰ ਜਾਂ ਵਿਦੇਸ਼ ਤੋਂ ਆਏ ਵਿਅਕਤੀ ਨੂੰ 14 ਦਿਨ ਲਈ ਕੁਆਰੰਟਾਈਨ ਕੀਤਾ ਜਾਣਾ ਜ਼ਰੂਰੀ ਹੈ। ਜੇਕਰ ਲੱਛਣ ਆਉਣ ’ਤੇ ਸੈਂਪਲ ਰਿਪੋਰਟ ਪਾਜ਼ੀਟਿਵ ਆਉਂਦੀ ਹੈ ਤਾਂ ਉਸ ਨੂੰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਜਾਵੇਗਾ।
ਇਸ ਮੌਕੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਬਲਾਕਾਂ ਵਿਚ ਲੋਕਾਂ ਨੂੰ ਕੋਰੋਨਾ ਜਾਗਰੂਕਤਾ ਹਿੱਤ ਪੈਂਫਲਿਟ ਅਤੇ ਕੋਰੋਨਾ ਤੋਂ ਬਚਾਅ ਸਬੰਧੀ ਅਪੀਲ ਦੇ ਪੋਸਟਰ ਵੀ ਵੰਡੇ ਗਏ।ਇਸ ਮੌਕੇ ‘ਤੇ ਜ਼ਿਲ੍ਹਾ ਕਮਿਉਨਟੀ ਮੋਬਲਾਈਜ਼ਰ ਸੁਹਾਵਾ ਸਿੰਘ ਨੇ ਦੱਸਿਆ ਕਿ ਆਸ਼ਾ ਨੂੰ ਘਰ-ਘਰ ਸਰਵੇ ਕਰਨ ਦੌਰਾਨ ਸਰਕਾਰ ਦੁਆਰਾ ਬਣਦਾ ਭੱਤਾ ਦਿੱਤਾ ਜਾਵੇਗਾ ।
—————